ਇਤਿਹਾਸ ਦੇ ਪੰਨਿਆਂ ਤੇ ਅਮਿੱਟ ਛਾਪ ਛੱਡ ਗਿਆ 23 ਵਰ੍ਹਿਆਂ ਦਾ ਕਿਰਨ ਦੀ ਸ਼ਹਾਦਤ ਦਾ ਸਫਰ

Advertisement
Spread information

ਐਕਸ਼ਨ ਕਮੇਟੀ ਦੀ ਅਗਵਾਈ ,ਚ ਇਕੱਤਰ ਲੋਕਤਾ ਦੇ ਹੜ੍ਹ ਨੇ ਪੁਰਾਣੀਆਂ ਮਿੱਥਾਂ ਨੂੰ ਤੋੜਿਆ , ਬੇਜੁਬਾਨਿਆਂ ਨੂੰ ਦਿੱਤੀ ਜੁਬਾਨ


ਹਰਿੰਦਰ ਨਿੱਕਾ ਬਰਨਾਲਾ 8 ਅਗਸਤ 2020 

                     23 ਵਰ੍ਹੇ ਪਹਿਲਾਂ 8 ਅਗਸਤ 1997 ਦਾ ਦਿਨ ਇੱਕ ਅਜਿਹਾ ਦਿਨ ,ਜਦੋਂ ਕਾਲਜ ਤੋਂ ਘਰ ਪਰਤਦਿਆਂ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਦਿਨ ਦਿਹਾੜੇ ਅਗਵਾ ਹੋਇਆਂ 10 ਦਿਨ ਬੀਤ ਚੁੱਕੇ ਸਨ,ਜਿਸ ਦੀ ਕੋਈ ਉੱਘ ਸੁੱਘ ਵੀ ਨਹੀਂ ਸੀ ਮਿਲ ਰਹੀ ਸੀ । 4 ਅਗਸਤ ਨੂੰ ਮਹਿਲ ਕਲਾਂ ਥਾਣੇ ਵੱਲ ਰੋਹ ਮਾਰਚ ਕਰਨ ਤੋਂ ਬਾਅਦ ਵੀ ਪੁਲਿਸ ਟੱਸ ਤੋਂ ਮੱਸ ਨਹੀਂ ਹੋ ਰਹੀ ਸੀ। ਐਕਸ਼ਨ ਕਮੇਟੀ ਨੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਇਸੇ ਦਿਨ ਬਰਨਾਲਾ-ਲੁਧਿਆਣਾ ਜੀਟੀ ਰੋਡ ਜਾਮ ਕਰਨ ਦਾ ਸੱਦਾ ਦਿੱਤਾ ਹੋਇਆ ਸੀ। । ਪੁਲਿਸ, ਸਿਆਸਤਦਾਨਾਂ ਨੂੰ ਸਾਰਾ ਕੁੱਝ ਪਤਾ ਹੋਣ ਦੇ ਬਾਵਜੂਦ ਵੀ ਕਿਰਨਜੀਤ ਦਾ ਕੋਈ ਥਹੁ ਪਤਾ ਨਹੀਂ ਦੱਸਿਆ ਜਾ ਰਿਹਾ ਸੀ।

Advertisement

                       10 ਵੱਜਣ ਤੋਂ ਪਹਿਲਾਂ ਹੀ ਐਕਸ਼ਨ ਕਮੇਟੀ ਦੇ ਸੱਦੇ ਨੂੰ ਕਬੂਲਦੇ ਹੋਏ ਹਜਾਰਾਂ ਜੁਝਾਰੂ ਮਰਦ-ਔਰਤਾਂ ਦਾ ਕਾਫਿਲਾ ਬੱਸ ਸਟੈਂਡ ਤੇ ਪਹੁੰਚ ਗਿਆ ਸੀ। ਗੁੰਡਾ ਟੋਲੇ ਨਾਲ ਯਾਰੀ ਪਾਲਦੇ ਸਿਅਸਾਤਦਾਨਾਂ ਅਤੇ ਪੁਲਿਸ ਨੂੰ ਹਾਲੇ ਵੀ ਭੁਲੇਖਾ ਸੀ ਕਿ ਵੱਡੇ ਘਰਾਂ ਦੇ ਕਾਕਿਆਂ ਦੀ ਹਵਾ ਵੱਲ ਕੋਈ ਝਾਕ ਤੱਕ ਨਹੀ ਸੀ ਸਕਦਾ। ਇਹ ਛਿੱਟ ਪੁੱਟ ਧਰਨੇ ਮੁਜਾਹਰੇ ਮਾਰ ਕੇ ਲੋਕ ਹਾਰ ਹੰਭਕੇ ਆਖਿਰ ਨੂੰ ਘਰ ਬੈਠ ਜਾਣਗੇ। ਗੁੰਡਾ ਟੋਲੇ ਦੀਆਂ ਉਸੇ ਹੀ ਤਰ੍ਹਾਂ ਹੇਮੂ ਬਾਣੀਏ ਵਾਲੀਆਂ ਚੰਮ ਦੀਆਂ ਚਲਦੀਆਂ ਰਹਿਣਗੀਆਂ। ਐਕਸ਼ਨ ਕਮੇਟੀ ਦੇ ਬੁੱਕਲ ਦੇ ਸਿਆਸੀ ਯਾਰਾਨਾ ਪਾਲਦੇ ਸੱਪਾਂ ਅਤੇ ਪੁਲਿਸ ਦੇ ਰਵੱਈਏ ਦਾ ਸਟੇਜ ਤੋਂ ਬੋਲਣ ਵਕਤ ਨਿਖੇੜਾ ਹੋ ਗਿਆ ਸੀ। ਜਿੱਥੇ ਐਕਸ਼ਨ ਕਮੇਟੀ ਅਤੇ ਸੁਹਿਰਦ ਲੋਕ ਸਪਸ਼ਟ ਸ਼ਬਦਾਂ ਵਿੱਚ ਕਿਰਨਜੀਤ ਦੇ ਅਗਵਾਕਾਰਾਂ ਵਜੋਂ ਸ਼ੱਕ ਦੀ ਉੱਗਲੀ ਵੱਡੇ ਘਰਾਂ ਦੇ ਬਦਨਾਮ ਗੁੰਡਾ ਟੋਲੇ ਵੱਲ ਉਠਾ ਰਹੇ ਸਨ, ਉੱਥੇ ਹੀ ਪੁਲਿਸ ਅਤੇ ਗੁੰਡਾ ਟੋਲੇ ਨਾਲ ਖਾਸ ਨੇੜਤਾ ਰੱਖਦਾ ਸਿਆਸਤਦਾਨ ਊਟ ਪਟਾਂਗ ਮਾਰਕੇ ਦੋਸ਼ੀ ਲਾਣੇ ਦਾ ਪੱਖ ਪੂਰਨ ,ਚ ਮਸ਼ਰੂਫ ਨਜਰੀਂ ਪਿਆ ।

                     ਤਪਦੇ ਸੂਰਜ ਦੀ ਲਾਟ , ਤਿੱਖੜ ਦੁਪਿਹਰਾ, ਸਿਰੇ ਦੀ ਹੁੰਮਸ, ਥੱਲਿਉਂ ਤਪ ਰਹੀ ਸੜਕ ਆਪਣੇ ਤੌਰ ਤੇ ਲੋਕ ਕਾਫਲਿਆਂ ਦੇ ਸਿਦਕ ਦੀ ਪਰਖ ਲੈ ਰਹੀ ਸੀ। ਐਕਸ਼ਨ ਕਮੇਟੀ,  ਨਾਂ ਕੋਈ ਟੈਂਟ , ਨਾਂ ਹਵਾ ਨਾਂ ਪਾਣੀ ਦਾ ਢੁੱਕਵਾਂ ਪ੍ਰਬੰਧ ਕਰਨ ਹਾਲਤ ਵਿੱਚ ਸੀ। ਲੋਕ ਮਨਾਂ ਵਿੱਚ ਗੁੱਸਾ ਉਬਾਲੇ ਲੈ ਰਿਹਾ ਸੀ। ਦੁਪਹਿਰ ਹੁੰਦਿਆਂ ਹੁੰਦਿਆਂ ਲੋਕਾਂ ਦਾ ਇਕੱਠ ਜਰਬਾਂ ਲੈ ਕੇ ਹੋਰ ਤੋਂ ਹੋਰ ਵੱਧਦਾ ਹੀ ਜਾ ਰਿਹਾ ਸੀ। ਮਰਦ-ਔਰਤ ਕਾਫਲਿਆਂ ਦੀ ਗਿਣਤੀ ਦਸ ਹਜਾਰ ਨੂੰ ਟੱਪ ਗਈ ਸੀ। ਵਧ ਰਹੀ ਇਹ ਗਿਣਤੀ ਸਿਆਸਤਦਾਨਾਂ ਅਤੇ ਪੁਲਿਸ ਨੂੰ ਤਰੇਲੀਆਂ ਲਿਆ ਰਹੀ ਸੀ। ਲੋਕ ਮਨਾਂ ਦਾ ਗੁੱਸਾ ਨਵਾਂ ਇਤਿਹਾਸ ਸਿਰਜਣ ਵੱਲ ਵਧ ਰਿਹਾ ਸੀ। ਹਾਲਤਾਂ ਬਹੁਤ ਤੇਜੀ ਨਾਲ ਮੋੜਾ ਕੱਟ ਰਹੀਆਂ ਸਨ।
                      ਚਲਦੀ ਸਟੇਜ ਦੌਰਾਨ ਦੋ ਵਾਰ ਹਾਲਾਤ ਕਾਬੂ ਤੋਂ ਬਾਹਰ ਹੁੰਦੇ-ਹੁੰਦੇ ਐਕਸ਼ਨ ਕਮੇਟੀ ਨੇ ਪੂਰੀ ਮੁਸ਼ਤੈਦੀ ਨਾਲ ਸੰਭਾਲੇ। ਇੱਕ ਵਾਰ ਜਦੋਂ ਗੁੰਡਾ ਟੋਲੇ ਨਾਲ ਅਤਿ ਨੇੜਲੇ ਸਬੰਧ ਰੱਖਣ ਵਾਲੇ ਇੱਕ ਸਿਆਸਤਦਾਨ ਤੇ ਕਿਰਨਜੀਤ ਦਾ ਕਾਤਿਲ ਹੋਣ ਦੀ ਗੱਲ ਨਾਂ ਚਾਹੁੰਦਿਆਂ ਵੀ ਬੋਲਣ ਸਮੇਂ ਦੌਰਾਨ ਕਹਿ ਹੋ ਗਈ, ਦੂਜੇ ਪੁਲਿਸ ਦੇ ਐਸ.ਪੀ ਗਰਚੇ ਵੱਲੋਂ ਪੁਲਿਸ ਦੇ ਹੁਣ ਤੱਕ ਦੀ ਕਾਰੁਗਜਾਰੀ ਦੱਸਣ ਵੇਲੇ ਆਖਿਆ ਕਿ ਕੁੜੀ ਕਿਸੇ ਨਾਲ ਚਲੀ ਗਈ ਹੋਣੀ ਹੈ। ਐਕਸ਼ਨ ਕਮੇਟੀ ਨੇ ਇਸ ਦਿਨ ਦਾ ਪ੍ਰੋਗਰਾਮ ਬਿਨ੍ਹਾਂ ਕਿਸੇ ਭੜਕਾਹਟ ਦੇ ਪੂਰੇ ਜਾਬਤੇ ਵਿੱਚ ਰਹਿਕੇ ਸ਼ਾਮ ਨੂੰ 5 ਵਜੇ 14 ਅਗਸਤ ਨੂੰ ਐਸ.ਐਸ.ਪੀ ਬਰਨਾਲਾ ਦਾ ਘੇਰਾਓ ਕਰਨ ਦੇ ਤਿੱਖੇ ਸ਼ੰਘਰਸ਼ ਦੇ ਐਲਾਨ ਨਾਲ ਸਮਾਪਤ ਕੀਤਾ।                       ਇਸ ਦਿਨ ਦੇ ਘਿਰਾਓ ਨੇ ਲੋਕ ਮਨਾਂ ਵਿੱਚ ਗੁੰਡਾ ਟੋਲੇ ਦੀ ਦਹਾਕਿਆਂ ਬੱਧੀ ਸਮੇਂ ਤੋਂ ਪਾਈ ਜਾ ਰਹੀ ਦਹਿਸ਼ਤ ਨੂੰ ਚਕਨਾਚੂਰ ਕਰ ਦਿੱਤਾ। ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਇਕੱਤਰ ਹੋਏ ਲੋਕਤਾ ਦੇ ਹੜ੍ਹ ਨੇ ਪੁਰਾਣੀਆਂ ਮਿੱਥਾਂ ਨੂੰ ਤੋੜਿਆ, ਬੇਜੁਬਾਨਿਆਂ ਨੂੰ ਜੁਬਾਨ ਦੇ ਦਿੱਤੀ। ਐਕਸ਼ਨ ਕਮੇਟੀ ਨਿਆਸਰੇ ਲੋਕਾਂ ਦਾ ਆਸਰਾ ਬਣਕੇ ਬਹੁੜੀ, ਨਵੀਂ ਆਸ ਦੀ ਕਿਰਨ ਵਿਖਾਈ ਦੇਣ ਲੱਗੀ। ਅੱਜ 23 ਸਾਲ ਬਾਅਦ ਵੀ ਲੋਕਤਾ ਦੇ ਸਮੁੰਦਰ ਦੀ ਅਗਵਾਈ ਕਰਨ ਵਾਲੀ ਐਕਸ਼ਨ ਕਮੇਟੀ ਲਈ ਉਸੇ ਸਮੇਂ ਤੋਂ ਚੁਣੌਤੀਆਂ ਭਰਪੂਰ ਸਮਾਂ ਰਹਾ ਹੈ, ਪਰ ਲੋਕ ਤਾਕਤ ਤੇ ਵਿਸ਼ਵਾਸ਼ ਕਰਕੇ ਅੱਗੇ ਵਧ ਰਹੇ ਕਾਫਿਲੇ ਲਈ ਇਹ ਚੁਣੌਤੀਆਂ ਬੌਣੀਆਂ ਸਾਬਿਤ ਹੋਈਆਂ।
                      ਸਿੱਟਾ ਇਹ ਹੈ ਕਿ ਗੁੰਡਾ-ਪੁਲਿਸ-ਸਿਆਸੀ ਅਤੇ ਅਦਾਲਤੀ ਗੱਠਜੋੜ ਵੱਲੋਂ ਲੋਕ ਆਗੂਆਂ ਨੂੰ ਉਮਰ ਕੈਦ ਵਰਗੀਆਂ ਸਜਾਵਾਂ ਸੁਣਾਕੇ ਡੁਲਾਇਆ ਨਹੀਂ ਜਾ ਸਕਿਆ। ਮਹਿਲ ਕਲਾਂ ਦੀ ਧਰਤੀ ਝੁਕਣ ਦੇ ਮੂਡ ਵਿੱਚ ਨਹੀਂ, ਸਗੋਂ ਖਰੀ ਦਿਸ਼ਾ ਵਿੱਚ ਉੱਸਰੀ ਇਹ ਲੋਕ ਤਾਕਤ ਰਾਹੀਂ ਐਕਸ਼ਨ ਕਮੇਟੀ ਵਿਸ਼ਾਲ ਏਕਾ ਉਸਾਰਨ ਦੀਆਂ ਨਵੀਆਂ ਮੰਜਿਲਾਂ ਸਰ ਕਰਨ ਵੱਲ ਲਗਤਾਰ ਨਾਂ ਸਿਰਫ ਅੱਗੇ ਵਧ ਰਹੀ ਹੈ, ਸਗੋਂ ਹੋਰਨਾਂ ਸਮਾਜਿਕ ਜਬਰ ਵਿਰੋਧੀ ਖਾਸ ਕਰ ਔਰਤਾਂ ਉੱਪਰ ਹੁੰਦੇ ਜਬਰ ਜੁਲਮ ਖਿਲ਼ਾਫ ਸਾਂਝੇ ਸੰਘਰਸ਼ਾਂ ਦੀ ਬੁਨਿਆਦ ਵੀ ਬਣ ਰਿਹਾ ਹੈ।
                      ਅੱਜ ਫਿਰ ਐਕਸ਼ਨ ਕਮੇਟੀ ਦੀ ਅਗਵਾਈ ਚ ਦਰਜਨਾਂ ਸਾਥੀਆਂ ਦਾ ਇਹ ਕਾਫਲਾ ਲੋਕ ਸੰਘਰਸ਼ ਦੇ ਸਬਕਾਂ ਨੂੰ ਪੱਲੇ ਬੰਨ੍ਹਦਿਆਂ , ਹਾਸਿਲ ਜਿੱਤਾਂ ਨੂੰ ਮਨੀਂ ਵਸਾਉਣ ,ਜਥੇਬੰਦਰ ਏਕਾ ਹੋਰ ਵਧੇਰੇ ਮਜਬੂਤ ਕਰਨ, ਸਾਂਝੇ ਸੰਘਰਸ਼ਾਂ ਦੀ ਬੁਨਿਆਦ ਨੂੰ ਕਾਇਮ ਰੱਖਣ, ਅੱਧ ਸੰਸਾਰ ਦੀਆਂ ਮਾਲਿਕ ਔਰਤਾਂ ਨੂੰ ਸੰਘਰਸ਼ਾਂ ਦਾ ਹਿੱਸਾ ਬਨਾਉਣ ਤੋਂ ਅੱਗੇ ਅਗਵਾਈ ਦੇਣ ਦੇ ਸਮਰੱਥ ਬਨਾਉਣ ਲਈ ਘਰ-ਘਰ ਸੁਨੇਹਾ ਦੇ ਰਿਹਾ ਹੈ। ਸ਼ਾਲਾ ਐਕਸ਼ਨ ਕਮੇਟੀ ਦਾ ਇਹ ਸ਼ਾਨਮੱਤਾ ਸਫਰ ਇਵੇਂ ਹੀ ਜਾਰੀ ਰਵੇ।

Advertisement
Advertisement
Advertisement
Advertisement
Advertisement
error: Content is protected !!