ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਰੱਖੇ ਸੈਮੀਨਾਰ ‘ਚ ਗੁਰਦੁਆਰਾ ਪ੍ਰਬੰਧ ਲਈ ਪੰਜ ਨੁਕਾਤੀ ਫਾਰਮੂਲਾ ਪੇਸ਼
ਸ.ਜਸਪਾਲ ਸਿੰਘ ਹੇਰਾਂ ਨੂੰ ਦਿੱਤਾ ਗਿਆ ਸਿਰਦਾਰ ਕਪੂਰ ਸਿੰਘ ਦਾ ਵਾਰਿਸ ਐਵਾਰਡ
ਰਘਵੀਰ ਹੈਪੀ, ਬਰਨਾਲਾ, 28 ਸਤੰਬਰ 2024
ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਤਾਲਮੇਲ ਵਿੰਗ ਵੱਲੋਂ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ‘‘ਸ਼੍ਰੋਮਣੀ ਕਮੇਟੀ ਚੋਣਾਂ ਸਿੱਖ ਕੌਮ ਲਈ ਜ਼ਰੂਰੀ ਕਿਉਂ’’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਭਾਈ ਗੁਰਦਾਸ ਇੰਸਟੀਚਿਊਟ ਆਫ ਅਡਵਾਂਸ ਸਿੱਖ ਸਟੱਡੀਜ਼ ਦੇ ਮੁਖੀ ਭਾਈ ਹਰਸਿਮਰਨ ਸਿੰਘ ਨੇ ਕੀਤੀ। ਇਸ ਮੌਕੇ ਪਹਿਰੇਦਾਰ ਅਖਬਾਰ ਦੇ ਬਾਨੀ ਸੰਪਾਦਕ ਸਵ. ਸ.ਜਸਪਾਲ ਸਿੰਘ ਹੇਰਾਂ ਨੂੰ ਸਿਰਦਾਰ ਕਪੂਰ ਸਿੰਘ ਦਾ ਵਾਰਿਸ ਖਿਤਾਬ ਦਿੱਤਾ ਗਿਆ। ਇਹ ਐਵਾਰਡ ਉਹਨਾਂ ਦੀ ਧਰਮ ਪਤਨੀ ਬੀਬੀ ਜਸਦੀਪ ਕੌਰ,ਸਪੁੱਤਰ ਐਮ.ਡੀ. ਰਿਸ਼ਬਦੀਪ ਸਿੰਘ ਹੇਰਾਂ ਅਤੇ ਨੂੰਹ ਬੀਬਾ ਗਗਨਦੀਪ ਕੌਰ ਨੇ ਪ੍ਰਾਪਤ ਕੀਤਾ। 

ਸੈਮੀਨਾਰ ਬਾਰੇ ਮੁਖ ਪਰਚਾ ਪੜਦਿਆਂ ਭਾਈ ਹਰਸਿਮਰਨ ਸਿੰਘ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਿੱਖ ਕੌਮ ਦਾ ਪ੍ਰਭਾਵ ਕਾਇਮ ਕਰਨ ਲਈ ਪੰਜ ਨੁਕਾਤੀ ਪ੍ਰੋਗਰਾਮ ਪੇਸ਼ ਕੀਤਾ। ਉਹਨਾਂ ਦੱਸਿਆ ਕਿ ਸਿੱਖ ਧਰਮ ਦੀ ਪੁਰਾਤਨ ਪਵਿੱਤਰਤਾ ਨੂੰ ਕਾਇਮ ਰੱਖਣਾ ਅਤੇ ਸਿੱਖ ਧਰਮ ਦੇ ਮੂਲ ਸਿਧਾਂਤਾਂ,ਅਸੂਲਾਂ ਅਤੇ ਆਦਰਸ਼ਾਂ ਦਾ ਪ੍ਰਗਟਾਵਾ ਕਰਕੇ, ਇਹਨਾਂ ਦਾ ਪ੍ਰਚਾਰ ਕਰਨਾ ਸਾਡਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਰਾਸ਼ਟਰੀ ਏਕਤਾ ਦੇ ਦਾਇਰੇ ਵਿਚ ਰਹਿ ਕੇ ਸਿੱਖ ਰਾਸ਼ਟਰ ਦੀ ਰਾਜਨੀਤਿਕ ਹੋਂਦ ਨੂੰ ਯਕੀਨੀ ਬਣਾਉਣਾ ਪਵੇਗਾ। ਸਿੱਖ ਸੰਸਥਾਵਾਂ ਨੂੰ ਜਿਆਦਾ ਪ੍ਰਤੀਨਿਧ ਅਤੇ ਸਮਕਾਲੀ ਚੁਣੌਤੀਆਂ ਪ੍ਰਤੀ ਉੱਤਰਦਾਈ ਬਣਾਉਣਾ ਜ਼ਰੂਰੀ ਹੈ। ਉਹਨਾਂ ਸੁਝਾਅ ਦਿੱਤਾ ਕਿ ਪੰਜਾਬ ਤੋਂ ਬਾਹਰ ਭਾਰਤ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਦੀਆਂ ਜ਼ਰੂਰਤਾਂ ਪ੍ਰਤੀ ਹੁੰਗਾਰਾ ਭਰਨਾ ਅਤੇ ਗੁਰਦੁਆਰਿਆਂ ਦੇ ਪ੍ਰਸਾਸ਼ਨ ਵਿਚ ਸੁਧਾਰ ਕਰਨਾ ਸਾਡੀ ਤਰਜ਼ੀਹ ਹੋਣੀ ਚਾਹੀਦੀ ਹੈ। ਭਾਈ ਹਰਸਿਮਰਨ ਸਿੰਘ ਨੇ ਆਖਿਆ ਕਿ ਅਸੀਂ ਸਾਰੇ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਪਾਰਲੀਮੈਂਟ ਕਹਿੰਦੇ ਹਾਂ, ਪ੍ਰੰਤੂ ਇਹ ਲੰਮੇ ਸਮੇਂ ਤੋਂ ਪਾਰਲੀਮੈਂਟ ਵਾਂਗੂੰ ਕੰਮ ਕਰਨ ਦੀ ਥਾਂ ਸਿਆਸੀ ਪਾਰਟੀਆਂ ਦੀਆਂ ਰਾਜਸੀ ਲੋੜਾਂ ਅਨੁਸਾਰ ਚੱਲ ਰਹੀ ਹੈ। ਇਸ ਦੇ ਪ੍ਰਬੰਧ ਨੂੰ ਲੀਹ ਤੇ ਲਿਆਉਣ ਲਈ ਸਾਨੂੰ ਇਸ ਦਾ ਬਦਲ ਲੱਭਣਾ ਪਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਸ. ਈਮਾਨ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਤੇ ਚਿੰਤਾ ਕਰਦਿਆਂ ਆਖਿਆ ਕਿ ਇਸ ਸਮੇਂ ਗੁਰਦੁਆਰਾ ਪ੍ਰਬੰਧ ਵਿੱਚ ਨਿਘਾਰ ਦਾ ਸਿਖਰ ਹੈ। ਜਿਸ ਨੂੰ ਗੁਰਸਿੱਖ ਮੈਂਬਰਾਂ ਨਾਲ ਚੰਗੇ ਪ੍ਰਬੰਧ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਚੋਣਾਂ ਵਿੱਚ ਦੇਰੀ ਕਰਕੇ ਸਿੱਖ ਹੱਕਾਂ ਦੇ ਘਾਣ ਦੇ ਨਾਲ ਨਾਲ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ।ਇਸ ਲਈ ਸਰਕਾਰ ਨੂੰ ਇਹ ਚੋਣਾਂ ਤਰੁੰਤ ਕਰਵਾਉਣੀਆਂ ਚਾਹੀਦੀਆਂ ਹਨ।
