ਚੰਡੀਗੜ੍ਹ ਰਵਾਨਾ ਹੋਇਆ ਗੁਰਦੀਪ ਬਾਠ…..!
ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੈਦਾਨ ‘ਚ ਬਾਠ ਵੀ ਪਰ ਤੋਲਣ ਲੱਗਿਆ….
ਹੁਣ ਬਾਠ ਕੀਹਦੀਆਂ ਬੇੜੀਆਂ ‘ਚ ਪਾਉਣਗੇ ਵੱਟੇ, ਉਹ ਦੇ ਵਰਕਰ ਵੀ ਹੋਏ ਫਿਰਦੇ ਤੱਤੇ
ਹਰਿੰਦਰ ਨਿੱਕਾ, ਬਰਨਾਲਾ 1 ਦਸਬੰਰ 2025
ਬਰਨਾਲਾ ਹਲਕੇ ਦੀ ਲੰਘੀ ਜਿਮਨੀ ਚੋਣ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀਆਂ ਬੇੜੀਆਂ ਵਿੱਚ ਵੱਟੇ ਪਾ ਕੇ, ਉਸ ਨੂੰ ਹਰਾਉਣ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਆਪ ਤੋਂ ਬਾਗੀ ਆਗੂ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਹੁਣ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੈਦਾਨ ‘ਚ ਬਾਠ ਪਰ ਤੋਲਣ ਲਈ ਵਿਊਂਤਬੰਦੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਓਹ ਜਲਦ ਹੀ ਆਪਣੇ ਸਮਰਥੱਕਾਂ ਨਾਲ ਮੀਟਿੰਗ ਕਰਕੇ, ਇੱਨਾਂ ਪੇਂਡੂ ਚੋਣਾਂ ਵਿੱਚ ਹਿੱਸਾ ਲੈਣ ਬਾਰੇ ਫੈਸਲਾ ਕਰਨਗੇ। ਬਾਠ ਦੇ ਭਰੋਸੇਯੋਗ ਇੱਕ ਆਗੂ ਦੀ ਗੱਲ ਤੇ ਯਕੀਨ ਕਰੀਏ ਤਾਂ ਗੁਰਦੀਪ ਸਿੰਘ ਬਾਠ “ਅੱਜ” ਵੀ ਕਿਸੇ ਰਾਜਸੀ ਮਿਸ਼ਨ ਤੇ ਚੰਡੀਗੜ੍ਹ ਲਈ ਰਵਾਨਾ ਹੋ ਚੁੱਕੇ ਹਨ।
ਵਿਧਾਨ ਸਭਾ ਦੀ ਜਿਮਨੀ ਚੋਣ ਮੌਕੇ ਆਪਣੇ ਬਲਬੂਤੇ ਤੇ ਵੱਡੀਆਂ ਰਾਜਸੀ ਪਾਰਟੀਆਂ ਨੂੰ ਚੁਣੌਤੀ ਦੇ ਕੇ, 16 ਹਜ਼ਾਰ ਤੋਂ ਵੱਧ ਵੋਟਾਂ ਅਜ਼ਾਦ ਉਮੀਦਵਾਰ ਵਜੋਂ ਹਾਸਿਲ ਕਰ ਚੁੱਕੇ ਗੁਰਦੀਪ ਸਿੰਘ ਬਾਠ ਨੂੰ ਹਲਕੇ ਦੇ ਪੇਂਡੂ ਵੋਟਰਾਂ ਨੇ ਭਰਵਾਂ ਸਮਰਥਨ ਦਿੱਤਾ ਸੀ। ਬਾਠ ਨੇ ਚੋਣ ਤੋਂ ਬਾਅਦ ਭਦੌੜ ਹਲਕੇ ਵਿੱਚ ਵੀ ਵੱਡਾ ਇਕੱਠ ਕਰਕੇ, ਇਹ ਸੰਕਤ ਦਿੱਤਾ ਸੀ ਕਿ ਉਹ ਇਕੱਲੇ ਬਰਨਾਲਾ ਵਿਧਾਨ ਸਭਾ ਹਲਕੇ ਤੱਕ ਹੀ ਸੀਮਿਤ ਰਹਿਣ ਵਾਲੇ ਨਹੀਂ, ਉਨਾਂ ਦੇ ਸਮਰਥਕਾਂ ਦਾ ਦਾਇਰਾ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਵਿੱਚ ਵੀ ਹੈ। ਇਸੇ ਲਈ ਓਹ ਲੋਕਾਂ ਦੇ ਦੁਖ ਸੁੱਖ ਵਿੱਚ ਜਿਲ੍ਹੇ ਅੰਦਰ ਹੀ ਵਿਚਰਦੇ ਆ ਰਹੇ ਹਨ। ਕਾਰਣ ਸਾਫ ਹੈ ਕਿ ਬਾਠ ਨੂੰ ਦੋ ਵਾਰ ਲਗਾਤਾਰ ਆਪ ਦੇ ਜਿਲ੍ਹਾ ਪ੍ਰਧਾਨ ਵਜੋਂ ਜਮੀਨੀ ਪੱਧਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ। ਬਾਠ ਨੇ ਆਪਣੀ ਪ੍ਰਧਾਨਗੀ ਸਮੇਂ ਵਿਧਾਨ ਸਭਾ ਹੀ ਨਹੀਂ, ਪਾਰਟੀ ਲਈ 3 ਲੋਕ ਸਭਾ ਚੋਣਾਂ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ ਹੈ।
ਉਨਾਂ ਦੀ ਟ੍ਰਮ ਵਿੱਚ ਸਿਰਫ ਇੱਕ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਹੀ ਪਾਰਟੀ ਨੂੰ ਮਾਮੂਲੀ ਵੋਟਾਂ ਦੇ ਫਰਕ ਨਾਲ ਹਾਰ ਮਿਲੀ, ਜਦੋਂਕਿ ਬਾਕੀ ਸਭ ਚੋਣਾਂ ਵਿੱਚ, ਉਹ ਪਾਰਟੀ ਨੂੰ ਜਿਤਾਉਣ ਵਿੱਚ ਸਫਲ ਹੋਏ ਸਨ। ਇਸ ਲਈ ਪਾਰਟੀ ਦੇ ਆਗੂ ਤੇ ਜਮੀਨ ਨਾਲ ਜੁੜੇ ਵਰਕਰ ਬਾਠ ਨਾਲ ਗੂੜੀ ਸਾਂਝ ਰੱਖਦੇ ਰਹੇ ਹਨ। ਇਸੇ ਕਾਰਣ, ਹੁਣ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੈਦਾਨ ਵਿੱਚ ਨਿੱਤਰਣ ਵਾਲੇ ਆਗੂ ਲਗਾਤਾਰ ਬਾਠ ਨਾਲ ਸੰਪਰਕ ਕਰ ਰਹੇ ਹਨ। ਗੁਰਦੀਪ ਬਾਠ ਨੇ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਉਹ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਵਿੱਚ ਹੀ ਹਨ। ਉਹ ਜਲਦ ਹੀ ਆਪਣੇ ਸਮਰਥਕਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਸੱਦ ਕੇ, ਚੋਣਾਂ ਸਬੰਧੀ ਫੈਸਲਾ ਕਰਨਗੇ ਕਿ ਕਿਹੜੇ ਕਿਹੜੇ ਜਿਲ੍ਹਾ ਪ੍ਰੀਸ਼ਦ ਹਲਕੇ ਅਤੇ ਪੰਚਾਇਤ ਸੰਮਤੀ ਜੋਨ ਤੋਂ ਕਿਹੜਾ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਜਾਵੇੇ । ਉਨਾਂ ਕਿਹਾ ਕਿ ਆਪਣੇ ਸਮਰਥਕਾਂ ਦੀ ਰਾਇ ਸਲਾਹ ਤੋਂ ਬਾਅਦ ਉਹ ਪਿੰਡਾਂ ਦੇ ਲੋਕਾਂ ਨਾਲ ਮਸ਼ਵਰਾ ਕਰਕੇ, ਸਾਫ ਅਕਸ ਵਾਲੇ ਉਮੀਦਵਾਰ ਮੈਦਾਨ ਵਿੱਚ ਉਤਾਰਨ ਨੂੰ ਪਹਿਲ ਦੇਣਗੇ। ਉਨਾਂ ਕਿਹਾ ਕਿ ਜੇਕਰ ਸਮਰਥਕਾਂ ਦੀ ਸਹਿਮਤੀ ਚੋਣ ਲੜਨ ਲਈ ਬਣੀ ਤਾਂ ਫਿਰ ਉਹ ਆਪਣੇ ਸਮਰਥਕ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ।







