ਲੋਕ ਟੈਕਨੌਲੋਜੀ ਦੇ ਦੌਰ ‘ਚ ਮਨੋਰੰਜਨ ਦੇ ਵੱਖੋ-ਵੱਖਰੇ ਸਾਧਨਾਂ ਵਿੱਚ ਗਲਤਾਨ-ਸੁਧਾਂਸ਼ੂ ਸ਼੍ਰੀ ਮਹਾਰਾਜ
ਹਰਿੰਦਰ ਨਿੱਕਾ, ਬਰਨਾਲਾ, 29 ਨਵੰਬਰ 2025
ਸਤਸੰਗ ਅਤੇ ਸੇਵਾ ਨੂੰ ਮਾਧਿਅਮ ਬਣਾ ਕੇ ਦੁਨਿਆਂ ਅੰਦਰ ਚੰਗੇ ਸੰਸਕਾਰ ਪੈਦਾ ਕਰਨ,ਅਧਿਆਤਮਿਕਤਾ ਅਤੇ ਗਿਆਨ ਦੀ ਰੌਸ਼ਨੀ ਫੈਲਾਉਣ ਲਈ ਯਤਨਸ਼ੀਲ ਵਿਸ਼ਵ ਜਾਗ੍ਰਿਤੀ ਮਿਸ਼ਨ ਦੇ ਸੰਸਥਾਪਕ ਗੁਰੂਦੇਵ ਸੁਧਾਂਸ਼ੂ ਸ਼੍ਰੀ ਮਹਾਰਾਜ, ਅੱਜ ਆਸਥਾ ਕਲੋਨੀ ਦੇ ਮਾਲਿਕ ਤੇ ਪ੍ਰਸਿੱਧ ਸਮਾਜ ਸੇਵੀ ਦੀਪਕ ਬਾਂਸਲ ਸੋਨੀ ਦੇ ਘਰ ਮੀਡੀਆ ਦੇ ਰੂਬਰੂ ਹੋਏ। ਸੁਧਾਂਸ਼ੂ ਸ਼੍ਰੀ ਮਹਾਰਾਜ ਨੇ ਇਸ ਮੌਕੇ ਮੀਡੀਆ ਵੱਲੋਂ ਪੁੱਛੇ ਸਵਾਲਾਂ ਦੇ ਬਹੁਤ ਹੀ ਸਹਿਜ਼ ਢੰਗ ਨਾਲ ਜੁਆਬ ਦਿੱਤੇ ਅਤੇ ਚੰਗੀ ਜਿੰਦਗੀ ਜਿਊਣ ਲੋਕਾਂ ਨੂੰ ਜੀਵਨਸ਼ੈਲੀ ‘ਚ ਬਦਲਾਅ ਲਿਆ ਕੇ ਸੁਖਾਲਾ ਜੀਵਨ ਜਿਊਣ ਦੇ ਗੁਰ ਵੀ ਦੱਸੇ। 
ਸੁਧਾਂਸ਼ੂ ਸ਼੍ਰੀ ਮਹਾਰਾਜ ਨੇ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਬਾਵਜੂਦ ਵੀ ਸਮਾਜ ਅੰਦਰ ਨੈਤਿਕ ਕਦਰਾਂ ਕੀਮਤਾਂ ਦੀ ਕਮੀ ਹੋਣ ਅਤੇ ਅਨੈਤਿਕ ਘਟਨਾਵਾਂ ਦੇ ਵਾਧੇ ਨੂੰ ਕਬੂਲਦਿਆਂ ਕਿਹਾ ਕਿ ਦਰਅਸਲ ਮੌਜੂਦਾ ਦੌਰ ਵਿੱਚ ਧਾਰਮਿਕ ਸਮਾਗਮ ਵੀ ਮਨੋਰੰਜਨ ਦਾ ਸਾਧਨ ਬਣਕੇ ਰਹਿ ਗਏ ਹਨ। ਲੋਕ ਧਰਮ ਦਾ ਪ੍ਰਦਰਸ਼ਨ ਜਿਆਦਾ ਕਰਦੇ ਹਨ, ਪਰ ਧਰਮ ਦੇ ਅਸੂਲਾਂ ਦੇ ਅਮਲ ਕਰਨ ਤੋਂ ਕਿਨਾਰਾ ਕਰਦੇ ਜਾ ਰਹੇ ਹਨ। ਉਨਾਂ ਕਿਹਾ ਕਿ ਬਾਵਜੂਦ ਅਜਿਹੇ ਵਰਤਾਰੇ ਦੇ ਦੇਸ਼ ਅੰਦਰ ਹਰ ਕੁਦਰਤੀ ਆਫਤਾਂ ਦੀ ਘੜੀ ਵਿੱਚ ਹਰ ਧਰਮ ਦੇ ਲੋਕ, ਆਪ ਮੁਹਾਰੇ ਇੱਕ ਦੂਜੇ ਤੋਂ ਮੋਹਰੀ ਭੂਮਿਕਾ ਵਿੱਚ ਕੰਮ ਕਰਦੇ ਹਨ, ਇਹ ਸਭ ਧਰਮ ਦੇ ਪ੍ਰਭਾਵ ਦੇ ਸਦਕਾ ਹੀ ਸੰਭਵ ਹੋ ਰਿਹਾ ਹੈ। ਉਨਾਂ ਕਿਹਾ ਕਿ ਟੈਕਨੌਲੋਜੀ ਦੇ ਦੌਰ ਵਿੱਚ ਲੋਕ 24 ਘੰਟਿਆਂ ਵਿੱਚੋਂ ਸਿਰਫ ਇੱਕ ਦੋ ਘੰਟੇ ਆਪੋ-ਆਪਣੀ ਆਸਥਾ ਦੇ ਕੇਂਦਰਾਂ ਜਰੀਏ ਧਰਮ ਦੀ ਗੱਲ ਸੁਣਦੇ ਜਾਂ ਅਧਿਆਤਮਕਤਾ ਨਾਲ ਜੁੜਦੇ ਹਨ, ਪਰੰਤੂ 22 ਘੰਟੇ ਤਾਂ ਟੈਕਨੌਲੋਜੀ ਦੇ ਸੰਚਾਰ ਅਤੇ ਮਨੋਰੰਜਨ ਦੇ ਵੱਖੋ-ਵੱਖਰੇ ਸਾਧਨਾਂ ਵਿੱਚ ਗਲਤਾਨ ਰਹਿੰਦੇ ਹਨ। ਇਹ ਹੀ ਨੈਤਿਕ ਕਦਰਾਂ ਕੀਮਤਾਂ ਵਿੱਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਣ ਹੈ।
ਸੁਧਾਂਸ਼ੂ ਸ਼੍ਰੀ ਮਹਾਰਾਜ ਨੇ ਇਸ ਗੱਲ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਬਾਹਰਲੇ ਮੁਲਕਾਂ ਵਿੱਚ ਬੱਚਿਆਂ ਅਤੇ ਬਾਲਗਾਂ ਲਈ ਵੱਖ ਵੱਖ ਪ੍ਰੋਗਰਾਮ ਹੁੰਦੇ ਹਨ, ਬਾਲਗਾਂ ਦੇ ਦੇਖਣ ਜਾਂ ਸੁਣਨ ਵਾਲੀ ਸਮੱਗਰੀ,ਬੱਚਿਆਂ ਲਈ ਬੈਨ ਹੈ। ਪਰੰਤੂ ਸਾਡੇ ਦੇਸ਼ ਅੰਦਰ ਅਜਿਹੀ ਕੋਈ ਵਿਵਸਥਾ ਹੀ ਨਹੀਂ, ਇੱਥੇ ਹਾਲਤ ਹਿਸ ਤਰਾਂ ਬਦਤਰ ਹੋ ਚੁੱਕੇ ਹਨ ਕਿ ਮਾਪਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨਾਂ ਦੇ ਬੱਚੇ ਕੀ ਕੀ ਦੇਖ ਅਤੇ ਸੁਣ ਰਹੇ ਹਨ। ਇਸ ਦੇ ਮਾੜੇ ਪ੍ਰਭਾਵ ਕਾਰਣ ਅਨੈਤਿਕ ਘਟਨਾਵਾਂ ਵੱਧਦੀਆਂ ਹਨ।
