ਪ੍ਰਵਾਸੀ ਮਜਦੂਰ ਦੇ ਹੱਤਿਆਰਿਆਂ ਨੂੰ ਲੱਭਦੀ ਪੁਲਿਸ ਲਈ ਸਿਰਦਰਦੀ ਬਣਿਆ ਇੱਕ ਹੋਰ ਕਤਲ
ਬਾਜੀਗਰ ਬਸਤੀ ਦੇ ਗੁਰੂ ਨਾਨਕਪੁਰਾ ਨਗਰ ਦੇ ਘਰ ‘ਚ ਵੜ੍ਹ ਕੇ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਕੇ ਦੋਸ਼ੀ ਫਰਾਰ
ਹਰਿੰਦਰ ਨਿੱਕਾ 27 ਸਤੰਬਰ 2020
ਨਗਰ ਕੌਂਸਲ ਦਫਤਰ ਦੇ ਪਿਛਲੇ ਪਾਸੇ ਗੁਰੂ ਨਾਨਕ ਨਗਰ ਮੁਹੱਲਾ ,ਬਾਜੀਗਰ ਬਸਤੀ ‘ਚ ਇੱਕ ਘਰ ਅੰਦਰ ਦਾਖਿਲ ਹੋਏ ਹਥਿਆਰਬੰਦ ਵਿਅਕਤੀਆਂ ਨੇ ਇੱਕ ਬੰਦੇ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਹੱਤਿਆ ਤੋਂ ਬਾਅਦ ਹੱਤਿਆਰੇ ਲਲਕਾਰੇ ਮਾਰਦੇ ਹੋਏ ਤੇਜ਼ਧਾਰ ਹਥਿਆਰਾਂ ਸਮੇਤ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 9 ਕੁ ਵਜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਵੱਡੀ ਗਿਣਤੀ ਵਿੱਚ ਵਿਅਕਤੀ ਉਸ ਦੇ ਚਾਚਾ ਕਾਲਾ ਸਿੰਘ ਉਮਰ ਕਰੀਬ 40 ਸਾਲ ਪੁੱਤਰ ਬਲਕਾਰ ਸਿੰਘ ਦੇ ਘਰ ਅੰਦਰ ਜਬਰਦਸਤੀ ਦਾਖਿਲ ਹੋ ਗਏ। ਜਿੰਨ੍ਹਾਂ ਨੇ ਬਹੁਤ ਹੀ ਬੇਰਹਿਮੀ ਨਾਲ ਕਾਲਾ ਸਿੰਘ ਦੇ ਸਿਰ ਤੇ ਕਈ ਵਾਰ ਕੀਤੇ। ਮਾਰਤਾ ਮਾਰਤਾ ਦਾ ਰੌਲਾ ਸੁਣ ਕੇ ਉਹ ਤੇ ਪਰਿਵਾਰ ਦੇ ਹੋਰ ਮੈਂਬਰ ਮੌਕੇ ਤੇ ਪਹੁੰਚੇ ਤਾਂ ਹਮਲਾਵਰ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ। ਲਹੂ ਲੁਹਾਣ ਅਤੇ ਬੇਹੱਦ ਗੰਭੀਰ ਹਾਲਤ ਵਿੱਚ ਉਹ ਕੁਝ ਹੋਰ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਕਾਲਾ ਸਿੰਘ ਨੂੰ ਇਲਾਜ਼ ਲਈ ਸਿਵਲ ਹਸਪਤਾਲ ਲੈ ਕੇ ਪਹੁੰਚੇ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਡਿਊਟੀ ਤੇ ਤਾਇਨਾਤ ਹਸਪਤਾਲ ਦੇ ਸਟਾਫ ਨੇ ਦੱਸਿਆ ਕਿ ਕਾਲਾ ਸਿੰਘ ਦੇ ਸਿਰ ਤੇ ਤੇਜ਼ਧਾਰ ਹਥਿਆਰ ਦੀਆਂ ਡੂੰਘੀਆਂ ਸੱਟਾਂ ਸਨ, ਹਸਪਤਾਲ ਆਉਣ ਤੋਂ ਪਹਿਲਾਂ ਹੀ ਹੀ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਭੇਜ ਦਿੱਤੀ ਗਈ ਹੈ।
ਦਹਿਸ਼ਤਜਦਾ ਪਰਿਵਾਰ ਨੇ ਨਹੀਂ ਦੱਸੀ ਹੱਤਿਆ ਦੀ ਵਜ੍ਹਾ
ਕਾਲਾ ਸਿੰਘ ਦੀ ਹੱਤਿਆ ਤੋਂ ਬਾਅਦ ਉਸ ਦੇ ਪਰਿਵਾਰ ਦੇ ਮੈਂਬਰ ਕਾਫੀ ਦਹਿਸ਼ਤ ਵਿੱਚ ਹਨ। ਕੋਈ ਵੀ ਪਰਿਵਾਰ ਦਾ ਵਿਅਕਤੀ, ਫਿਲਹਾਲ ਹੱਤਿਆ ਦੀ ਵਜ੍ਹਾ ਜਾਂ ਦੋਸ਼ੀਆਂ ਦੇ ਨਾਮ ਦੱਸਣ ਦੀ ਹਾਲਤ ਵਿੱਚ ਨਹੀਂ ਹੈ। ਪਤਾ ਇਹ ਵੀ ਲੱਗਿਆ ਹੈ ਕਿ ਕਾਲਾ ਸਿੰਘ ਨੂੰ ਕਰੀਬ ਸਾਢੇ 9 ਵਜੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਇਕੱਠ ਦੇ ਰੂਪ ਵਿੱਚ ਕੁਝ ਦੋਸ਼ੀ ਵਿਅਕਤੀ ਖੁਦ ਵੀ ਪਹੁੰਚ ਗਏ ਅਤੇ ਪੁਲਿਸ ਨੂੰ ਸੂਚਨਾ ਭੇਜਣ ਦੀ ਕਾਰਵਾਈ ‘ਚ ਵੀ ਅੜਿੱਕਾ ਪਾਉਣਾ ਸ਼ੁਰੂ ਕਰ ਦਿੱਤਾ। ਕਾਲਾ ਸਿੰਘ ਨੂੰ ਹਸਪਤਾਲ ਦਾਖਿਲ ਕਰਵਾਉਣ ਵਾਲੇ ਬੇਹੱਦ ਸਹਿਮੇ ਹੋਏ ਅਕਾਸ਼ਦੀਪ ਸਿੰਘ ਨੇ ਕਿਹਾ ਦੋਸ਼ੀਆਂ ਨੇ ਕਾਲਾ ਸਿੰਘ ਦੀ ਹੱਤਿਆ ਕਿਉਂ ਕੀਤੀ ਅਤੇ ਹੱਤਿਆਰਿਆਂ ਵਿੱਚ ਕੌਣ ਕੌਣ ਦੋਸ਼ੀ ਸ਼ਾਮਿਲ ਸਨ, ਬਾਰੇ ਹਾਲੇ ਉਹ ਕੁਝ ਵੀ ਦੱਸਣ ਦੀ ਹਾਲਤ ਵਿੱਚ ਨਹੀਂ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹੱਤਿਆ ਦੀ ਇਹ ਘਟਨਾ ਪੁਰਾਣੀ ਰੰਜਿਸ਼ ਕਾਰਣ ਵਾਪਰੀ ਹੈ। ਦੋਸ਼ੀ ਵੀ ਇਸੇ ਖੇਤਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਵਰਨਣ ਯੋਗ ਹੈ ਕਿ ਜਿਲ੍ਹੇ ਅੰਦਰ 24 ਘੰਟਿਆਂ ਵਿੱਚ ਕਤਲ ਦੀਆਂ 2 ਘਟਨਾਵਾਂ ਵਾਪਰੀਆਂ ਹਨ ਅਤੇ ਕੋਈ ਇੱਕ ਵੀ ਹੱਤਿਆਰੇ ਨੂੰ ਫੜ੍ਹਨ ਵਿੱਚ ਪੁਲਿਸ ਨੂੰ ਸਫਲਤਾ ਨਹੀਂ ਮਿਲ ਸਕੀ।