ਆਈ.ਪੀ.ਐਲ. ਦੇ ਸੱਟੇ ਨਾਲ, ਸਟੋਰੀਏ ਹੋ ਰਹੇ ਮਾਲੋ-ਮਾਲ, ਲੋਕੀ ਹੁੰਦੇ ਜਾਣ ਕੰਗਾਲ
ਸ਼ਹਿਰ ਦੀ ਇੱਕ ਕੋਠੀ ਅਯਾਸ਼ੀ ਤੇ ਸੱਟੇ ਲਈ ਮਸ਼ਹੂਰ ਹੋ ਗਈ,,
ਉਦਯੋਗ ਗਰੁੱਪ ‘ਚ ਡਿਊਟੀ ਕਰਦੀ ਇੱਕ ਹਸੀਨਾਂ ਦੇ ਇਰਦ-ਗਿਰਦ ਘੁੰਮ ਰਿਹਾ ਸੱਟੇ ਦਾ ਕਾਰੋਬਾਰ
ਬਰਨਾਲਾ ਟੂਡੇ ਦੀ ਟੀਮ ਦੁਆਰਾ ਕੋਠੀ ਦੀਆਂ ਫੋਟੋਆਂ ਖਿੱਚਣ ਤੋਂ ਕੋਠੀ ਨੂੰ ਜਿੰਦਾ ਲਾ ਕੇ ਫੁਰਰ ਹੋਏ ਕਰਿੰਦੇ,,ਸੱਪ ਨਿੱਕਲ ਜਾਣ ਤੋਂ ਬਾਅਦ ਲਕੀਰ ਲੱਭਣ ਤੁਰੀ ਪੁਲਿਸ
ਹਰਿੰਦਰ ਨਿੱਕਾ/ ਮਨੀ ਗਰਗ ਬਰਨਾਲਾ 28 ਸਤੰਬਰ 2020
ਇਸ ਨੂੰ ਪੁਲਿਸ ਦੀ ਮਿਲੀਭੁਗਤ ਸਮਝੋ ਜਾਂ ਫਿਰ ਲਾਪਰਵਾਹੀ, ਸ਼ਹਿਰ ਅੰਦਰ ਆਈ.ਪੀ.ਐਲ. ਮੈਚਾਂ ਤੇ ਹਰ ਦਿਨ 50 / 60 ਲੱਖ ਰੁਪਏ ਦਾ ਸੱਟਾ ਸ਼ਰੇਆਮ ਚੱਲ ਰਿਹਾ ਹੈ । ਜਿਲ੍ਹੇ ਅੰਦਰ ਆਈ.ਪੀ.ਐਲ. ਦੇ 20 /20 ਮੈਚਾਂ ਤੇ ਕਰੋੜਾਂ ਰੁਪਏ ਦਾ ਧੰਦਾ ਕਰਨ ਵਾਲੇ ਨਿੱਕੂ ਗਰੁੱਪ ਦੀਆਂ ਜੜ੍ਹਾਂ ਇੱਨ੍ਹੀਆਂ ਡੂੰਘੀਆਂ ਤੇ ਦੂਰ ਦੂਰ ਤੱਕ ਫੈਲ ਚੁੱਕੀਆਂ ਹਨ ਕਿ ਬੇਖੌਫ ਚੱਲ ਰਹੇ ਇਸ ਕਾਲੇ ਕਾਰੋਬਾਰ ਨੂੰ ਠੱਲ੍ਹਣ ਲਈ ਕਿਸੇ ਪੁਲਿਸ ਅਧਿਕਾਰੀ ਦੀ ਹਿੰਮਤ ਹੀ ਨਹੀਂ ਪੈ ਰਹੀ। ਇਸ ਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਸੱਟੇ ਦਾ ਇਹ ਕਾਰੋਬਾਰ ਇਲਾਕੇ ਦੇ ਇੱਕ ਵੱਡੇ ਉਦਯੋਗਿਕ ਗਰੁੱਪ ਦੀ ਇੱਕ ਬੜੀ ਹਸੀਨ ਕਰਮਚਾਰੀ ਦੇ ਇਰਦ-ਗਿਰਦ ਹੀ ਘੁੰਮ ਰਿਹਾ ਹੈ। ਇਹ ਹਸੀਨਾਂ ਰਾਤ ਸਮੇਂ ਉਦਯੋਗ ‘ਚ ਡਿਊਟੀ ਦਿੰਦੀ ਹੈ ਅਤੇ ਪੂਰਾ ਦਿਨ ਆਈ.ਪੀ.