ਗੁੰਡਾਗਰਦੀ ਦਾ ਨੰਗਾ ਨਾਚ , ਸ਼ਰਾਬੀ ਦੇ ਪੁੱਤ ਨੇ ਬੁਲਾ ਲਏ ਗੁੰਡੇ, ਰਾਤ ਨੂੰ ਘਰ ‘ਚ ਵੜ੍ਹਕੇ ਕੀਤੀ ਹੱਤਿਆ
ਮ੍ਰਿਤਕ ਦੇ ਭਰਾ ਨੇ ਕਿਹਾ, ਜੇ ਪੁਲਿਸ ਨੇ ਦੋਸ਼ੀ ਨਾ ਫੜ੍ਹੇ ਤਾਂ ਅਸੀਂ ਉਜਾੜਾਂਗੇ ਦੋਸ਼ੀਆਂ ਦੇ ਘਰ
ਹਰਿੰਦਰ ਨਿੱਕਾ/ ਰਘਵੀਰ ਹੈਪੀ 28 ਸਤੰਬਰ 2020
ਮਰਹੂਮ ਪੰਜਾਬੀ ਗਾਇਕਾ ਜਗਮੋਹਣ ਕੌਰ ਦੇ ਮਕਬੂਲ ਗੀਤ ,, ਉਦੋਂ ਖਤਰਾ ਹੁੰਦੈ ਇੱਜਤ ਨੂੰ ਜਦੋਂ ਘਰ ਵਿੱਚ ਧੀ ਮੁਟਿਆਰ ਹੋਵੇ, ਦੇ ਬੋਲ ਹਾਲੇ ਵੀ ਲੋਕਾਂ ਦੇ ਜਿਹਨ ਵਿੱਚ ਵਸੇ ਹੋਏ ਹਨ। ਘਰ ‘ ਚ ਦੋ ਮੁਟਿਆਰ ਧੀਆਂ ਦੀ ਚਿੰਤਾ ਮਨ ਵਿੱਚ ਲੈ ਕੇ ਆਪਣੇ ਘਰ ਕੋਲ ਸ਼ਰਾਬ ਪੀ ਰਹੇ ਦੋ ਸ਼ਰਾਬੀਆਂ ਨੂੰ ਉੱਥੋਂ ਚਲੇ ਜਾਣ ਲਈ ਕਹਿਣਾ ਹੀ ਕਰੀਬ 40 ਕੁ ਵਰ੍ਹਿਆਂ ਦੇ ਕਾਲਾ ਸਿੰਘ ਦੀ ਜਾਨ ਤੇ ਉਦੋਂ ਭਾਰੀ ਪੈ ਗਿਆ। ਜਦੋਂ ਸ਼ਰਾਬੀ ਜਗਜੀਤ ਸਿੰਘ ਪੱਪੀ ਦੇ ਮੁੰਡੇ ਗੁਲਾਬ ਸਿੰਘ ਲੱਭੂ ਨੇ 25/30 ਹਥਿਆਰਬੰਦ ਗੁੰਡਿਆਂ ਨੂੰ ਬੁਲਾ ਕੇ ਕਾਲਾ ਸਿੰਘ ਦੇ ਘਰ ਦਾਖਿਲ ਹੋ ਕੇ ਉਸ ਦੀ ਤਲਵਾਰਾਂ ਤੇ ਕਿਰਚਾਂ ਨਾਲ ਕੋਹ ਕੋਹ ਕੇ ਹੱਤਿਆ ਕਰ ਦਿੱਤੀ।
ਮੀਡੀਆ ਨੂੰ ਇਹ ਜਾਣਕਾਰੀ ਮ੍ਰਿਤਕ ਦੇ ਭਰਾ ਜਗਸੀਰ ਸਿੰਘ ਨੇ ਦਿੱਤੀ। ਭੁੱਬਾਂ ਮਾਰ ਮਾਰ ਰੋਂਦੇ ਜਗਸੀਰ ਨੇ ਪੁਲਿਸ ਪ੍ਰਸ਼ਾਸ਼ਨ ਤੇ ਤਿੱਖੇ ਸਵਾਲ ਚੁੱਕਦਿਆਂ ਕਿਹਾ ਕਿ ਉਸ ਦੇ ਭਰਾ ਕਾਲਾ ਸਿੰਘ ਦੇ ਘਰ ਦੋ ਜੁਆਨ ਧੀਆਂ ਹਨ। ਕਾਲਾ ਸਿੰਘ ਕੰਮ ਕਰਕੇ ਘਰ ਪਹੁੰਚਿਆਂ ਤਾਂ ਉਨਾਂ ਦੇ ਇਲਾਕੇ ਦਾ ਹੀ ਜਗਜੀਤ ਸਿੰਘ ਪੱਪੀ ਅਤੇ ਮਿਸਤਰੀ ਭੋਲਾ ਸਿੰਘ ਉਸ ਦੇ ਘਰ ਨੇੜੇ ਬਣੀ ਪੁਲੀ ਤੇ ਬੈਠੇ ਸ਼ਰਾਬ ਪੀ ਕੇ ਗਾਲ੍ਹਾਂ ਕੱਢ ਰਹੇ ਸੀ। ਕਾਲਾ ਸਿੰਘ ਨੇ ਆਪਣੀਆਂ ਜੁਆਨ ਧੀਆਂ ਦਾ ਵਾਸਤਾ ਦੇ ਦੋਵਾਂ ਸ਼ਰਾਬੀਆਂ ਨੂੰ ਉੱਥੋ ਚਲੇ ਜਾਣ ਲਈ ਕਿਹਾ। ਜਿਨ੍ਹਾਂ ਇਹ ਗੱਲ ਦੀ ਸ਼ਕਾਇਤ ਦਲਬਾਰਾ ਸਿੰਘ ਦੇ ਪੋਤਿਆਂ ਅਤੇ ਆਪਣੇ ਬੇਟੇ ਗੁਲਾਬ ਸਿੰਘ ਲੱਭੂ ਨੂੰ ਜਾ ਕੇ ਦੱਸ ਦਿੱਤੀ।
