ਕਾਤਿਲ 2500 ਰੁਪਏ ਨਗਦੀ ਤੇ ਜੈਨ ਕਾਰ ਲੈ ਕੇ ਹੋਏ ਫਰਾਰ, ਸਹਿਜੜਾ ਪਿੰਡ ਕੋਲੋ ਕਾਰ ਹੋਈ ਬਰਾਮਦ !
ਪੁਲਿਸ ਨੂੰ ਸ਼ੱਕ-ਮਥੂਟ ਫਾਇਨਾਂਸ ‘ ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਲੁਟੇਰੇ
ਹਰਿੰਦਰ ਨਿੱਕਾ/ਮਨੀ ਗਰਗ/ਰਘਵੀਰ ਹੈਪੀ ਬਰਨਾਲਾ 27 ਸਤੰਬਰ 2020
ਮਥੂਟ ਫਾਇਨਾਂਸ ਬੈਂਕ ਦੀ ਧਨੌਲਾ ਸ਼ਾਖਾ ‘ ਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਯਤ ਨਾਲ ਆਏ ਲੁਟੇਰੇ ਬੈਂਕ ਦੇ ਨਾਲ ਲੱਗਦੇ ਪਸ਼ੂਆਂ ਦੇ ਵਾੜੇ ਅੰਦਰ ਸੌਂ ਰਹੇ ਪ੍ਰਵਾਸੀ ਮਜਦੂਰ ਗੌਰੀ ਸ਼ੰਕਰ ਦਾ ਬੇਰਹਿਮੀ ਨਾਲ ਕਤਲ ਕਰਕੇ ਫਰਾਰ ਹੋ ਗਏ। ਕਾਤਿਲ ਫਰਾਰ ਹੋਣ ਲਈ ਉੱਥੇ ਖੜ੍ਹੀ ਕਾਰ ਅਤੇ ਨਜਦੀਕੀ ਦੁਕਾਨ ਵਿੱਚੋਂ 2500 ਰੁਪਏ ਦੀ ਨਗਦੀ ਵੀ ਲੈ ਗਏ। ਲੁਟੇਰਿਆਂ ਨੇ ਬੈਂਕ ਦੀ ਕੰਧ ਵਿੱਚ ਪਾੜ ਵੀ ਲਾਇਆ । ਕਤਲ ਅਤੇ ਲੁੱਟ ਦੀ ਕੋਸ਼ਿਸ਼ ਦੀ ਵਾਰਦਾਤ ਨੂੰ ਲੁਟੇਰਿਆਂ ਨੇ 26-27 ਸਤੰਬਰ ਦੀ ਦਰਮਿਆਨੀ ਰਾਤ ਨੂੰ ਅੰਜਾਮ ਦਿੱਤਾ ।
ਮ੍ਰਿਤਕ ਮਜਦੂਰ ਕ੍ਰਿਸ਼ਨ ਦੇਵ ਉਰਫ ਗੌਰੀ ਸ਼ੰਕਰ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਕਰੀਬ 20/22 ਸਾਲਾਂ ਤੋਂ ਧਨੌਲਾ ਦੇ ਇੱਕ ਚੌਧਰੀ ਪਰਿਵਾਰ ਕੋਲ ਪਸ਼ੂ ਸੰਭਾਲਣ ਦੀ ਨੌਕਰੀ ਕਰਦਾ ਸੀ । ਕਤਲ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਅੰਦਰ ਦਹਿਸ਼ਤ ਫੈਲ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਵਾਰਦਾਤ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਐਸ.ਪੀ. ਸੰਦੀਪ ਗੋਇਲ ਖੁਦ ਵੀ ਐਸ.