ਪ੍ਰਦੂਸ਼ਣ ਦੀ ਅੱਗ- ” Notice – Notice ਦੀ ਖੇਡ: ਜਨਤਾ ਦਾ ਘੁੱਟ ਰਿਹੈ ਦਮ, ਅਫ਼ਸਰ ਕਹਿੰਦੇ ‘ਸਭ ਅੱਛਾ’..!”

Advertisement
Spread information

“ਪ੍ਰਦੂਸ਼ਣ ਨਾਲ  ਘੁੱਟਿਆ ਲੋਕਾਂ ਦਾ ਦਮ ਤੇ ਅਫ਼ਸਰਾਂ ਨੇ ‘ਨੋਟਿਸ’ ਦੀ ਚਾਦਰ ਤਾਣੀ: ਧੌਲਾ ਫੈਕਟਰੀ ਦੇ ਕਾਰਨਾਮੇ!”

ਹਰਿੰਦਰ ਨਿੱਕਾ, ਬਰਨਾਲਾ 15 ਫਰਵਰੀ 2026
     ਜ਼ਿਲ੍ਹਾ ਹੈੱਡਕੁਆਰਟਰ ਤੋਂ ਕੁੱਝ ਮਿੰਟਾਂ ਦੀ ਦੂਰੀ ਤੇ ਹੀ ਸਥਿਤ ਪਿੰਡ ਧੌਲਾ ਤੋਂ ਫਤਿਹਗੜ੍ਹ ਛੰਨਾਂ ਨੂੰ ਜਾਂਦੀ ਸੜਕ ‘ਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਇਕ ‘ਮਾਡਰਨ ਅੱਡਾ’ ਖੁੱਲ੍ਹ ਚੁੱਕਾ ਹੈ। ਇੱਥੇ ਇੱਕ ਫੈਕਟਰੀ ਪਿਛਲੇ ਲੰਬੇ ਸਮੇਂ ਤੋਂ ਹਵਾ, ਪਾਣੀ ਅਤੇ ਮਿੱਟੀ ਵਿੱਚ ਜ਼ਹਿਰ ਘੋਲ ਰਹੀ ਹੈ, ਪਰ ਸਬੰਧਿਤ ਵਿਭਾਗ ਦੇ ਅਧਿਕਾਰੀ ਅਜਿਹੀ ‘ਕੁੰਭਕਰਨੀ ਨੀਂਦ’ ਸੌਂ ਰਹੇ ਹਨ ਕਿ ਉਹਨਾਂ ਨੂੰ ਲੋਕਾਂ ਦੀਆਂ ਚੀਕਾਂ ਦੀ ਥਾਂ ਫੈਕਟਰੀ ਦੀਆਂ ਮਸ਼ੀਨਾਂ ਦੀ ਧੁੰਨ ਜ਼ਿਆਦਾ ਪਸੰਦ ਆ ਰਹੀ ਹੈ।           
ਪ੍ਰਦੂਸ਼ਣ ਬੋਰਡ ਦੀ ‘ਫਾਰਮੈਲਿਟੀ’: ਨੋਟਿਸ ਜਾਰੀ ਕਰਕੇ ਪੱਲਾ ਝਾੜਿਆ
    ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੇ ਐਕਸੀਅਨ ਸਾਹਿਬਜੀਤ ਨਾਲ ਇਸ ਬਾਰੇ ਗੱਲ ਕੀਤੀ ਗਈ, ਤਾਂ ਉਨ੍ਹਾਂ  ‘ਸਰਕਾਰੀ ਅੰਦਾਜ਼’ ਵਿੱਚ ਮੰਨਿਆ ਕਿ 2 ਫਰਵਰੀ ਨੂੰ ਗਾਰਸਨ ਇੰਡਸਟਰੀਜ਼ (ਅਪੈਕ ਲੈਮੀਨੇਟਸ) ਦੀ ਚੈਕਿੰਗ ਕੀਤੀ ਗਈ ਸੀ। ਚੈਕਿੰਗ ਵਿੱਚ ਇਹ ‘ਖੁਲਾਸਾ’ ਹੋਇਆ ਕਿ ਫੈਕਟਰੀ ਪਾਣੀ ਅਤੇ ਵਾਤਾਵਰਨ ਦੇ ਨਿਯਮਾਂ ਨੂੰ ਪੈਰਾਂ ਹੇਠ ਲਤਾੜ ਰਹੀ ਹੈ।

ਨਤੀਜਾ ਕੀ ਨਿਕਲਿਆ…?