ਗੁਲਾਬ ਸਿੰਘ ਲੱਭੂ ਅਤੇ ਦਲਬਾਰਾ ਸਿੰਘ ਦੇ ਪੋਤਿਆਂ ਨੇ ਆਪਣੇ ਹੋਰ ਗੁੰਡੇ ਸਾਥੀਆਂ ਨੂੰ ਬੁਲਾ ਲਿਆ। ਦੇਖਦੇ ਹੀ ਦੇਖਦੇ ਤਲਵਾਰਾਂ/ਕਿਰਚਾਂ ਤੇ ਹੋਰ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ 25/30 ਗੁੰਡੇ ਕਾਲਾ ਸਿੰਘ ਦੇ ਘਰ ਅੰਦਰ ਜਾ ਵੜ੍ਹੇ। ਜਿਨ੍ਹਾਂ ਕਾਲਾ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਹਮਲੇ ਵਿੱਚ ਕਾਲਾ ਸਿੰਘ ਦਾ ਬੇਟਾ ਸੁਖਪ੍ਰੀਤ ਤੇ ਉਸ ਦੀ ਪਤਨੀ ਵੀ ਜਖਮੀ ਹੋ ਗਏ। ਜਗਸੀਰ ਨੇ ਕਿਹਾ ਕਿ ਮੇਰਾ ਭਰਾ ਬੜਾ ਸ਼ਰੀਫ ਵਿਅਕਤੀ ਸੀ, ਜਿਸ ਦੀ ਗੁੰਡਿਆਂ ਨੇ ਜਾਨ ਲੈ ਲਈ।
ਉਨਾਂ ਕਿਹਾ ਕਿ ਅਸੀਂ ਰਾਤ ਸਾਢੇ 9 ਵਜੇ ਦੇ ਸੜ੍ਹਕਾਂ ਤੇ ਰੋਂਦੇ ਇਨਸਾਫ ਲਈ ਤੁਰੇ ਫਿਰਦੇ ਹਾਂ। ਪਰ ਪੁਲਿਸ ਨੇ ਦੋਸ਼ੀਆਂ ਨੂੰ ਹਾਲੇ ਤੱਕ ਨਹੀਂ ਫੜ੍ਹਿਆ। ਉਨਾਂ ਕਿਹਾ ਕਿ ਇੱਨ੍ਹਾਂ ਅੱਤਿਆਚਾਰ ਹੋਣ ਤੋਂ ਬਾਅਦ ਵੀ ਜੇਕਰ ਪੁਲਿਸ ਨੇ 25/30 ਦੋਸ਼ੀਆਂ ਨੂੰ ਨਹੀਂ ਫੜ੍ਹਿਆ ਤਾਂ ਅਸੀਂ, ਦੋਸ਼ੀਆਂ ਦੇ ਪਰਿਵਾਰਾਂ ਨੂੰ ਆਪ ਹੀ ਉਜਾੜ ਦਿਆਂਗੇ। ਉਨਾਂ ਕਿਹਾ ਕਿ ਦੋਸ਼ੀਆਂ ਵਿਚ ਜੀਤੀ ਤੇ ਹੋਰ ਅਣਪਛਾਤੇ ਵਿਅਕਤੀ ਵੀ ਸ਼ਾਮਿਲ ਹਨ। ਉਨਾਂ ਭਾਵੁਕ ਅੰਦਾਜ਼ ‘ਚ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇ ਕੇ ਪਰਿਵਾਰ ਨੂੰ ਇਨਸਾਫ ਅਤੇ ਗੁੰਡਿਆਂ ਨੂੰ ਨੱਥ ਪਾਈ ਜਾਵੇ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਪੁਲਿਸ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਅਧਾਰ ਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।