ਹਰਿੰਦਰ ਨਿੱਕਾ, ਬਰਨਾਲਾ 29 ਦਸੰਬਰ 2025
ਜਿਲ੍ਹੇ ਦੇ ਪਿੰਡ ਛੀਨੀਵਾਲ ਕਲਾਂ ਤੋਂ ਰੋਜ਼ੀ-ਰੋਟੀ ਅਤੇ ਸੁਨਹਿਰੀ ਭਵਿੱਖ ਦੀ ਉਮੀਦ ਨਾਲ ਕੈਨੇਡਾ ਪਹੁੰਚੇ ਇੱਕ ਨੌਜਵਾਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਦੀ ਖਬਰ ਨੇ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਸਦਮਾ ਦਿੱਤਾ ਹੈ, ਉੱਥੇ ਹੀ ਪੂਰੇ ਪਿੰਡ ਵਿੱਚ ਮਾਤਮ ਪਸਰ ਗਿਆ ਹੈ।
ਮ੍ਰਿਤਕ ਦੀ ਪਛਾਣ ਬਲਤੇਜ ਸਿੰਘ (24) ਪੁੱਤਰ ਜਗਤਾਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਲਤੇਜ ਸਿੰਘ ਕੈਨੇਡਾ ਦੇ ਸਰੀ (Surrey) ਸ਼ਹਿਰ ਵਿੱਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ। ਬੀਤੇ ਦਿਨੀਂ ਅਚਾਨਕ ਦਿਲ ਦੀ ਗਤੀ ਰੁਕਣ ਕਾਰਨ ਉਸ ਦੀ ਮੌਤ ਹੋ ਗਈ। ਬਲਤੇਜ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ‘ਤੇ ਪੂਰੇ ਪਰਿਵਾਰ ਦੀਆਂ ਉਮੀਦਾਂ ਟਿਕੀਆਂ ਹੋਈਆਂ ਸਨ। ਪੁੱਤ ਦੀ ਮੌਤ ਦਾ ਪਤਾ ਲੱਗਦਿਆਂ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਦੀਆਂ ਨਜਰਾਂ ਪੁੱਤ ਲਾਸ਼ ਆਉਣ ਤੇ ਟਿਕੀਆਂ ਹੋਈਆਂ ਹਨ।
ਮ੍ਰਿਤਕ ਦੇਹ ਭਾਰਤ ਲਿਆਉਣ ‘ਚ ਪਿਆ ਅੜਿੱਕਾ
ਇਕਲੌਤੇ ਪੁੱਤਰ ਨੂੰ ਗੁਆਉਣ ਦੇ ਗ਼ਮ ਵਿੱਚ ਡੁੱਬੇ ਪਰਿਵਾਰ ਅੱਗੇ ਹੁਣ ਸਭ ਤੋਂ ਵੱਡੀ ਚੁਣੌਤੀ ਬਲਤੇਜ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਿਸ ਲਿਆਉਣਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਾਗਜ਼ੀ ਕਾਰਵਾਈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਲਾਸ਼ ਨੂੰ ਵਾਪਸ ਲਿਆਉਣ ਲਈ ਲਗਭਗ 25 ਤੋਂ 27 ਲੱਖ ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਹੈ। ਪਰਿਵਾਰ ਦੀ ਆਰਥਿਕ ਸਥਿਤੀ ਇੰਨੀ ਮਜ਼ਬੂਤ ਨਹੀਂ ਹੈ ਕਿ ਉਹ ਇੰਨੀ ਵੱਡੀ ਰਕਮ ਦਾ ਪ੍ਰਬੰਧ ਆਪਣੇ ਪੱਧਰ ‘ਤੇ ਕਰ ਸਕਣ।
ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ
ਪੁੱਤ ਦੀ ਲਾਸ਼ ਲਿਆਉਣ ਤੋਂ ਬੇਵੱਸ ਮਾਪਿਆਂ ਨੇ ਜਿੱਥੇ ਪ੍ਰਸ਼ਾਸ਼ਨ, ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਲਾਸ਼ ਲਿਆਉਣ ਲਈ ਪੁਕਾਰ ਕੀਤੀ ਹੈ। ਉੱਥੇ ਹੀ ਉਨਾਂ ਨੇ ਜ਼ਿਲ੍ਹੇ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਇਸ ਔਖੀ ਘੜੀ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪੁੱਤਰ ਦਾ ਅੰਤਿਮ ਦੀਦਾਰ ਕਰ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਪਿੰਡ ਦੀ ਮਿੱਟੀ ਵਿੱਚ ਕਰ ਸਕਣ।