    ਅਧਿਕਾਰੀਆਂ ਨੇ ਪਾਣੀ ਐਕਟ 1974 ਅਤੇ ਹਵਾ ਐਕਟ 1981 ਦੇ ਤਹਿਤ ਇੱਕ ‘ਕਾਰਨ ਦੱਸੋ ਨੋਟਿਸ’ (ਚਿੱਠੀ ਨੰਬਰ 2914) ਫੜਾ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ। ਹੁਣ ਸਵਾਲ ਇਹ ਹੈ ਕਿ ਕੀ ਇਹ ਨੋਟਿਸ ਸਿਰਫ਼ ਕਾਗਜ਼ੀ ਸ਼ੇਰ ਹੈ ਜਾਂ ਫੈਕਟਰੀ ‘ਤੇ ਕੋਈ ਅਸਲ ਕਾਰਵਾਈ ਵੀ ਹੋਵੇਗੀ?
ਖਾਨਾਪੂਰਤੀ ਦਾ ‘ਕਾਗਜ਼ੀ ਡਰਾਮਾ’
   ਧੌਲਾ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਕੁਲਦੀਪ ਸਿੰਘ ਰਾਜੂ ਨੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਤੰਦ ਕਸਦਿਆਂ ਦੱਸਿਆ ਕਿ ਇਹ ਫੈਕਟਰੀ ਇਲਾਕਾ ਨਿਵਾਸੀਆਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੀ ਹੈ। ਫੈਕਟਰੀ ਦੀ ਰਹਿੰਦ-ਖੂੰਹਦ ਨੂੰ ਲਿੰਕ ਰੋਡ ‘ਤੇ ਰੱਖ ਕੇ ਸ਼ਰੇਆਮ ਅੱਗ ਲਗਾਈ ਜਾਂਦੀ ਹੈ, ਜਿਵੇਂ ਕਿ ਕੋਈ ‘ਦੀਵਾਲੀ’ ਮਨਾਈ ਜਾ ਰਹੀ ਹੋਵੇ।           
ਵਿਅੰਗ: ਕੀ ਨੋਟਿਸ ਜਾਰੀ ਕਰਨ ਨਾਲ ਫੈਕਟਰੀ ਦੀ ਚਿਮਨੀ ਵਿੱਚੋਂ ਨਿਕਲਦਾ ਜ਼ਹਿਰੀਲਾ ਧੂੰਆਂ ਗੁਲਾਬ ਦੀ ਖੁਸ਼ਬੂ ਵਿੱਚ ਬਦਲ ਜਾਂਦਾ ਹੈ? ਇਹ ਸਵਾਲ ਅੱਜ ਹਰ ਪਿੰਡ ਵਾਸੀ ਦੇ ਮਨ ਵਿੱਚ ਹੈ।         

ਫੈਕਟਰੀ ਪ੍ਰਬੰਧਕਾਂ ਦਾ ਅਜੀਬ ਜਵਾਬ: “ਆਓ ਬੈਠ ਕੇ ਗੱਲ ਕਰਦੇ ਹਾਂ”
     ਦੂਜੇ ਪਾਸੇ ਫੈਕਟਰੀ ਪ੍ਰਬੰਧਕ ਪਿਓਸ ਗੋਇਲ ਨੇ ਨੋਟਿਸ ਮਿਲਣ ਦੀ ਪੁਸ਼ਟੀ ਤਾਂ ਕੀਤੀ, ਪਰ ਜਦੋਂ ਬੇਨਿਯਮੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੜੇ ਪਿਆਰ ਨਾਲ ‘ਆਫਰ’ ਦਿੱਤੀ— “ਫੈਕਟਰੀ ਆ ਜਾਵੋ, ਬੈਠ ਕੇ ਗੱਲ ਕਰਦੇ ਹਾਂ।” ਹੁਣ ਇਸ ‘ਬੈਠ ਕੇ ਗੱਲ ਕਰਨ’ ਦੇ ਪਿੱਛੇ ਕਿਹੜੀ ‘ਸੈਟਿੰਗ’ ਜਾਂ ਗੁਪਤ ਗੱਲਬਾਤ ਦਾ ਇਸ਼ਾਰਾ ਹੈ, ਇਹ ਸਮਝਣਾ ਕਿਸੇ ਲਈ ਵੀ ਔਖਾ ਨਹੀਂ ਹੈ।
    ਸਾਬਕਾ ਪੰਚ ਕੁਲਦੀਪ ਸਿੰਘ ਰਾਜੂ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਇਸ ‘ਕਾਗਜ਼ੀ ਕਾਰਵਾਈ’ ਅਤੇ ‘ਬੈਠ ਕੇ ਗੱਲ ਕਰਨ’ ਵਾਲੇ ਸਿਸਟਮ ਨੂੰ ਬੰਦ ਕਰਕੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਸਾਹ ਲੈਣ ਲਈ ਸ਼ੁੱਧ ਹਵਾ ਮਿਲ ਸਕੇ। ਰਾਜੂ ਨੇ ਕਿਹਾ ਕਿ ਜੇਕਰ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਸ ਲੜਾਈ ਨੂੰ ਅੰਜਾਮ ਤੱਕ ਲ਼ੈ ਜਾਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ। 

Advertisement
Advertisement
Advertisement
Advertisement
error: Content is protected !!