ਸੈਮੀਨਾਰ ਦੇ ਪ੍ਰਬੰਧਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ ਨੇ ਦੱਸਿਆ ਕਿ ਪਾਰਟੀ ਵੱਲੋਂ ਸਾਰੇ ਪੰਜਾਬ ਵਿੱਚ ਸੈਮੀਨਾਰਾਂ ਦੀ ਚਲਾਈ ਜਾ ਲੜੀ ਦਾ ਪਹਿਲਾ ਸੈਮੀਨਾਰ ਅੱਜ ਸੰਪੂਰਨ ਹੋਇਆ ਹੈ। ਇਹਨਾਂ ਸੈਮੀਨਾਰਾਂ ਵਿੱਚ ਅਸੀਂ ਵੱਖ ਵੱਖ ਵਿਸ਼ਾ ਮਾਹਿਰਾਂ ਨੂੰ ਸੱਦ ਕੇ ਪੰਥ ਦੇ ਮਸਲਿਆਂ ਪ੍ਰਤੀ ਇੱਕਸੁਰਤਾ ਪੈਦਾ ਕਰਨ ਲਈ ਯਤਨਸ਼ੀਲ ਹਾਂ। ਉਹਨਾਂ ਕਿਹਾ ਕਿ ਪਹਿਲੇ ਸੈਮੀਨਾਰ ਦੀ ਸਫਲਤਾ ਨੇ ਸਾਨੂੰ ਹੋਰ ਅੱਗੇ ਤੁਰਨ ਦਾ ਰਸਤਾ ਦਿਖਾਇਆ ਹੈ।
ਪਹਿਰੇਦਾਰ ਦੇ ਕਾਰਜਕਾਰੀ ਸੰਪਾਦਕ ਗੁਰਿੰਦਰਪਾਲ ਸਿੰਘ ਧਨੌਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਦੇਰੀ ਦਾ ਇੱਕ ਮਨੋਵਿਗਿਆਨਕ ਕਾਰਨ ਹੈ ਕਿ ਸਰਕਾਰ ਇਹ ਨਹੀਂ ਚਾਹੁੰਦੀ ਕਿ ਹਰ ਪੰਜ ਸਾਲ ਬਾਅਦ ਚੋਣਾਂ ਹੋਣ ਨਾਲ ਸਿੱਖਾਂ ਦੇ ਮਨ ਵਿੱਚ ਜਾਗ੍ਰਿਤੀ ਆਵੇ ਅਤੇ ਇਸ ਤੋਂ ਪ੍ਰੇਰਨਾ ਲੈ ਕੇ ਉਹ ਗੁਰਦੁਆਰਾ ਪ੍ਰਬੰਧ ਵਿੱਚ ਚੰਗੇ ਸੁਧਾਰ ਲੈਕੇ ਆਉਣ ਲਈ ਤਤਪਰ ਹੋਣ? ਪ੍ਰੰਤੂ ਜੇ ਚੋਣ ਵਿੱਚ ਦੇਰੀ ਹੁੰਦੀ ਹੈ ਤਾਂ ਉਹ ਇਸ ਪਾਸਿਓਂ ਨਿਰਾਸ਼ ਹੋ ਕੇ ਗੁਰਦੁਆਰਾ ਪ੍ਰਬੰਧ ਪ੍ਰਤੀ ਅਵੇਸਲੇ ਹੋ ਜਾਣਗੇ।
ਪ੍ਰੋ.ਮਹਿੰਦਰਪਾਲ ਸਿੰਘ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧ ਵਿੱਚ ਨਿਘਾਰ ਲਿਆਉਣ ਲਈ ਜਿੱਥੇ ਸਰਕਾਰਾਂ ਜਿੰਮੇਵਾਰ ਹਨ, ਉੱਥੇ ਸਿੱਖ ਸਿਆਸਤ ਨੇ ਵੀ ਬੜਾ ਮਾਰੂ ਰੋਲ ਨਿਭਾਇਆ ਹੈ। ਇਸ ਲਈ ਸਾਨੂੰ ਪ੍ਰਬੰਧ ਠੀਕ ਕਰਨ ਵਾਸਤੇ ਸਰਕਾਰੀ ਸਿਸਟਮ ਨਾਲ ਲੜਨ ਅਤੇ ਆਪਣੇ ਅੰਦਰ ਸੁਧਾਰ ਕਰਕੇ ਇੱਕ ਮਜ਼ਬੂਤ ਪੰਥਕ ਧਿਰ ਨੂੰ ਸਾਹਮਣੇ ਲਿਆਉਣਾ ਪਵੇਗਾ। ਸ. ਸਿਮਰਨਜੀਤ ਸਿੰਘ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਅਕਾਲੀ ਦਲ ਅਮ੍ਰਿਤਸਰ ਦੇ ਕਾਨੂੰਨੀ ਸਲਾਹਕਾਰ ਨੇ ਗੁਰਦੁਆਰਾ ਐਕਟ ਅਤੇ ਗੁਰਦੁਆਰਾ ਜੁਡੀਸ਼ਲ ਬੋਰਡ ਵਿੱਚ ਸੰਵਿਧਾਨਕ ਕਮੀਆਂ ਬਾਰੇ ਜਾਣੂੰ ਕਰਵਾਇਆ। ਉਹਨਾਂ ਸੁਝਾਅ ਦਿੱਤਾ ਕਿ ਸਿੱਖ ਪ੍ਰਬੰਧ ਨੂੰ ਇੱਕ ਵੱਖਰੇ ਸੰਵਿਧਾਨ ਵਿੱਚ ਰੱਖ ਕੇ ਵਿਚਾਰਿਆ ਜਾਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ (ਅ) ਦੇ ਜਥੇਬੰਦਕ ਸ.ਗੋਬਿੰਦ ਸਿੰਘ ਸੰਧੂ ਨੇ ਵੀ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਉੱਤੇ ਚਾਨਣਾ ਪਾਉਂਦਿਆਂ, ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਰਕਾਰ ਵੱਲੋਂ ਦਿਖਾਈ ਜਾਂਦੀ ਅਣਗਿਹਲੀ ਅਤੇ ਸਾਜ਼ਿਸ਼ ਨੂੰ ਮੰਦਭਾਗੀ ਦੱਸਦਿਆਂ ਅਤੇ ਇਹਨਾਂ ਚੋਣਾਂ ਨੂੰ ਤਰੁੰਤ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਖੂ ਨੇ ਸਿੱਖ ਸਮਾਜ ਵਿੱਚ ਵੀ,ਜਾਤਪਾਤ ਦੇ ਕੋਹੜ ਦਾ ਖਾਤਮਾ ਨਾ ਹੋਣ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਸਿੱਖ ਸਟੇਟ ਹੀ ਮੰਨਿਆ ਜਾਂਦਾ ਹੈ,
ਪਰੰਤੂ ਗੁਰੂਆਂ ਦੀ ਵਿਚਾਰਧਾਰਾ ਅਨੁਸਾਰ,ਹਾਲੇ ਵੀ ਸਿੱਖੀ ਦਾ ਬੂਟਾ ਪ੍ਰਫੁਲਿਤ ਨਹੀਂ ਹੋ ਸਕਿਆ,ਹੁਣ ਗੁਰੂ ਦੇ ਸਿਧਾਂਤ ਦੇ ਅਨੁਕੂਲ ਸਿੱਖਾਂ ਦੀ ਬਜਾਏ, ਆਪੋ-ਆਪਣੀਆਂ ਜਾਤਾਂ ਸਣੇ ਸਿੱਖ ਅਖਵਾਉਂਦੇ ਹਨ। ਜਦੋਂ ਤੱਕ ਗੁਰੂ ਆਸ਼ੇ ਮੁਤਾਬਿਕ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ, ਨਸ਼ੇ ਦੇ ਕੋਹੜ ਤੋਂ ਛੁਟਕਾਰਾ ਨਹੀਂ ਪੈ ਜਾਂਦਾ,ਉਦੋਂ ਤੱਕ ਅਸੀਂ ਗੁਰੂ ਦੇ ਸਿੱਖ ਹੋਣ ਦਾ ਦਾਅਵਾ ਨਹੀਂ ਕਰ ਕਕਦੇ। ਉਨਾਂ ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਬਾਰੇ ਬੋਲਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਬਜਟ ਵਿੱਚ ਹਰ ਦਿਨ ਧਰਮ ਪ੍ਰਚਾਰ ਤੇ ਇੱਕ ਕਰੋੜ ਰੁਪਏ ਖਰਚਾ ਦਿਖਾਇਆ ਜਾਂਦਾ ਹੈ, ਪਰ ਇੱਨ੍ਹਾਂ ਪ੍ਰਚਾਰ ਕਰਨ ਦੇ ਬਾਵਜੂਦ 12 ਤੋਂ 16 ਸਾਲ ਤੱਕ ਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਵਿੱਚ ਵੀ ਪਤਿਤਪੁਣਾ ਦੇਖਣ ਨੂੰ ਮਿਲਦਾ ਹੈ, ਪਿੰਡਾਂ ਵਿੱਚ ਆਰਐਸਐਸ ਅਤੇ ਈਸਾਈ ਧਰਮ ਦਾ ਬੋਲਬਾਲਾ ਵਧ ਰਿਹਾ ਹੈ। ਸਿੱਖੀ ਦੇ ਭੇਸ ਵਿੱਚ ਵਿਅਕਤੀ ਵੀ ਈਸਾਈ ਧਰਮ ਦੇ ਪ੍ਰਚਾਰਕ ਬਣੇ ਫਿਰਦੇ ਹਨ। ਅਜਿਹਾ ਸਿੱਖ ਪੰਥ ਲਈ ਵੱਡੇ ਖਤਰੇ ਤੋਂ ਘੱਟ ਨਹੀਂ ਹੈ।
ਪਰੰਤੂ ਗੁਰੂਆਂ ਦੀ ਵਿਚਾਰਧਾਰਾ ਅਨੁਸਾਰ,ਹਾਲੇ ਵੀ ਸਿੱਖੀ ਦਾ ਬੂਟਾ ਪ੍ਰਫੁਲਿਤ ਨਹੀਂ ਹੋ ਸਕਿਆ,ਹੁਣ ਗੁਰੂ ਦੇ ਸਿਧਾਂਤ ਦੇ ਅਨੁਕੂਲ ਸਿੱਖਾਂ ਦੀ ਬਜਾਏ, ਆਪੋ-ਆਪਣੀਆਂ ਜਾਤਾਂ ਸਣੇ ਸਿੱਖ ਅਖਵਾਉਂਦੇ ਹਨ। ਜਦੋਂ ਤੱਕ ਗੁਰੂ ਆਸ਼ੇ ਮੁਤਾਬਿਕ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ, ਨਸ਼ੇ ਦੇ ਕੋਹੜ ਤੋਂ ਛੁਟਕਾਰਾ ਨਹੀਂ ਪੈ ਜਾਂਦਾ,ਉਦੋਂ ਤੱਕ ਅਸੀਂ ਗੁਰੂ ਦੇ ਸਿੱਖ ਹੋਣ ਦਾ ਦਾਅਵਾ ਨਹੀਂ ਕਰ ਕਕਦੇ। ਉਨਾਂ ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਬਾਰੇ ਬੋਲਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਬਜਟ ਵਿੱਚ ਹਰ ਦਿਨ ਧਰਮ ਪ੍ਰਚਾਰ ਤੇ ਇੱਕ ਕਰੋੜ ਰੁਪਏ ਖਰਚਾ ਦਿਖਾਇਆ ਜਾਂਦਾ ਹੈ, ਪਰ ਇੱਨ੍ਹਾਂ ਪ੍ਰਚਾਰ ਕਰਨ ਦੇ ਬਾਵਜੂਦ 12 ਤੋਂ 16 ਸਾਲ ਤੱਕ ਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਵਿੱਚ ਵੀ ਪਤਿਤਪੁਣਾ ਦੇਖਣ ਨੂੰ ਮਿਲਦਾ ਹੈ, ਪਿੰਡਾਂ ਵਿੱਚ ਆਰਐਸਐਸ ਅਤੇ ਈਸਾਈ ਧਰਮ ਦਾ ਬੋਲਬਾਲਾ ਵਧ ਰਿਹਾ ਹੈ। ਸਿੱਖੀ ਦੇ ਭੇਸ ਵਿੱਚ ਵਿਅਕਤੀ ਵੀ ਈਸਾਈ ਧਰਮ ਦੇ ਪ੍ਰਚਾਰਕ ਬਣੇ ਫਿਰਦੇ ਹਨ। ਅਜਿਹਾ ਸਿੱਖ ਪੰਥ ਲਈ ਵੱਡੇ ਖਤਰੇ ਤੋਂ ਘੱਟ ਨਹੀਂ ਹੈ। ਇਸ ਮੌਕੇ ਦਰਸ਼ਨ ਸਿੰਘ ਗੁਰੂ ,ਐਡਵੋਕੇਟ ਜਗਮੀਤ ਸਿੰਘ ਗਰੇਵਾਲ,ਦਰਸ਼ਨ ਸਿੰਘ ਮੰਡੇਰ, ਸ.ਹਰਪਾਲ ਸਿੰਘ ਬਲੇਰ, ਭਾਈ ਅਮ੍ਰਿਤਪਾਲ ਸਿੰਘ ਛੰਦੜਾਂ, ਬਹਾਦਰ ਸਿੰਘ ਭਸੌੜ,ਹਰਦੇਵ ਸਿੰਘ ਪੱਪੂ, ਅਜਮੇਰ ਸਿੰਘ ਮਹਿਲਕਲਾਂ,ਹਰੀ ਸਿੰਘ ਸੰਘੇੜਾ,ਜੀਤ ਸਿੰਘ ਮਾਂਗੇਵਾਲ,ਨਰਿੰਦਰ ਸਿੰਘ ਕਾਲਾਬੂਲਾ,ਪਿਆਰਾ ਲਾਲ, ਗੁਰਨੈਬ ਸਿੰਘ ਰਾਮਪੁਰਾ,ਬੀਬੀ ਹਰਪਾਲ ਕੌਰ,ਦੀਪਕ ਸਿੰਗਲਾ,ਮੋਤਾ ਸਿੰਘ ਨਾਈਵਾਲਾ, ਸੁਖਵਿੰਦਰ ਸਿੰਘ ਪੱਪੂ ਮਹਿਲਕਲਾਂ,ਮਹਿੰਦਰ ਸਿੰਘ ਸਹਿਜੜਾ,ਹਰਬੰਸ ਸਿੰਘ ਸਲੇਮਪੁਰ ,ਬਲਜਿੰਦਰ ਸਿੰਘ ਸੰਗਲੀ, ਜਗਦੀਪ ਸਿੰਘ ਚਾਂਬ,ਹਰਪ੍ਰੀਤ ਸਿੰਘ ਗਿੱਲ ਕੱਟੂ, ਨਿਹੰਗ ਸਿੰਘ ਭਾਈ ਅਕਾਸ਼ਦੀਪ ਸਿੰਘ ਖਾਲਸਾ, ਦਿਲਪ੍ਰੀਤ ਸਿੰਘ ਸੰਧੂ, ਪਰਮਜੀਤ ਸਿੰਘ ਬਾਠ, ਠੇਕੇਦਾਰ ਬਲਦੇਵ ਸਿੰਘ,ਰਣਜੀਤ ਸਿੰਘ ਚੰਨਣਵਾਲ,ਲਾਭ ਸਿੰਘ ਮਹਿਲਕਲਾਂ,ਮਨਜੀਤ ਸਿੰਘ ਸੰਘੇੜਾ,ਮੱਖਣ ਸਿੰਘ ਸੰਘੇੜਾ, ਲਖਬੀਰ ਸਿੰਘ ਭੋਤਨਾ,ਰਘਬੀਰ ਸਿੰਘ ਬਰਨਾਲਾ ਅਤੇ ਮੱਖਣ ਸਿੰਘ ਸਮਾਓ ਆਦਿ ਨੇ ਵੀ ਹਾਜ਼ਰੀ ਭਰੀ।







