ਘਰੇਲੂ ਕਲੇਸ਼ ਦੀ ਬਲੀ ਚੜ੍ਹੀ ਮਾਸੂਮ :- ਪਤੀ-ਪਤਨੀ ਦੀ ਜੰਗ ਨੇ ਪਿਓ ਨੂੰ ਹੀ ਬਣਾਇਆ ਜਲਾਦ..!
ਹਰਿੰਦਰ ਨਿੱਕਾ, ਪਟਿਆਲਾ 27 ਅਪ੍ਰੈਲ 2026
ਕਿਸੇ ਨੇ ਸੱਚ ਹੀ ਕਿਹੈ ਕਿ ਘਰ ਦੀ ਚਾਰਦੀਵਾਰੀ ਅੰਦਰ ਹੋਣ ਵਾਲਾ ਕਲੇਸ਼ ਸਿਰਫ਼ ਸੁਖ-ਸ਼ਾਂਤੀ ਹੀ ਨਹੀਂ ਖੋਂਹਦਾ, ਸਗੋਂ ਕਈ ਵਾਰ ਇਹ ਅਜਿਹਾ ਖ਼ੂਨੀ ਮੋੜ ਲੈਂਦੈ ਕਿ ਪੂਰੀ ਇਨਸਾਨੀਅਤ ਚੀਕ ਉੱਠਦੀ ਹੈ। ਖੇੜੀ ਗੰਡਿਆ ਇਲਾਕੇ ਵਿੱਚ ਵਾਪਰੀ ਇੱਕ ਰੂਹ ਕੰਬਾਊ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਅਹੰਕਾਰ ਅਤੇ ਘਰੇਲੂ ਕਲੇਸ਼ ਸਿਰ ਚੜ੍ਹ ਕੇ ਬੋਲਦਾ ਹੈ, ਤਾਂ ਮਾਸੂਮ ਬੱਚੇ ਉਸ ਦੀ ਅੱਗ ਵਿੱਚ ਸਭ ਤੋਂ ਪਹਿਲਾਂ ਸੜਦੇ ਹਨ। ਘਟਨਾ ਅਜਿਹੀ ਕਿ ਇੱਕ ਪਿਓ ਨੇ ਆਪਣੀ ਪਤਨੀ ਨਾਲ ਚੱਲ ਰਹੀ ਰੰਜਿਸ਼ ਦਾ ਬਦਲਾ ਲੈਣ ਲਈ ਆਪਣੀ ਹੀ 15 ਸਾਲਾ ਧੀ ਮਨਿੰਦਰ ਕੌਰ ਦੀ ਜਾਨ ਲੈ ਲਈ।
ਜਦੋਂ ਰਿਸ਼ਤਿਆਂ ਦੀ “ਜ਼ਿੱਦ” ਬਣੀ ਕਫ਼ਨ
ਇਹ ਦੁਖਾਂਤ ਉਸ ਵੇਲੇ ਸ਼ੁਰੂ ਹੋਇਆ ਜਦੋਂ 2009 ਵਿੱਚ ਸ਼ੁਰੂ ਹੋਇਆ ਇੱਕ ਰਿਸ਼ਤਾ 3 ਸਾਲ ਪਹਿਲਾਂ ਘਰੇਲੂ ਕਲੇਸ਼ ਦੀ ਭੇਂਟ ਚੜ੍ਹ ਗਿਆ। ਪਤੀ ਪਰਮਜੀਤ ਸਿੰਘ ਅਤੇ ਪਤਨੀ ਲਖਵਿੰਦਰ ਕੌਰ ਦੇ ਰਸਤੇ ਵੱਖ ਹੋ ਗਏ। ਮਾਂ ਆਪਣੇ ਪੁੱਤਰ ਨੂੰ ਲੈ ਕੇ ਵੱਖ ਰਹਿਣ ਲੱਗੀ, ਪਰ 15 ਸਾਲਾ ਧੀ ਪਿਤਾ ਦੇ ਹਿੱਸੇ ਆਈ। ਜਿਸ ਧੀ ਨੂੰ ਪਿਤਾ ਦੇ ਸਾਏ ਵਿੱਚ ਸੁਰੱਖਿਅਤ ਹੋਣਾ ਚਾਹੀਦਾ ਸੀ, ਉਹੀ ਧੀ ਪਿਤਾ ਲਈ ਆਪਣੀ ਪਤਨੀ ਨੂੰ ਝੁਕਾਉਣ ਦਾ ‘ਹਥਿਆਰ’ ਬਣ ਗਈ। ਦੋਸ਼ੀ ਪਿਓ ਅਕਸਰ ਧਮਕੀ ਦਿੰਦਾ ਸੀ। “ਜੇ ਵਾਪਸ ਨਾ ਆਈ ਤਾਂ ਧੀ ਨੂੰ ਮਾਰ ਦਿਆਂਗਾ।”
ਘਰੇਲੂ ਕਲੇਸ਼ ਦੀ ਸਿਖਰ: ਚੁੰਨੀ ਨਾਲ ਖੋਹੀਆਂ ਸਾਹਾਂ
26 ਅਪ੍ਰੈਲ ਦੀ ਉਹ ਕਾਲੀ ਰਾਤ ਘਰੇਲੂ ਕਲੇਸ਼ ਦਾ ਸਭ ਤੋਂ ਭਿਆਨਕ ਰੂਪ ਲੈ ਕੇ ਆਈ। ਜਦੋਂ ਨਾਮਜ਼ਦ ਦੋਸ਼ੀ ਪਰਮਜੀਤ ਨੇ ਆਪਣੀ ਜ਼ਿੱਦ ਪੂਰੀ ਨਾ ਹੁੰਦੀ ਦੇਖ, ਆਪਣੇ ਹੀ ਖੂਨ ਨਾਲ ਗੱਦਾਰੀ ਕੀਤੀ ਅਤੇ ਧੀ ਦਾ ਚੁੰਨੀ ਨਾਲ ਗਲਾ ਘੁੱਟ ਦਿੱਤਾ। ਇੱਕ ਪਾਸੇ ਮਾਂ ਵਾਪਸ ਆਉਣ ਤੋਂ ਇਨਕਾਰ ਕਰ ਰਹੀ ਸੀ, ਦੂਜੇ ਪਾਸੇ ਪਿਓ ਦੀ ਅੱਗ ਸ਼ਾਂਤ ਨਹੀਂ ਹੋ ਰਹੀ ਸੀ। ਇਸ ਦੋਹਰੀ ਜੰਗ ਵਿੱਚ ਬਲੀ ਚੜ੍ਹ ਗਈ ਉਹ ਮਾਸੂਮ ਧੀ, ਜਿਸ ਦਾ ਕੋਈ ਕਸੂਰ ਨਹੀਂ ਸੀ।
ਪਾਪ ਲੁਕਾਉਣ ਦੀ ਨਾਕਾਮ ਕੋਸ਼ਿਸ਼
ਕਲੇਸ਼ ਦੀ ਇਸ ਅੱਗ ਨੇ ਦੋਸ਼ੀ ਨੂੰ ਇੰਨਾ ਅੰਨ੍ਹਾ ਕਰ ਦਿੱਤਾ ਸੀ ਕਿ ਕਤਲ ਤੋਂ ਬਾਅਦ ਉਸ ਨੇ ਪੁਲਿਸ ਅਤੇ ਕਾਨੂੰਨ ਤੋਂ ਬਚਣ ਲਈ ਧੀ ਦੀ ਲਾਸ਼ ਨੂੰ ਚੋਰੀ-ਛਿਪੇ ਸ਼ਮਸ਼ਾਨਘਾਟ ਲਿਜਾ ਕੇ ਫੂਕ ਦਿੱਤਾ। ਜਦੋਂ ਤੱਕ ਪੁਲਿਸ ਮੌਕੇ ‘ਤੇ ਪਹੁੰਚੀ, ਉੱਥੇ ਸਿਰਫ਼ ਚਿਖਾ ਦੀ ਸੁਆਹ ਬਾਕੀ ਸੀ। ਇੱਕ ਹੱਸਦਾ-ਖੇਡਦਾ ਪਰਿਵਾਰ ਅੱਜ ਖੇਰੂੰ-ਖੇਰੂੰ ਹੋ ਚੁੱਕਾ ਹੈ—ਪਿਓ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ, ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਧੀ ਮਿੱਟੀ ਵਿੱਚ ਮਿਲ ਚੁੱਕੀ ਹੈ।
ਇੱਕ ਸਬਕ: ਤੌਬਾ ਕਰੋ ਇਸ ਕਲੇਸ਼ ਤੋਂ..!
ਇਹ ਖ਼ਬਰ ਸਿਰਫ਼ ਇੱਕ ਅਪਰਾਧ ਦੀ ਕਹਾਣੀ ਨਹੀਂ, ਸਗੋਂ ਹਰ ਉਸ ਪਰਿਵਾਰ ਲਈ ਇੱਕ ਚਿਤਾਵਨੀ ਹੈ ਜੋ ਨਿੱਕੀਆਂ-ਨਿੱਕੀਆਂ ਗੱਲਾਂ ‘ਤੇ ਘਰ ਨੂੰ ਜੰਗ ਦਾ ਮੈਦਾਨ ਬਣਾ ਲੈਂਦੇ ਹਨ। ਅਲੀਪੁਰ ਮੰਡਵਾਲ ਦੀ ਇਸ ਘਟਨਾ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਸਾਡੀ ‘ਜ਼ਿੱਦ’ ਸਾਡੇ ਬੱਚਿਆਂ ਦੀ ਜ਼ਿੰਦਗੀ ਤੋਂ ਵੀ ਵੱਡੀ ਹੈ? ਪੁਲਿਸ ਨੇ ਦੋਸ਼ੀ ਵਿਰੁੱਧ ਕਤਲ (ਧਾਰਾ 103 BNS) ਅਤੇ ਸਬੂਤ ਮਿਟਾਉਣ (ਧਾਰਾ 238 BNS) ਦਾ ਮਾਮਲਾ ਦਰਜ ਕਰ ਲਿਆ ਹੈ, ਪਰ ਕੀ ਕਾਨੂੰਨ ਉਸ ਮਾਸੂਮ ਨੂੰ ਵਾਪਸ ਲਿਆ ਸਕੇਗਾ?







