ਬਾਊ ਜੀ ਨੂੰ ਯਾਦ ਕਰਦਿਆਂ :-
ਭੋਗ 31 ਦਸੰਬਰ 2025, ਸਥਾਨ ਐਸ ਐਸ ਡੀ ਕਾਲਜ ਸੰਘੇੜਾ ਰੋਡ, ਨਜ਼ਦੀਕ ਤਰਕਸ਼ੀਲ ਚੌਕ ਬਰਨਾਲਾ
ਹਰਿੰਦਰ ਨਿੱਕਾ ਬਰਨਾਲਾ 30 ਦਸੰਬਰ 2025
“ਐਡਵੋਕੇਟ ਸ਼ਿਵ ਦਰਸ਼ਨ ਸ਼ਰਮਾ @ ਬਾਊ ਜੀ ਦਾ ਜੀਵਨ ਸਿਰਫ਼ ਸਾਲਾਂ ਦਾ ਲੇਖਾ-ਜੋਖਾ ਨਹੀਂ, ਸਗੋਂ ਸਿਧਾਂਤਾਂ ਦੀ ਇੱਕ ਅਜਿਹੀ ਪੁਸਤਕ ਹੈ ਜਿਸ ਦਾ ਹਰ ਪੰਨਾ ਸੱਚ, ਦਲੇਰੀ ਅਤੇ ਸੇਵਾ ਦੀ ਸਿਆਹੀ ਨਾਲ ਲਿਖਿਆ ਗਿਆ ਹੈ। 60 ਸਾਲ ਕਾਨੂੰਨ ਦੀ ਮਰਿਆਦਾ ਨੂੰ ਬਚਾਉਣਾ ਅਤੇ 45 ਸਾਲ ਵਿਦਿਆ ਦੇ ਮੰਦਰਾਂ ਦੀ ਸ਼ਾਨ ਵਧਾਉਣਾ ਕੋਈ ਸਧਾਰਨ ਕਾਰਜ ਨਹੀਂ। ਉਹ ਇੱਕ ਅਜਿਹਾ ਦਰਿਆ ਹਨ ਜਿਸ ਨੇ ਆਪਣੇ ਵਹਾਅ ਨਾਲ ਨਿਆਂ ਦੀ ਬੰਜਰ ਜ਼ਮੀਨ ਨੂੰ ਹਰਿਆਵਲ ਦਿੱਤੀ ਅਤੇ ਗਿਆਨ ਦੇ ਬੀਜ ਬੀਜ ਕੇ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਰੌਸ਼ਨ ਕੀਤਾ।”
ਹੋਣਹਾਰ ਬਿਰਵਾਨ ਕੇ, ਹੋਤ ਚੀਕਨੇ ਪਾਤ…
ਐਡਵੋਕੇਟ ਸ਼ਿਵਦਰਸ਼ਨ ਸ਼ਰਮਾ (ਬਾਊ ਜੀ) ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿਖੇ ਪਿਤਾ ਸ੍ਰੀ ਰਾਮ ਸਰਨ ਦਾਸ ਨਾਇਬ ਤਹਿਸੀਲਦਾਰ ਜੀ ਦੇ ਘਰ, ਮਾਤਾ ਰਾਮ ਪਿਆਰੀ ਜੀ ਦੀ ਕੁੱਖੋਂ ਦੇਸ਼ ਦੀ ਆਜ਼ਾਦੀ ਤੋਂ ਛੇ ਵਰ੍ਹੇ ਪਹਿਲਾਂ 26 ਅਗਸਤ 1941 ਨੂੰ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਵਿੱਦਿਆ ਸਰਕਾਰੀ ਹਾਈ ਸਕੂਲ ਬਰਨਾਲਾ ਤੋਂ ਪ੍ਰਾਪਤ ਕਰਕੇ ਐਸ.ਡੀ. ਕਾਲਜ ਬਰਨਾਲਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ। 