ਉਨਾਂ ਵਿਸ਼ਵ ਜਾਗ੍ਰਿਤੀ ਮਿਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਚੰਗੀ ਸੋਚ ਅਤੇ ਸੰਸਕਾਰਾਂ ਦਾ ਧਾਰਨੀ ਬਣਾਉਣਾ ਅਤੇ ਸੇਵਾ ਕੰਮਾਂ ਨਾਲ ਜੋੜਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਇਸ ਸੰਕਲਪ ਨੂੰ ਪੂਰਾ ਕਰਨ ਲਈ ਵਿਸ਼ਵ ਜਾਗ੍ਰਿਤੀ ਮਿਸ਼ਨ ਹਰ ਸੰਭਵ ਜੱਦੋਜਹਿਦ ਕਰ ਰਿਹਾ ਹੈ। ਉਨਾਂ ਦੱਸਿਆ ਕਿ ਮਿਸ਼ਨ ਵੱਲੋਂ 2 ਹਸਪਤਾਲ ਦਿੱਲੀ ਅਤੇ ਫਰੀਦਾਬਾਦ ਵਿੱਚ ਚਲਾਏ ਜਾ ਰਹੇ ਹਨ, ਜਿੰਨਾਂ ਵਿੱਚ ਹੁਣ ਤੱਕ 16 ਲੱਖ ਦੇ ਕਰੀਬ ਲੋਕ ਇਲਾਜ ਕਰਵਾ ਚੁੱਕੇ ਹਨ। ਤਿੰਨ ਗੁਰੂਕੁਲ ਦਿੱਲੀ, ਕਾਨਪੁਰ ਤੇ ਨਾਗਪੁਰ ਵਿਖੇ ਬਣਾਏ ਜਾ ਚੁੱਕੇ ਹਨ, ਜਦੋਂਕਿ ਦੇਸ਼ ਵਿਚ 10 ਗੁਰੂਕੁਲ ਸਥਾਪਿਤ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਸਮਾਜ ਨੂੰ ਸੇਵਾ ਤੇ ਸਿਮਰਨ ਪ੍ਰਤੀ ਜਾਗਰੂਕ ਕਰਨ ਲਈ ਮਿਸ਼ਨ ਵਲੋਂ 88 ਮੰਡਲ ਭਾਰਤ ਵਿੱਚ ਅਤੇ 11 ਮੰਡਲ ਵਿਦੇਸ਼ਾਂ ਵਿਚ ਚੱਲ ਰਹੇ ਹਨ। 24 ਮੰਦਰ ਅਤੇ 40 ਆਸ਼ਰਮਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਰੋਜ਼ਾਨਾ ਸਤਿਸੰਗ ਦਾ ਲਾਹਾ ਲੈ ਰਹੀ ਹੈ। ਮਿਸ਼ਨ ਵਲੋਂ ਨਕਸਲਵਾਦ ਕਾਰਣ ਅਨਾਥ ਬੱਚਿਆਂ ਲਈ ਯਾਰਖੰਡ ਵਿੱਚ ਦੋ ਆਦਿਵਾਸੀ ਸਕੂਲ ਚਲਾਏ ਜਾ ਰਹੇ ਹਨ ਅਤੇ ਫ਼ਰੀਦਾਬਾਦ ਵਿਖੇ ਭੀਖ ਮੰਗਣ ਤੇ ਕੂੜਾ-ਕਰਕੱਟ ਇਕੱਠਾ ਕਰਨ ਵਾਲੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਗਾਂਧੀ ਵਿਦਿਆਲਾ ਚਲਾਇਆ ਜਾ ਰਿਹਾ ਹੈ, ਜਿਸ ਵਿਚ 1000 ਦੇ ਕਰੀਬ ਬੱਚੇ-ਬੱਚੀਆਂ ਪੜ੍ਹ ਰਹੇ ਹਨ। ਇਸ ਤੋਂ ਇਲਾਵਾ ਸੂਰਤ (ਗੁਜਰਾਤ) ਵਿਖੇ ਇੱਕ ਅਨਾਥ ਆਸ਼ਰਮ ਵਲੋਂ ਖੋਲ੍ਹਿਆ ਗਿਆ ਹੈ। ਜਿਸ ਵਿਚ 2 ਹਜ਼ਾਰ ਬੱਚਾ ਰਹਿ ਰਿਹਾ ਹੈ। ਛੋਟੇ ਬੱਚਿਆਂ ਨੂੰ ਧਾਰਮਿਕ ਪ੍ਰਵਿਰਤੀ ਨਾਲ ਜੋੜਨ ਲਈ ਮਿਸ਼ਨ ਵਲੋਂ 108 ਬਾਲ ਸੰਸਕਾਰ ਕੇਂਦਰ ਵੀ ਖੋਲ੍ਹੇ ਗਏ ਹਨ।
ਗੁਰੂਦੇਵ ਸੁਧਾਂਸ਼ੂ ਸ਼੍ਰੀ ਮਹਾਰਾਜ ਨੇ ਦੱਸਿਆ ਕਿ ਮਿਸ਼ਨ ਵਲੋਂ ਕੁੱਝ ਪਰੰਪਰਾਵਾਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਜਿਸ ਵਿਚ ਸ਼ਰਾਧ ਖ਼ਤਮ ਹੋਣ ਤੋਂ ਬਾਅਦ ਪਹਿਲੇ ਨਰਾਤੇ ਵਾਲੇ ਦਿਨ ਜਿਉਂਦੇ ਮਾਪਿਆਂ ਦੀ ਇੱਛਾ ਪੂਰਤੀ ਤੇ ਸਨਮਾਨ ਲਈ ਸ਼ਰਧਾ ਪਰਵ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਕਾਲਜਾਂ ਵਿਚ ਕੀਤੀ ਜਾਂਦੀ ਰੈਗਿੰਗ ਨੂੰ ਖ਼ਤਮ ਕਰਨ ਲਈ ਮਿਸ਼ਨ ਵਲੋਂ ਪਹਿਲ ਕੀਤੀ ਗਈ। ਉਨ੍ਹਾਂ ਦੀ ਪਹਿਲ ਦੀ ਬਦੌਲਤ ਹੀ, ਇਸ ਦੇ ਖਿਲਾਫ ਕਾਨੂੰਨ ਬਣਿਆ ਹੈ।
ਸੁਧਾਂਸ਼ੂ ਸ਼੍ਰੀ ਮਹਾਰਾਜ ਨੇ ਕਿਹਾ ਕੱਟੜਤਾ ਜਰੂਰੀ ਪਰ…
ਸੁਧਾਂਸ਼ੂ ਸ਼੍ਰੀ ਮਹਾਰਾਜ ਨੇ ਮੌਜੂਦਾ ਦੌਰ ਅੰਦਰ ਦੇਸ਼ ਵਿੱਚ ਫੈਲ ਰਹੀ ਕੱਟੜਤਾ ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਬਹੁਤੇ ਧਾਰਮਿਕ ਆਗੂਆਂ ਵੱਲੋਂ ਧਰਮ ਦੇ ਨਾਂ ਤੇ ਕੱਟੜਤਾ ਲਈ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ। ਇਹ ਕੱਟੜਤਾ ਇਨਸਾਨੀਅਤ ਅਤੇ ਸਮਾਜ ਲਈ ਬਹੁਤ ਬੁਰੀ ਹੈ। ਉਨਾਂ ਕਿਹਾ ਕਿ ਮੈਂ ਵੀ ਕੱਟੜਤਾ ਦਾ ਹਾਮੀ ਹਾਂ, ਪਰ ਕੱਟੜਤਾ ਇਨਸਾਨੀਅਤ ਅਤੇ ਦਇਆ ਲਈ ਹੋਣੀ ਚਾਹੀਦੀ ਹੈ। ਉਨਾਂ ਖੁਦ ਕਿਸੇ ਤਰਾਂ ਦੀ ਰਾਜਨੀਤੀ ਵਿੱਚ ਨਾ ਆਉਣ ਦੀ ਗੱਲ ਕਰਦਿਆਂ ਕਿਹਾ ਕਿ ਮੈਂ ਉਸ ਵਿਚਾਰ ਦਾ ਵੀ ਖੰਡਨ ਕਰਦਾ ਹਾਂ ਕਿ ਚੰਗੇ ਲੋਕਾਂ ਨੂੰ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ। ਸਗੋਂ ਮੈਂ ਤਾਂ ਚਾਹੁੰਦਾ ਹਾਂ ਕਿ ਚੰਗੇ ਲੋਕਾਂ ਨੂੰ ਰਾਜਨੀਤੀ ਵਿੱਚ ਜਰੂਰ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜਦੋਂ ਵੀ ਕਦੇ ਮੈਨੂੰ ਕੋਈ ਰਾਜਸੀ ਲੀਡਰ ਮਿਲਦਾ ਹੈ ਤਾਂ ਮੈਂ ਉਨਾਂ ਨੂੰ ਕਹਿੰਦਾ ਹਾਂ ਕਿ ਤੁਸੀਂ ਸਮਾਜ ਲਈ, ਕੋਈ ਅਜਿਹਾ ਕੰਮ ਕਰੋ ਕਿ ਲੋਕ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਾਣ ਦਿੰਦੇ ਰਹਿਣ। ਉਨਾਂ ਕਿਹਾ ਕਿ ਬਰਨਾਲਾ ਵਿਖੇ ਦੀਪਕ ਬਾਂਸਲ ਸੋਨੀ ਦੇ ਯਤਨਾਂ ਸਦਕਾ ਸਤਿਸੰਗ ਕਰਨ ਲਈ ਪਹੁੰਚੇ ਹਨ ਅਤੇ ਉਹ ਸੰਗਤ ਨੂੰ ਅਪੀਲ ਕਰਦੇ ਹਨ ਕਿ ਧਰਮ ਨਾਲ ਵੱਧ ਤੋਂ ਵੱਧ ਜੁੜੋ ਕਿਉਂਕਿ ਧਰਮ ਹੀ ਮਨੁੱਖ ਨੂੰ ਸੇਵਾ ਤੇ ਸਿਮਰਨ ਨਾਲ ਜੋੜਦਾ ਹੈ ਅਤੇ ਕੋਈ ਵੀ ਧਰਮ ਵੈਰ-ਵਿਰੋਧ ਨਹੀਂ ਸਿਖਾਉਂਦਾ। ਇਸ ਮੌਕੇ ਕਲੋਨਾਈਜ਼ਰ ਲਖਪਤ ਰਾਏ ਲੱਖੀ, ਸ਼ਸ਼ੀਕਾਂਤ ਚੋਪੜਾ ਅਤੇ ਸ਼ਹਿਰ ਦੀਆਂ ਹੋਰ ਕਾਫੀ ਅਹਿਮ ਸ਼ਖਸ਼ੀਅਤਾਂ ਵੀ ਮੌਜੂਦ ਸਨ।