ਐਲ ਐਲ. ਮੈਚਾਂ ਤੇ ਸੱਟਾ ਲਵਾਉਣ ਅਤੇ ਸੱਟੇ ਦੀ ਰਕਮ ਦਾ ਸੱਟੇਬਾਜਾਂ ਨੂੰ ਭੁਗਤਾਨ ਕਰਨ ਤੇ ਲਾਉਂਦੀ ਹੈ। ਸੋਮਵਾਰ ਨੂੰ ਜਦੋਂ ਬਰਨਾਲਾ ਟੂਡੇ ਦੀ ਟੀਮ ਸ਼ਰੇਆਮ ਚੱਲ ਰਹੇ ਇਸ ਧੰਦੇ ਦੀ ਤਹਿਕੀਕਾਤ ਕਰਨ ਲਈ ਪਹੁੰਚੀ ਤਾਂ ਇਸ ਦੀ ਭਿਣਕ ਸ਼ਹਿਰ ਦੀ ਸੰਘਣੀ ਅਬਾਦੀ ਅੰਦਰ ਸੱਟੇ ਦਾ ਅੱਡਾ ਬਣੀ ਕੋਠੀ ਦੀ ਛੱਤ ਤੇ ਨਿਗ੍ਹਾ ਰੱਖ ਰਹੇ ਕਰਿੰਦੇ ਨੂੰ ਵੀ ਲੱਗ ਗਈ। ਹਾਲਤ ਇਹ ਬਣ ਗਏ ਕਿ ਦੇਖਦੇ ਹੀ ਦੇਖਦੇ ਸਟੋਰੀਏ ਦੇ ਕੋਠੀ ‘ਚ ਮੌਜੂਦ ਕਰਿੰਦੇ ਕੋਠੀ ਨੂੰ ਜਿੰਦਾ ਲਾ ਕੇ ਕੰਪਿਊਟਰ ਤੇ ਐਲ.ਸੀ.ਡੀਜ ਲੈ ਕੇ ਉੱਥੋਂ ਖਿਸਕ ਗਏ। ਪਤਾ ਇਹ ਵੀ ਲੱਗਿਆ ਹੈ ਕਿ ਆਈ.ਪੀ.ਐਲ. ਤੇ ਲੱਗ ਰਹੇ ਸੱਟੇ ਬਾਰੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਜਾਣਕਾਰੀ ਸੀ, ਜਿੰਨ੍ਹਾਂ ਨੇ ਜਾਣੇ-ਅਣਜਾਣੇ ਵਿੱਚ ਉੱਥੇ ਛਾਪਾ ਮਾਰਨ ਵਿੱਚ ਇੱਨੀਂ ਦੇਰ ਕਰ ਦਿੱਤੀ ਕਿ ਸਟੋਰੀਆਂ ਨੂੰ ਆਪਣੇ ਕਾਰੋਬਾਰ ਦੀ ਥਾਂ ਬਦਲਣ ਦਾ ਮੌਕਾ ਮਿਲ ਗਿਆ।
3 ਵਰ੍ਹੇ ਪਹਿਲਾਂ ਵੀ ਸਿਟੀ ਪੁਲਿਸ ਨੇ ਕਾਬੂ ਕੀਤੇ ਸੀ ਇਹ ਸੱਟਾ ਕਿੰਗ
ਪੁਲਿਸ ਸੂਤਰਾਂ ਅਨੁਸਾਰ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਕਰੀਬ 3 ਸਾਲ ਪਹਿਲਾਂ ਵੀ ਆਈ.ਪੀ.ਐਲ. ਮੈਚਾਂ ਤੇ ਸੱਟਾ ਲਗਾਉਣ ਦੇ ਦੋਸ਼ ਵਿੱਚ ਹੁਣ ਧੰਦਾ ਚਲਾ ਰਹੇ ਬਹੁਤੇ ਦੋਸ਼ੀ ਗਿਰਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਤੁੰਨ ਦਿੱਤੇ ਸਨ। ਜਿੰਨ੍ਹਾਂ ਦੇ ਖਿਲਾਫ ਜਾਲੀ-ਫਰਜੀ ਦਸਤਾਵੇਜਾਂ ਦੇ ਅਧਾਰ ਤੇ ਮੋਬਾਇਲ ਸਿੰਮ ਲੈਣ ਅਤੇ ਮੈਚ ਦੀ ਜਿੱਤ ਹਾਰ ਅਤੇ ਖਿਡਾਰੀਆਂ ਦੀ ਪ੍ਰਫੌਰਮੈਂਸ ਤੇ ਸੱਟਾ ਲਵਾ ਕੇ ਦੋਗੁਣਾ ਰਾਸ਼ੀ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਕਰਨ ਦੇ ਦੋਸ਼ ਵਿੱਚ ਕੇਸ ਵੀ ਦਰਜ਼ ਕੀਤਾ ਗਿਆ ਸੀ।
ਸੱਟੇਬਾਜ਼ਾਂ ਦੀ ਖਿੱਚ ਦਾ ਕੇਂਦਰ ਬਣੀ ਹਸੀਨਾ
ਸੱਟੇਬਾਜਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ 25 ਕੁ ਵਰ੍ਹਿਆਂ ਦੀ ਇੱਕ ਹਸੀਨਾ ਬਣੀ ਹੋਈ ਹੈ। ਜਿਹੜੀ ਗ੍ਰਾਹਕਾਂ ਨੂੰ ਜਿੱਥੇ ਸੱਟਾ ਲਵਾਉਂਦੀ ਤੇ ਰਾਸ਼ੀ ਦਾ ਭੁਗਤਾਨ ਕਰਦੀ ਹੈ, ਉੱਥੇ ਹੀ ਉਹ ਡਾਂਸ ਕਰਕੇ ਗ੍ਰਾਹਕਾਂ ਦਾ ਮਨੋਰੰਜਨ ਵੀ ਕਰਦੀ ਹੈ। ਜਿਸ ਦੇ ਲੱਕ ਦੇ ਠੁਮਕਿਆਂ ਤੇ ਫਿਦਾ ਸ਼ਹਿਰ ਦੇ ਅਮੀਰਜਾਦੇ ਵੀ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਦੇ ਹਨ। ਅਜਿਹੇ ਅਮੀਰਜਾਦੇ ਸੱਟੇ ਤੋਂ ਇਲਾਵਾ ਵੀ ਰੰਗੀਨ ਮਿਜਾਜੀ ਦਾ ਸ਼ੌਕ ਵੀ ਪੂਰਾ ਕਰਦੇ ਹਨ। ਪ੍ਰਾਪਤ ਸੂਚਨਾ ਅਨੁਸਾਰ ਕ੍ਰਿਕਟ ਮੈਚਾਂ ਤੇ ਸੱਟਾ ਜਿੱਥੇ ਮੈਚ ਦੀ ਜਿੱਤ ਹਾਰ ਤੇ ਲੱਗ ਦਾ ਹੈ। ਉੱਥੇ ਹੀ ਮੈਚ ਵਿੱਚ ਵੱਖ ਵੱਖ ਖਿਡਾਰੀਆਂ ਦੀ ਰਹਿਣ ਵਾਲੀ ਕਾਰਗੁਜਾਰੀ ਤੇ ਵੀ ਲਾਇਆ ਜਾਂਦਾ ਹੈ। ਪਤਾ ਇਹ ਵੀ ਲੱਗਿਆ ਹੈ ਕਿ ਕੁਝ ਦਿਨਾਂ ਤੋਂ ਸੱਟੇ ਦਾ ਕਿੰਗ ਨਿੱਕੂ ਸੰਗਰੂਰ ਜਾ ਕੇ ਡੇਰਾ ਲਾ ਕੇ ਬੈਠ ਗਿਆ ਹੈ। ਤਾਂਕਿ ਪੁਲਿਸ ਦੀ ਕਿਸੇ ਸੰਭਾਵੀ ਕਾਰਵਾਈ ਤੋਂ ਬਚਿਆ ਜਾ ਸਕੇ।
ਐਸ.ਐਸ.ਪੀ. ਦਫਤਰ ਦੇ ਨਾਮ ਤੇ ਵਸੂਲੀ ਦੇ ਯਤਨ ਜਾਰੀ !