ਸਭ ਤੋਂ ਪਹਿਲਾਂ ਬਾਊ ਜੀ ਨੇ ਅਧਿਆਪਨ ਨੂੰ ਕਿੱਤੇ ਵਜੋਂ ਚੁਣਿਆ ਅਤੇ ਸ਼ਹਿਰ ਦੇ ਇੱਕ ਨਿੱਜੀ ਸਕੂਲ ਵਿੱਚ ਅੰਗਰੇਜ਼ੀ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਫਾਇਰ ਫਾਈਟਿੰਗ ਅਫ਼ਸਰ ਵਜੋਂ ਵੀ ਨੌਕਰੀ ਕੀਤੀ। ਅਖ਼ੀਰ, ਆਪਣੇ ਸੁਪਨਿਆਂ ਨੂੰ ਪਰਵਾਜ਼ ਦੇਣ ਲਈ ਉਨ੍ਹਾਂ ਚੰਡੀਗੜ੍ਹ ਦਾ ਰੁਖ਼ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਕੇ ਇੱਕ ਨਵੇਂ ਇਤਿਹਾਸ ਦੀ ਨੀਂਹ ਰੱਖੀ।
ਜੀਵਨ ਦੇ ਸਫ਼ਰ ਵਿੱਚ ਬਾਊ ਜੀ ਨੇ ਮਿਹਨਤ ਅਤੇ ਇਮਾਨਦਾਰੀ ਸਦਕਾ ਆਪਣੇ ਪ੍ਰੋਫੈਸ਼ਨ ਵਿੱਚ ਸਫ਼ਲਤਾ ਦੀਆਂ ਉਹ ਬੁਲੰਦੀਆਂ ਛੋਹੀਆਂ, ਜਿਨ੍ਹਾਂ ਦਾ ਲੋਕ ਸੁਪਨਾ ਲੈਂਦੇ ਹਨ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਿੰਨੇ ਉਹ ਦੁਨੀਆਂ ਦੀਆਂ ਨਜ਼ਰਾਂ ਵਿੱਚ ਉੱਚੇ ਉੱਠਦੇ ਗਏ, ਓਨੇ ਹੀ ਉਹ ਆਪਣੀਆਂ ਜੜ੍ਹਾਂ ਦੇ ਨੇੜੇ ਹੁੰਦੇ ਗਏ। ਵੱਡੇ-ਵੱਡੇ ਮਹਿਲ-ਨੁਮਾ ਘਰਾਂ ਦੀ ਚਮਕ-ਧਮਕ ਕਦੇ ਵੀ ਉਨ੍ਹਾਂ ਨੂੰ ਆਪਣੇ ਉਸ ਪੁਰਾਣੇ ਘਰ ਦੇ ਮੋਹ ਤੋਂ ਵੱਖ ਨਾ ਕਰ ਸਕੀ। ਉਨ੍ਹਾਂ ਦੀ ਜਾਨ ਹਮੇਸ਼ਾ ਕਿਲਾ ਮੁਹੱਲੇ ਦੀਆਂ ਉਨ੍ਹਾਂ ਗਲੀਆਂ ਵਿੱਚ ਹੀ ਵੱਸਦੀ ਰਹੀ, ਜਿੱਥੇ ਉਨ੍ਹਾਂ ਦਾ ਪੁਰਖਿਆਂ ਵਾਲਾ ਘਰ ਸੀ। ਉਹ ਆਖ਼ਰੀ ਸਾਹ ਤੱਕ ਆਪਣੇ ਉਸੇ ਪੁਰਾਣੇ ਆਲ੍ਹਣੇ ਵਿੱਚ ਰਹੇ, ਜੋ ਉਨ੍ਹਾਂ ਲਈ ਸਿਰਫ਼ ਇੱਕ ਮਕਾਨ ਨਹੀਂ, ਸਗੋਂ ਯਾਦਾਂ ਦਾ ਇੱਕ ਪੂਰਾ ਸਰਮਾਇਆ ਸੀ। 
ਬਾਊ ਜੀ ਨੇ ਆਪਣੇ ਸਮੇਂ ਦੇ ਦਿੱਗਜ ਅਤੇ ਪ੍ਰਸਿੱਧ ਵਕੀਲ ਦਰਬਾਰੀ ਲਾਲ ਟੰਡਨ ਜੀ ਤੋਂ ਵਕਾਲਤ ਦੇ ਗੁਰ ਸਿੱਖਣੇ ਸ਼ੁਰੂ ਕੀਤੇ। ਹਾਲੇ ਉਨ੍ਹਾਂ ਦੀ ਉਸਤਾਦੀ-ਸ਼ਾਗਿਰਦੀ ਦੇ ਸਫ਼ਰ ਨੂੰ ਸਿਰਫ਼ ਚੌਦਾਂ ਦਿਨ ਹੀ ਹੋਏ ਸਨ ਕਿ ਐਡਵੋਕੇਟ ਟੰਡਨ ਜੀ ਨੇ ਮਹਿਸੂਸ ਕਰ ਲਿਆ ਕਿ ਇਹ ‘ਬਾਜ਼‘ ਹੁਣ ਖੁੱਲ੍ਹੇ ਅਸਮਾਨ ਵਿੱਚ ਉੱਡਣ ਲਈ ਤਿਆਰ ਹੈ। ਉਨ੍ਹਾਂ ਬਾਊ ਜੀ ਦੀ ਤੀਖਣ ਬੁੱਧੀ ਅਤੇ ਅਦਾਲਤ ਵਿੱਚ ਕੇਸਾਂ ਦੀ ਕੀਤੀ ਜਾ ਰਹੀ ਪੈਰਵੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ‘ਆਜ਼ਾਦਾਨਾ ਪ੍ਰੈਕਟਿਸ‘ ਕਰਨ ਦਾ ਅਸ਼ੀਰਵਾਦ ਦੇ ਕੇ ਤੋਰ ਦਿੱਤਾ। ਬਾਊ ਜੀ ਨੇ 60 ਸਾਲ ਵਕਾਲਤ ਦੀ ਪ੍ਰੈਕਟਿਸ ਕੀਤੀ। ਉਹ ਕਈ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ।
ਵਿੱਦਿਅਕ ਕ੍ਰਾਂਤੀ ਦੇ ਮਸੀਹਾ
ਬਾਊ ਜੀ ਨੇ ਐਸ.ਡੀ. ਸਭਾ ਰਜਿਸਟਰਡ ਬਰਨਾਲਾ ਦੇ ਜਰਨਲ ਸਕੱਤਰ ਅਤੇ ਚੇਅਰਮੈਨ ਵਜੋਂ 45 ਸਾਲਾਂ ਤੱਕ ਨਿਸ਼ਕਾਮ ਸੇਵਾ ਨਿਭਾਈ ਅਤੇ ਆਲੀਸ਼ਾਨ ਵਿਦਿਅਕ ਅਦਾਰਿਆਂ ਦਾ ਨਿਰਮਾਣ ਕਰਵਾਇਆ। ਜੇਕਰ ਵਕਾਲਤ ਉਨਾਂ ਦਾ ਜਨੂੰਨ ਸੀ ਤਾਂ ਸਿੱਖਿਆ ਉਨਾਂ ਦਾ ਸਕੂਨ ਸੀ । ਸਾਲ 1980 ਦਾ ਉਹ ਦੌਰ ਬਾਊ ਜੀ ਦੇ ਜੀਵਨ ਵਿੱਚ ਇੱਕ ਵੱਡੀ ਚੁਣੌਤੀ ਬਣ ਕੇ ਆਇਆ, ਜਦੋਂ ਉਨ੍ਹਾਂ ਨੇ ‘ਐੱਸ.