ਪੀ. ਪੀਬੀਆਈ ਜਗਵਿੰਦਰ ਸਿੰਘ , ਡੀਐਸਪੀ ਲਖਵੀਰ ਸਿੰਘ ਟਿਵਾਣਾ ਸਮੇਤ ਮੌਕੇ ਤੇ ਪਹੁੰਚ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹਰਸੰਪਤ ਲਾਲ ਨੇ ਦੱਸਿਆ ਕਿ ਕਰੀਬ 40 ਕੁ ਵਰ੍ਹਿਆਂ ਦਾ ਕ੍ਰਿਸ਼ਨ ਦੇਵ ਉਰਫ ਗੌਰੀ ਸ਼ੰਕਰ ਪੁੱਤਰ ਸੁਖਦੇਵ ਰੰਜਨ ਵਾਸੀ ਬੇਲੀ ਜਿਲ੍ਹਾ ਸਿਪੋਲ (ਬਿਹਾਰ) ਦਾ ਰਹਿਣ ਵਾਲਾ ਸੀ। ਕਰੀਬ 20/22 ਸਾਲ ਤੋਂ ਉਹ, ਮੇਰੇ ਭਰਾ ਹਰਜੀਵਨ ਲਾਲ ਕੋਲ ਉਸ ਦੇ ਪਸ਼ੂ ਸੰਭਾਲਣ ਦੀ ਨੌਕਰੀ ਕਰਦਾ ਸੀ। ਗੌਰੀ ਸ਼ੰਕਰ ਪਸ਼ੂਆਂ ਦੇ ਵਾੜੇ ਅੰਦਰ ਹੀ ਰਹਿੰਦਾ ਸੀ। ਐਤਵਾਰ ਦੀ ਸਵੇਰੇ ਕਰੀਬ 6 ਕੁ ਵਜੇ ਜਦੋਂ ਮੇਰਾ ਭਰਾ ਹਰਜੀਵਨ ਪਸ਼ੂ ਵਾੜੇ ਵਿੱਚ ਰੋਜ ਦੀ ਤਰਾਂ ਗੌਰੀ ਸ਼ੰਕਰ ਲਈ ਚਾਹ ਲੈ ਕੇ ਪਹੁੰਚਿਆਂ , ਤਾਂ ਉਸ ਨੇ ਦੇਖਿਆ ਗੌਰੀ ਸ਼ੰਕਰ ਦੀ ਖੂਨ ਨਾਲ ਲੱਥਪੱਥ ਲਾਸ਼ ਮੰਜੇ ਉੱਤੇ ਹੀ ਪਈ ਸੀ, ਸਿਰ ਮੰਜੇ ਤੋਂ ਹੇਠਾਂ ਲਮਕ ਰਿਹਾ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ।
ਹਰਸੰਪਤ ਨੇ ਦੱਸਿਆ ਕਿ ਪਸ਼ੂ ਵਾੜੇ ਦੇ ਨਜਦੀਕ ਉਨਾਂ ਦੀ ਦੁਕਾਨ ਵਿੱਚੋਂ ਵੀ ਕਾਤਿਲ ਲੁਟੇਰੇ 2500 ਰੁਪਏ ਦੀ ਨਗਦੀ ਅਤੇ ਕਾਉਂਟਰ ਤੇ ਪਈ ਕਾਰ ਦੀ ਚਾਬੀ ਚੁੱਕ ਕੇ ਉੱਥੇ ਖੜ੍ਹੀ ਜੈਨ ਕਾਰ ਲੈ ਕੇ ਭੱਜ ਗਏ । ਉਨਾਂ ਦੱਸਿਆ ਕਿ ਪਸ਼ੂ ਵਾੜੇ ਵਾਲੇ ਪਾਸਿਉਂ ਮਥੂਟ ਫਾਇਨਾਂਸ ਬੈਂਕ ਨੂੰ ਪਾੜ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਪਰੰਤੂ ਲੁਟੇਰੇ ਬੈਂਕ ਅੰਦਰ ਦਾਖਿਲ ਨਹੀਂ ਹੋ ਸਕੇ। ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਹੁਣ ਤੱਕ ਦੀ ਮੁੱਢਲੀ ਤਫਤੀਸ਼ ਤੋਂ ਸਾਹਮਣੇ ਆਇਆ ਹੈ ਕਿ ਲੁਟੇਰੇ ਮਥੂਟ ਬੈਂਕ ਅੰਦਰ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਹੀ ਪਹੁੰਚੇ ਹੋਣਗੇ। ਜਦੋਂ ਉਨਾਂ ਪਸ਼ੂ ਵਾੜੇ ਵਾਲੇ ਪਾਸਿਉਂ ਦਾਖਿਲ ਹੋ ਕੇ ਬੈਂਕ ਨੂੰ ਪਾੜ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਵਾੜੇ ਅੰਦਰ ਸੌਂ ਰਹੇ ਗੌਰੀ ਸ਼ੰਕਰ ਨੂੰ ਪਤਾ ਲੱਗ ਗਿਆ ਹੋਵੇਗਾ। ਇਸ ਤਰਾਂ ਲੱਟ ਦੀ ਰਾਹ ਵਿੱਚ ਰੋੜਾ ਬਣੇ ਗੌਰੀ ਸ਼ੰਕਰ ਦਾ ਕਤਲ ਕਰ ਦਿੱਤਾ ਗਿਆ। ਐਸਐਸਪੀ ਗੋਇਲ ਨੇ ਕਿਹਾ ਕਿ ਇਹ ਵਾਰਦਾਤ ‘ਚ ਦੋ ਤੋਂ ਵੱਧ ਲੁਟੇਰਿਆਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਉਨਾਂ ਦਾਵਾ ਕੀਤਾ ਕਿ ਕਾਤਿਲਾਂ ਦੇ ਕਈ ਅਹਿਮ ਸੁਰਾਗ ਪੁਲਿਸ ਦੇ ਹੱਥ ਲੱਗ ਚੁੱਕੇ ਹਨ। ਜਿਨ੍ਹਾਂ ਦੇ ਅਧਾਰ ਤੇ ਬਹੁਤ ਛੇਤੀ ਹੀ ਪੁਲਿਸ ਦੋਸ਼ੀਆਂ ਨੂੰ ਕਾਬੂ ਕਰਕੇ ਘਟਨਾ ਦਾ ਸੱਚ ਲੋਕਾਂ ਸਾਹਮਣੇ ਲੈ ਆਵੇਗੀ।
ਲੁਟੇਰਿਆਂ ਦੀ ਕਾਰ ਸਹਿਜੜਾ ਨੇੜਿਉਂ ਬਰਾਮਦ !
ਭਰੋਸੇਯੋਗ ਸੂਤਰਾਂ ਅਨੁਸਾਰ ਗੌਰੀ ਸ਼ੰਕਰ ਦੇ ਕਤਲ ਕਰਨ ਤੋਂ ਬਾਅਦ ਘਟਨਾ ਵਾਲੀ ਥਾਂ ਕੋਲੋ ਚੋਰੀ ਹੋਈ ਜੈਨ ਕਾਰ ਪੁਲਿਸ ਨੇ ਮਹਿਲ ਕਲਾਂ ਥਾਣੇ ਅਧੀਨ ਪੈਂਦੇ ਪਿੰਡ ਸਹਿਜੜਾ ਨੇੜਿਉਂ ਬਰਾਮਦ ਵੀ ਕਰ ਲਈ ਹੈ। ਸਹਿਜੜਾ ਇਲਾਕੇ ਦੇ ਲੋਕਾਂ ਨੇ ਥਾਣਾ ਧਨੌਲਾ ਦੇ ਐਸ.ਐਚ.ਉ. ਕੁਲਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਦੇ ਸਹਿਜੜਾ ਇਲਾਕੇ ਅੰਦਰ ਪਹੁੰਚਣ ਦੀ ਪੁਸ਼ਟੀ ਵੀ ਕੀਤੀ ਹੈ। ਪਰੰਤੂ ਕੋਈ ਵੀ ਪੁਲਿਸ ਅਧਿਕਾਰੀ ਕਾਰ ਬਰਾਮਦ ਹੋਣ ਦੀ ਫਿਲਹਾਲ ਪੁਸ਼ਟੀ ਨਹੀਂ ਕਰ ਰਿਹਾ।