ਸੱਟੇ ਦੇ ਕਾਰੋਬਾਰ ਨਾਲ ਜੁੜੇ ਇੱਕ ਸਟੋਰੀਏ ਨੇ ਕਿਹਾ ਕਿ ਕੁਝ ਦਿਨਾਂ ਤੋਂ ਇੱਕ ਵਿਅਕਤੀ ਖੁਦ ਨੂੰ ਐਸ.ਐਸ.ਪੀ. ਦਫਤਰ ਦਾ ਇੱਕ ਕਰਮਚਾਰੀ ਦੱਸ ਕੇ 50 /50 ਹਜਾਰ ਰੁਪਏ ਦੀ ਵਸੂਲੀ ਲਈ ਸੱਟੇ ਵਾਲਿਆਂ ਤੇ ਫੋਨ ਕਰਕੇ ਦਬਾਅ ਵੀ ਬਣਾ ਰਿਹਾ ਹੈ। ਇਹ ਉਗਰਾਹੀ ਲਈ, ਇੱਕ ਮੋਬਾਇਲਾਂ ਦੀ ਦੁਕਾਨ ਵਾਲਾ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬਰਨਾਲਾ ਟੂਡੇ ਦੀ ਟੀਮ ਕੋਲ ਖੁਦ ਨੂੰ ਐਸ.ਐਸ.ਪੀ. ਦਫਤਰ ਦਾ ਕਰਮਚਾਰੀ ਹੋਣ ਦਾ ਦਾਅਵਾ ਕਰ ਰਹੇ ਪੁਲਿਸ ਕਰਮਚਾਰੀ ਦਾ ਮੋਬਾਇਲ ਨੰਬਰ ਅਤੇ ਉਸ ਦੀ ਰਿਕਾਰਡਿੰਗ ਵੀ ਹੈ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸੱਟੇਬਾਜਾਂ ਤੋਂ ਉਗਰਾਹੀ ਕਰਨ ਵਾਲਾ ਕਰਮਚਾਰੀ ਐਸ.ਐਸ.ਪੀ. ਦਫਤਰ ਵਿਖੇ ਤਾਇਨਾਤ ਨਹੀਂ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਆਲ੍ਹਾ ਅਧਿਕਾਰੀ ਮੋਬਾਇਲ ਫੋਨਾਂ ਤੇ ਲੱਗ ਰਹੇ ਸੱਟੇ ਦੇ ਧੰਦੇ ਨੂੰ ਨਕੇਲ ਪਾਉਣ ਵਿੱਚ ਕਾਮਯਾਬ ਹੁੰਦੇ ਹਨ ਜਾਂ ਸੱਟੇਬਾਜਾਂ ਨੂੰ ਇਸੇ ਤਰਾਂ ਖੁੱਲ੍ਹ ਜਾਰੀ ਰਹੇਗੀ।