ਹਾਲੇ ਤੱਕ ਵੱਡੇ ਨਸ਼ਾ ਤਸਕਰਾਂ ਦੀਆਂ ਉਸਰੀਆਂ ਇਮਾਰਤਾਂ ਵੱਲ ਨਹੀਂ ਹੋਇਆ ਪੀਲਾ ਪੰਜਾ…!
ਹਰਿੰਦਰ ਨਿੱਕਾ, ਬਰਨਾਲਾ 5 ਅਪ੍ਰੈਲ 2025
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆ ਖਿਲਾਫ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਲੂੰ ਅਮਲੀ ਜਾਮਾ ਪਹਿਣਾਉਣ ਲਈ ਅੱਜ ਫਿਰ ਇੱਕ ਪੁਲਿਸ ਦੀ ਵੱਡੀ ਧਾੜ, ਨਗਰ ਪੰਚਾਇਤ ਹੰਡਿਆਇਆ ਦੀ ਕਿਲਾ ਪੱਤੀ ਖੇਤਰ ਵਿੱਚ ਇੱਕ ਨਸ਼ਾ ਤਸਕਰ ਦਾ ਢਾਰਾ ਢਾਹੁਣ ਲਈ ਪਹੁੰਚ ਗਈ।
ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਵਿੱਚ ਮੌਜੂਦ ਰਹੀ ਵੱਡੀ ਸੰਖਿਆ ਵਿੱਚ ਪੁਲਿਸ ਦੀ ਸੁਰੱਖਿਆ ਛਤਰੀ ਓਹੜ ਕੇ ਨਗਰ ਪੰਚਾਇਤ ਦੇ ਈ.ਓ ਵਿਸ਼ਾਲਦੀਪ ਤੇ ਹੋਰ ਮੁਲਾਜਮਾਂ ਨੇ ਨਜਾਇਜ ਉਸਾਰੀ ਘੋਸ਼ਿਤ ਘਰ ਦਾ ਢਾਂਚਾ ਪੀਲੇ ਪੰਜਿਆਂ ਨਾਲ ਢਾਹ ਦਿੱਤਾ। ਇਸ ਮੌਕੇ ਕੁੱਝ ਔਰਤਾਂ ਨੇ ਇਸ ਕਾਰਵਾਈ ਦਾ ਵਿਰੋਧ ਕਰਨਾ ਚਾਹਿਆ, ਤਾਂ ਮਹਿਲਾ ਪੁਲਿਸ ਮੁਲਾਜਮ ਇੱਕ ਔਰਤ ਨੂੰ ਘੜੀਸ ਕੇ ਲੈ ਗਈ, ਉਹ ਚੀਖਦੀ ਰਹੀ, ਕਿ ਸਾਰੀ ਦੁਨੀਆਂ ਟੋਭੇ ਤੇ ਇਕੱਲੇ ਮੇਰੇ ਪੁੱਤ ਦਾ ਘਰ ਕਿਉਂ ਢਾਹ ਰਹੀ ਹੈ, ਸਰਕਾਰ! ਆਖਿਰ ਉਹ ਡੂੰਘੀ ਚੀਸ ਵੱਟ ਕੇ, ਚੁੱਪ-ਚਾਪ ਇਹ ਸਭ ਕੁੱਝ ਆਪਣੀ ਅੱਖਾਂ ਸਾਹਮਣੇ ਢਹਿੰਦਾ ਤੱਕਦੀ ਰਹੀ ਪੁਲਿਸ ਤੇ ਹੋਰ ਮੁਲਾਜਮਾਂ ਨੇ ਨਜਾਇਜ ਢਾਂਚੇ ਵਿੱਚ ਬੰਨ੍ਹੇ ਪਸ਼ੂਆਂ ਨੂੰ ਬਾਹਰ ਕੱਢ ਦਿੱਤਾ। 


ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਵਾਰਡ ਨੰਬਰ 4, ਕਿਲ੍ਹਾ ਪੱਤੀ ਹੰਡਿਆਇਆ ਵਿੱਚ ਇਕ ਨਾਜਾਇਜ਼ ਢਾਂਚੇ ਨੂੰ ਢਾਹਿਆ ਗਿਆ ਹੈ ।ਜਿਸ ਦਾ ਮਾਲਕ ਮੋਹਨੀ ਸਿੰਘ ਪੁੱਤਰ ਬਿੱਲੂ ਸਿੰਘ ਹੈ, ਜਿਸ ਦੇ ਖਿਲਾਫ਼ ਐਨਡੀਪੀਐਸ ਅਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਕਰੀਬ 10 ਕੇਸ ਦਰਜ ਹਨ।
ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਹੰਡਿਆਇਆ ਵਲੋਂ ਇਹ ਨਾਜਾਇਜ਼ ਢਾਂਚਾ ਹਟਾਉਣ ਲਈ ਪੁਲਿਸ ਮੱਦਦ ਮੰਗੀ ਗਈ ਸੀ। ਐੱਸ ਐੱਸ ਪੀ ਬਰਨਾਲਾ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਯਕੀਨੀ ਬਣਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ। ਇਸ ਨਜਾਇਜ ਉਸਾਰੀ ਢਾਹੁਣ ਸਬੰਧੀ ਕਾਰਜ ਸਾਧਕ ਅਫਸਰ ਵਿਸ਼ਾਲਦੀਪ ਬਾਂਸਲ ਨੇ ਦੱਸਿਆ ਕਿ ਇਸ ਨਜਾਇਜ ਉਸਾਰੀ ਕਰਨ ਤੋਂ ਪਹਿਲਾਂ ਵੀ ਘਰ ਬਣਾ ਰਹੇ ਪਰਿਵਾਰ ਨੂੰ ਨੋਟਿਸ ਦੇ ਕੇ ਰੋਕਿਆ ਗਿਆ ਸੀ। ਹੁਣ ਤੱਕ ਇੱਨਾਂ ਨੂੰ ਕਈ ਨੋਟਿਸ ਦਿੱਤੇ ਗਏ , ਹੁਣ ਬਕਾਇਦਾ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਹੀ ਢਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਐਕਸ਼ਨ ਲੈਂਦੇ ਹੋਏ ਜਿੱਥੇ ਢੁਕਵੀਂ ਕਰਵਾਈ ਕੀਤੀ ਜਾ ਰਹੀ ਹੈ, ਓਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ।


ਪੁਰਾਣੇ ਨਹੀਂ, ਨਵੇਂ ਨਜਾਇਜ ਕਬਜਿਆਂ ਨੂੰ ਢਾਹ ਰਹੇ ਹਾਂ- ਈਓ
ਕਾਰਜ ਸਾਧਕ ਅਫਸਰ ਵਿਸ਼ਾਲਦੀਪ ਬਾਂਸਲ ਨੇ ਦੱਸਿਆ ਕਿ ਇਸ ਤਰਾਂ ਦੀਆਂ ਦੋ ਹੋਰ ਨਜਾਇਜ ਉਸਾਰੀਆਂ ਵੀ ਹੋਈਆਂ ਹਨ, ਜਿੰਨ੍ਹਾਂ ਨੂੰ ਢਾਹੁਣ ਲਈ ਪ੍ਰਕਿਰਿਆ ਚੱਲ ਰਹੀ ਹੈ,ਉਨਾਂ ਨੂੰ ਵੀ ਛੇਤੀ ਹੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਢਾਹਿਆ ਜਾਵੇਗਾ। ਈਓ ਨੇ ਨਜਾਇਜ ਕਬਜਿਆਂ ਨੂੰ ਢਾਹੁਣ ਲਈ ਚੱਲ ਰਹੀ ਮੁਹਿੰਮ ਬਾਰੇ ਸਪੱਸ਼ਟ ਕੀਤਾ ਕਿ ਫਿਲਹਾਲ ਨਵੇਂ ਨਜਾਇਜ ਕਬਜਿਆਂ ਨੂੰ ਢਾਹਿਆ ਜਾਵੇਗਾ। ਜਿਹੜੇ ਕਬਜੇ ਕਈ ਕਈ ਸਾਲਾਂ ਤੋਂ ਕੀਤੇ ਗਏ ਹਨ, ਉਨਾਂ ਬਾਰੇ ਹਾਲੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਤੋਂ ਨਜਾਇਜ ਕਬਜਾ ਹਟਾਉਂਦਿਆਂ ਬੱਸ ਸਟੈਂਡ ਬਰਨਾਲਾ ਦੇ ਨੇੜੇ ਇੱਕ ਢਾਂਚੇ ਨੁਮਾ ਛੱਤ ਹੇਠ ਰਹਿੰਦੀ ਮਾਂ ਤੇ ਧੀ ਦਾ ਢਾਰਾ ਵੀ ਢਾਹ ਸੁੱਟਿਆ ਸੀ। ਕੁੱਝ ਵੀ ਹੋਵੇ, ਹਾਲੇ ਤੱਕ ਸਰਕਾਰ ਜਾਂ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਵੱਡੇ ਨਸ਼ਾ ਤਸਕਰਾਂ ਖਿਲਾਫ ਨਾ ਹੋ ਕੇ, ਛੋਟੇ-ਮੋਟੇ ਤਸਕਰਾਂ ਖਿਲਾਫ ਹੀ ਚੱਲਦੀ ਹੋਣ ਦਾ ਪ੍ਰਭਾਵ ਹੀ ਲੋਕਾਂ ਵਿੱਚ ਜਾ ਰਿਹਾ ਹੈ। ਇਸ ਧਾਰਨਾ ਨੂੰ ਬਦਲਣ ਲਈ, ਪੁਲਿਸ ਜਾਂ ਸਰਕਾਰ ਦਾ ਪੀਲਾ ਪੰਜਾ ਵੱਡੇ ਵੱਡੇ ਨਸ਼ਾ ਤਸਕਰਾਂ ਖਿਲਾਫ ਚੱਲਦਾ ਵੇਖਣਾ ਵੀ ਲੋਕਾਂ ਦੀ ਰੀਝ ਹੈ।