ਰਚਨਾਤਮਕ ਵਰਕਸ਼ਾਪਾਂ ਬੱਚਿਆਂ ਨੂੰ ਭਵਿੱਖ ਲਈ ਤਿਆਰ ਕਰਦੀਆਂ ਹਨ-ਸਿੱਖਿਆ ਨਾਲ ਹੁਨਰ ਵਿਕਾਸ ਵੀ ਲਾਜ਼ਮੀ- ਸ਼ਿਵ ਸਿੰਗਲਾ
ਰਘਵੀਰ ਹੈਪੀ, ਬਰਨਾਲਾ 29 ਅਪ੍ਰੈਲ 2026
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਅਨਬੋਕ੍ਸ ਯੂ ਨਾਮਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਮਕਸਦ ਬੱਚਿਆਂ ਦੇ ਅੰਦਰ ਲੁਕੇ ਹੋਏ ਹੁਨਰ ਨੂੰ ਬਾਹਰ ਲਿਆਉਣਾ ਅਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਸੀ। ਇਹ ਵਰਕਸ਼ਾਪ ਮੈਡਮ ਪ੍ਰਭਦੀਪ ਕੌਰ ਦੀ ਅਗਵਾਈ ਹੇਠ ਕਰਵਾਈ। ਇਸ ਵਰਕਸ਼ਾਪ ਵਿਚ ਸਕੂਲ ਦੇ ਅੱਠਵੀਂ ਕਲਾਸ ਦੇ 100 ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਆਰਟਿਸਟ ਸਟੂਡੀਓ , ਓਰਾਂਟੋਰੀ ਸਟੂਡੀਓ, ਟ੍ਰੇਲਬਲਜ਼ਿੰਗ ਸਟੂਡੀਓ ਆਦਿ ਤਿੰਨ ਗਰੁੱਪ ਵਿਚ ਵੱਡੀਆਂ ਗਿਆ। ਆਰਟਿਸਟ ਸਟੂਡੀਓ ਵਿੱਚ ਬੱਚਿਆਂ ਨੇ ਆਪਣੀ ਕਲਾ ਦੇ ਰੰਗ ਬਿਖੇਰੇ ਜਿਸ ਵਿਚ ਉਹਨਾਂ ਨੇ ਆਪਣੇ ਉਦੇਸ਼ ਅਤੇ ਆਪਣੇ ਸੁਪਨਿਆਂ ਨੂੰ ਆਪਣੀ ਕਲਾ ਰਾਹੀਂ ਪ੍ਰਗਟ ਕੀਤਾ । ਓਰੇਟਰੀ ਸਟੂਡੀਓ ਵਿੱਚ ਵਿਦਿਆਰਥੀਆਂ ਨੇ ਬੋਲਣ ਦੀ ਕਲਾ ਰਾਹੀਂ ਆਪਣੇ ਸੁਪਨਿਆਂ ਨੂੰ ਬਿਆਨ ਕੀਤਾ ਅਤੇ ਆਪਣੇ ਵਿਚਾਰ ਨਿਰਭੀਕ ਤੌਰ ‘ਤੇ ਰੱਖੇ। ਟ੍ਰਾਇਲਬਲੇਜਿੰਗ ਸਟੂਡੀਓ ਵਿੱਚ ਬੱਚਿਆਂ ਨੇ ਆਪਣੀ ਸਭ ਤੋਂ ਹਟ ਕੇ ਸੋਚ ਨੂੰ ਹੱਥੀ ਬਣਾਏ ਉਪਕਰਣ ਰਾਹੀਂ ਆਪਣੀ ਰੁਚੀ ਪੇਸ਼ ਕੀਤੀ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਂਸਲ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਵਿਦਿਆਰਥੀਆਂ ਦੀਆਂ ਲੁਕੀਆਂ ਸਮਰੱਥਾਵਾਂ ਨੂੰ ਉਜਾਗਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਵਧਾਉਂਦੀਆਂ ਹਨ। ਇਸ ਪ੍ਰਕਾਰ ਦੀਆਂ ਵਰਕਸ਼ਾਪ ਭਵਿੱਖ ਵਿਚ ਹੁੰਦੀਆਂ ਰਹਿਣਗੀਆਂ। ਜਿਸ ਨਾਲ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਅਤੇ ਸੌਖੇ ਤਰੀਕੇ ਨਾਲ ਆਪਣੇ ਗਿਆਨ ਵਿਚ ਵਾਧਾ ਕਰ ਸਕਣ।
ਸਕੂਲ ਦੇ ਐਮ.ਡੀ. ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਰਚਨਾਤਮਕ ਸੋਚ ਅਤੇ ਨਵੇਂ ਵਿਚਾਰ ਵੱਲ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ, ਸਗੋਂ ਜੀਵਨ ਦੇ ਹਰ ਪੱਖ ਵਿੱਚ ਸਿੱਖਣ ਦੀ ਲੋੜ ਹੁੰਦੀ ਹੈ। ਵਿਦਿਆਰਥੀਆਂ ਨੇ ਵਰਕਸ਼ਾਪ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਨਵੀਆਂ ਚੀਜ਼ਾਂ ਸਿੱਖਣ ਦਾ ਅਨੁਭਵ ਪ੍ਰਾਪਤ ਕੀਤਾ।
ਸਿੰਗਲਾ ਜੀ ਨੇ ਅੱਗੇ ਕਿਹਾ ਕਿ ਅਜਿਹੀਆਂ ਵਰਕਸ਼ਾਪ ਬੱਚਿਆਂ ਨੂੰ ਆਪਣੇ ਅੰਦਰ ਦੀਆਂ ਖੂਬੀਆਂ ਨੂੰ ਪਹਿਚਾਨਣ ਦਾ ਮੌਕਾ ਦਿੰਦੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਬੱਚਾ ਵਿਲੱਖਣ ਹੁੰਦਾ ਹੈ ਅਤੇ ਉਸਦੀ ਯੋਗਤਾ ਨੂੰ ਸਹੀ ਦਿਸ਼ਾ ਦੇਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ ਗੁਣ ਵਿਕਸਿਤ ਕਰਦੇ ਹਨ। ਐਮ.ਡੀ. ਸਾਹਿਬ ਨੇ ਅਧਿਆਪਕਾਂ ਦੀ ਭੂਮਿਕਾ ਦੀ ਵੀ ਸਰਾਹਨਾ ਕਰਦਿਆਂ ਕਿਹਾ ਕਿ ਅਧਿਆਪਕ ਹੀ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦੇ ਕੇ ਉਨ੍ਹਾਂ ਨੂੰ ਸਫਲਤਾ ਦੀਆਂ ਉੱਚਾਈਆਂ ਤੱਕ ਲੈ ਕੇ ਜਾਂਦੇ ਹਨ।
ਅੰਤ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਨਵਾਂ ਸਿੱਖਣ ਲਈ ਤਿਆਰ ਰਹਿਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਕਰਦੇ ਰਹਿਣ।