ਡੀ. ਸਭਾ (ਰਜਿ:) ਬਰਨਾਲਾ’ ਦੇ ਜਨਰਲ ਸਕੱਤਰ ਵਜੋਂ ਸੇਵਾ ਸੰਭਾਲੀ। ਇਹ ਅਹੁਦਾ ਕੋਈ ਫੁੱਲਾਂ ਦੀ ਸੇਜ ਨਹੀਂ, ਸਗੋਂ ਕੰਡਿਆਂ ਦਾ ਤਾਜ ਸੀ। ਉਸ ਵੇਲੇ ਸਭਾ ਦੇ ਹਾਲਾਤ ਬੇਹੱਦ ਨਾਜ਼ੁਕ ਸਨ; ਵਿੱਦਿਅਕ ਅਦਾਰਿਆਂ ਦੇ ਨਾਂ ’ਤੇ ਸਿਰਫ਼ ਦੋ ਛੋਟੇ ਪ੍ਰਾਇਮਰੀ ਸਕੂਲ ਸਨ। ਇੱਕ ਗੀਟੀ ਬਾਬਾ ਮੰਦਰ ਦੇ ਕੁਝ ਕਮਰਿਆਂ ਵਿੱਚ ਸਿਮਟਿਆ ਹੋਇਆ ਅਤੇ ਦੂਜਾ ਪੰਚਾਇਤੀ ਮੰਦਰ ਦੀ ਬਗਲ ਵਿੱਚ। ਸੀਮਤ ਸੰਸਾਧਨਾਂ ਅਤੇ ਤਿੰਨ ਹਜ਼ਾਰ ਰੁਪਏ ਦੇ ਵਿੱਤੀ ਘਾਟੇ ਵਿੱਚ ਡੁੱਬੀ ਇਸ ਸੰਸਥਾ ਨੂੰ ਮੁੜ ਸੁਰਜੀਤ ਕਰਨਾ ਇੱਕ ਕਠਿਨ ਪ੍ਰੀਖਿਆ ਸੀ।
ਪਰ ਬਾਊ ਜੀ ਨੇ ਆਪਣੀ ਵਿਲੱਖਣ ਕਾਬਲੀਅਤ, ਸਨਾਤਨੀ ਸੋਚ ਅਤੇ ਲੋਕ-ਸੇਵਾ ਦੇ ਜਜ਼ਬੇ ਨਾਲ ਸਭਾ ਦੀ ਨੁਹਾਰ ਬਦਲਣ ਲਈ ਕਮਰ ਕੱਸ ਲਈ। ਉਨ੍ਹਾਂ ਦੀ ਅਗਵਾਈ ਹੇਠ ਵਿੱਦਿਆ ਦਾ ਉਹ ਚਿਰਾਗ਼ ਬਲਿਆ, ਜਿਸ ਨੇ ਹਨੇਰਿਆਂ ਨੂੰ ਦੂਰ ਕਰ ਦਿੱਤਾ। ਸਮੇਂ ਦੇ ਗੇੜ ਨਾਲ, ਦੋ ਸਕੂਲਾਂ ਤੋਂ ਸ਼ੁਰੂ ਹੋਇਆ ਇਹ ਸਫ਼ਰ ਛੇ ਆਧੁਨਿਕ ਵਿੱਦਿਅਕ ਸੰਸਥਾਵਾਂ ਤੱਕ ਜਾ ਪਹੁੰਚਿਆ। ਬਾਊ ਜੀ ਦੀ ਦ੍ਰਿੜ ਇੱਛਾ-ਸ਼ਕਤੀ ਦਾ ਸਭ ਤੋਂ ਉੱਤਮ ਪ੍ਰਮਾਣ ‘ਟੰਡਨ ਇੰਟਰਨੈਸ਼ਨਲ ਸਕੂਲ’ ਬਰਨਾਲਾ ਵੀ ਹੈ। ਆਈ.ਸੀ.ਐੱਸ.ਈ. (ICSE) ਪੈਟਰਨ ’ਤੇ ਆਧਾਰਿਤ ਇਸ ਆਧੁਨਿਕ ਸਕੂਲ ਨੂੰ ਬਣਾ ਕੇ ਉਨ੍ਹਾਂ ਨੇ ਬਰਨਾਲਾ ਇਲਾਕੇ ਦੇ ਬੱਚਿਆਂ ਲਈ ਵਿਸ਼ਵ-ਪੱਧਰੀ ਸਿੱਖਿਆ ਦੇ ਰਾਹ ਖੋਲ੍ਹ ਦਿੱਤੇ।
ਨੈਤਿਕਤਾ ਦੀ ਖਿੱਚ ਦਿੱਤੀ ਲਕੀਰ
ਬਾਊ ਜੀ ਨੇ ਨੈਤਿਕਤਾ ਦੀ ਇੱਕ ਅਜਿਹੀ ਲਕੀਰ ਖਿੱਚੀ ਜੋ ਪੀੜ੍ਹੀਆਂ ਨੂੰ ਰਾਹ ਦਿਖਾਏਗੀ। ਲੰਬੇ ਅਰਸੇ ਤੱਕ ਸ਼ਹਿਰ ਦੀਆਂ 6 ਆਲੀਸ਼ਾਨ ਵਿਦਿਅਕ ਸੰਸਥਾਵਾਂ ਦੀ ਅਗਵਾਈ ਕਰਨ ਦੇ ਬਾਵਜੂਦ, ਉਨ੍ਹਾਂ ਦੀ ਜੀਵਨ-ਸੰਗਿਨੀ ਸ਼੍ਰੀਮਤੀ ਸ਼ੀਤਲ ਮੌਦਗਿਲ ਅੱਜ ਵੀ 75 ਵਰ੍ਹਿਆਂ ਦੀ ਉਮਰ ਵਿੱਚ ਸ਼ਹਿਰ ਦੇ ‘ਜੈਨ ਹੈਪੀ ਮਾਡਲ ਸਕੂਲ’ ਵਿੱਚ ਮਾਮੂਲੀ ਤਨਖ਼ਾਹ ’ਤੇ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜੇਕਰ ਉਹ ਚਾਹੁੰਦੇ ਤਾਂ ਆਪਣੀ ਪਤਨੀ ਨੂੰ ਸਭਾ ਦੇ ਕਿਸੇ ਸੰਸਥਾਨ ਵਿਚ ਮੋਟੀ ਤਨਖਾਹ ਤੇ ਰੱਖ ਸਕਦੇ ਸਨ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।
ਜਿਊਂਦੇ ਜੀਅ ਕੀਤਾ ਤਿਆਗ
ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਅਤੇ ਸਿੱਖਿਆ ਨੂੰ ਧੁਰ ਅੰਦਰੋਂ ਪ੍ਰਣਾਏ ਹੋਏ ਐਡਵੋਕੇਟ ਸ਼ਿਵ ਸਿੰਗਲਾ ਦੀ ਕਾਬਲੀਅਤ, ਇਮਾਨਦਾਰੀ, ਭਰੋਸੇਯੋਗਤਾ ਅਤੇ ਜਨੂੰਨ ਨੂੰ ਬਾਊ ਜੀ ਦੀ ਪਾਰਖੂ ਅੱਖ ਨੇ ਕਰੀਬ ਵੀਹ ਵਰ੍ਹੇ ਪਹਿਲਾਂ ਪਛਾਣਿਆ। ਉਨ੍ਹਾਂ ਨੇ ਸ਼ਿਵ ਨੂੰ ਆਪਣਾ ਹੀ ਰੂਪ ਅਤੇ ਰੂਹ ਸਮਝ ਕੇ, ਆਪਣਾ ਜਨਰਲ ਸਕੱਤਰ ਦਾ ਅਹੁਦਾ ਦੇ ਕੇ ਨਿਵਾਜਿਆ ਹੀ ਨਹੀਂ, ਬਲਕਿ ਖੁਦ ਉਸ ਦਾ ਸਾਰਥੀ ਬਣ ਕੇ, ਉਸ ਤੋਂ ਆਪਣੇ ਮਨ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਖੂਨ ਪਸੀਨੇ ਨਾਲ ਸਿੰਜੀ ਵਿਦਿਆ ਦੀ ਫੁਲਵਾੜੀ ਦਾ ਵਾਰਿਸ ਵੀ ਬਣਾਇਆ।
ਕੁਦਰਤ ਦੇ ਰੰਗ ਵੀ ਕਿੰਨੇ ਅਜੀਬ ਹਨ ! ਜਦੋਂ ਬਾਊ ਜੀ ਆਪਣੇ ਜੀਵਨ ਦੇ ਅੰਤਿਮ ਮੋੜ ‘ਤੇ ਸਨ, ਤਾਂ ਸ਼ਾਇਦ ਮੌਤ ਵੀ ਉਨ੍ਹਾਂ ਦੇ ਸੁਪਨੇ ਦੇ ਪੂਰਾ ਹੋਣ ਦੀ ਉਡੀਕ ਕਰ ਰਹੀ ਸੀ। ਉਨ੍ਹਾਂ ਦੇ ਆਖ਼ਰੀ ਸਾਹ ਲੈਣ ਤੋਂ ਸਿਰਫ਼ ਇੱਕ ਦਿਨ ਪਹਿਲਾਂ ਖ਼ਬਰ ਆਈ ਕਿ ਹਾਰਦਿਕ ਕੌਂਸਲ ‘ਜੱਜ‘ ਬਣ ਗਏ ਹਨ। ਜਦੋਂ ਇਹ ਖ਼ਬਰ ਬਾਊ ਜੀ ਦੇ ਕੰਨਾਂ ਵਿੱਚ ਪਈ, ਤਾਂ ਉਨ੍ਹਾਂ ਦੇ ਚਿਹਰੇ ‘ਤੇ ਉਹ ਸਕੂਨ ਅਤੇ ਮੁਸਕਰਾਹਟ ਆਈ,ਉਨ੍ਹਾਂ ਦਾ ਸਪਨਾ ਹਕੀਕਤ ਵਿੱਚ ਬਦਲ ਗਿਆ । ਉਸੇ ਮੁਸਕਰਾਹਟ ਨੂੰ ਆਪਣੇ ਬੁੱਲ੍ਹਾਂ ‘ਤੇ ਸਜਾ ਕੇ, ਉਹ ਕਰਮਯੋਗੀ ਹਮੇਸ਼ਾ ਲਈ ਖ਼ਾਮੋਸ਼ ਹੋ ਗਿਆ।
ਬਾਊ ਜੀ ਅੱਜ ਸਰੀਰਕ ਤੌਰ ‘ਤੇ ਸਾਡੇ ਵਿਚਕਾਰ ਨਹੀਂ ਹਨ, ਪਰ ਬਰਨਾਲਾ ਦੀ ਕਚਹਿਰੀ ਦੀਆਂ ਕੰਧਾਂ ਅੱਜ ਵੀ ਉਨ੍ਹਾਂ ਦੀਆਂ ਦਲੀਲਾਂ ਦੀ ਗੂੰਜ ਸੁਣਦੀਆਂ ਹੋਣਗੀਆਂ। ਐਸ.ਡੀ. ਸਭਾ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੇ ਹਜ਼ਾਰਾਂ ਬੱਚਿਆਂ ਦੇ ਰੌਸ਼ਨ ਭਵਿੱਖ ਵਿੱਚ ਬਾਊ ਜੀ ਦੀ ਮਿਹਨਤ ਦੀ ਝਲਕ ਸਦਾ ਕਾਇਮ ਰਹੇਗੀ।







