ਪੁਲਿਸ ਨੇ ਦਬੋਚੀਆਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੀਆਂ ਚੋਰਨੀਆਂ
ਅਸ਼ੋਕ ਵਰਮਾ, ਬਠਿੰਡਾ 29 ਸਤੰਬਰ 2024
ਬਠਿੰਡਾ ਪੁਲਿਸ ਨੇ ਲੰਘੀ 18 ਸਤੰਬਰ ਨੂੰ ਬਠਿੰਡਾ ਵਿੱਚ ਤਾਇਨਾਤ ਸੀਆਈਡੀ ਦੇ ਡੀਐਸਪੀ ਦੇ ਘਰ ਅਲਮਾਰੀ ’ਚ ਰੱਖੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਮਾਮਲੇ ’ਚ ਸ਼ਾਮਲ ਦੋ ਔਰਤਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜਮ ਔਰਤਾਂ ਦੀ ਪਛਾਣ ਬੰਟੀ ਕੁਮਾਰੀ ਪਤਨੀ ਗੌਤਮ ਸ਼ਾਹ ਅਤੇ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਵਜੋਂ ਕੀਤੀ ਗਈ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਇਸ ਸਬੰਧ ’ਚ ਡੀਐਸਪੀ ਪਰਮਿੰਦਰ ਸਿੰਘ ਦੀ ਧਰਮ ਪਤਨੀ ਤਰਨਜੀਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੀਆਂ ਔਰਤਾਂ ਖਿਲਾਫ ਬੀਐਨਐਸ ਦੀ ਧਾਰਾ 305(ਏ) ਤਹਿਤ ਕੇਸ ਦਰਜ ਕੀਤਾ ਸੀ। ਅੱਜ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਖੁਲਾਸਾ ਕੀਤਾ ਅਤੇ ਪੁਲਿਸ ਟੀਮਾਂ ਦੀ ਪਿੱਠ ਵੀ ਥਾਪੜੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜਮਾਂ ਤੋਂ ਇੱਕ ਸੋਨੇ ਦਾ ਸੈਟ, ਇੱਕ ਡਾਇਮੰਡ ਸੈਟ, ਸੋਨੇ ਦੀਆਂ ਦੋ ਪੰਜੇਬਾਂ, ਸੋਨੇ ਦੇ ਦੋ ਕੜੇ ,ਸੋਨੇ ਦੀਆਂ ਚਾਰ ਮੁੰਦੀਆਂ, ਸੋਨੇ ਦੀ ਇੱਕ ਚੈਨ, ਕੰਨਾਂ ਵਾਲੇ ਟੌਪਸਾਂ ਦੇ ਤਿੰਨ ਸੈਟ, ਸੋਨੇ ਦਾ ਇੱਕ ਕਲਿੱਪ ਇੱਕ ਡਾਇਮੰਡ ਦਾ ਟੌਪਸ ਸੈਟ ਅਤੇ ਡਾਇਮੰਡ ਦੀ ਇੱਕ ਮੁੰਦਰੀ ਬਰਾਮਦ ਕੀਤੀ ਹੈ ।
ਐਸਐਸਪੀ ਨੇ ਦੱਸਿਆ ਕਿ ਡੀਐਸਪੀ ਪਰਮਿੰਦਰ ਸਿੰਘ ਦੀ ਰਿਹਾਇਸ਼ ਤੋਂ ਤਕਰੀਬਨ 22-23 ਲੱਖ ਰੁਪਏ ਦੇ ਜੇਵਰ ਆਦਿ ਚੋਰੀ ਹੋਏ ਸਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਐਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਅਤੇ ਡੀਐਸਪੀ ਸਿਟੀ ਦੀ ਦੇਖ-ਰੇਖ ਹੇਠ ਸੀਆਈਏ ਸਟਾਫ 2 ਅਤੇ ਕਾਂਊਂਟਰ ਇੰਟੈਲੀਜੈਂਸੀ ਦੀ ਟੀਮ ਬਣਾਈ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਤਕਨੀਕੀ ਸਹਾਇਤਾ ,ਸੀਸੀਟੀਵੀ ਫੁੱਟੇਜ ਅਤੇ ਹੋਰ ਵੱਖ ਵੱਖ ਢੰਗ ਤਰੀਕਿਆਂ ਨਾਲ ਪੜਤਾਲ ਨੂੰ ਅੱਗੇ ਵਧਾਉਂਦਿਆਂ ਦੋਵਾਂ ਔਰਤਾਂ ਜੋ ਲਖਨਊ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ ਤੇ ਅੱਜ ਕੱਲ੍ਹ ਸ਼ਿਵਪੁਰੀ ਜਿਲ੍ਹਾ ਭਾਗੁਲਪੁਰ ਬਿਹਾਰ ’ਚ ਰਹਿ ਰਹੀਆਂ ਹਨ ਨੂੰ ਪਿੰਡ ਕਹਿਲਗਾਓਂ ਤੋਂ ਗ੍ਰਿਫਤਾਰ ਕੀਤਾ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉੱਥੋਂ ਦੇ ਇਲਾਕਾ ਮੈਜਿਸਟਰੇਟ ਤੋਂ ਰਾਹਦਾਰੀ ਰਿਮਾਂਡ ਹਾਸਲ ਕਰਨ ਉਪਰੰਤ ਦੋਵਾਂ ਨੂੰ ਬਠਿੰਡਾ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੁੱਚੀ ਕਾਰਵਾਈ ਦੌਰਾਨ ਫਾਜਿਲਪੁਰ ਦੇ ਐਸਪੀ ਨੇ ਵੱਡਾ ਸਹਿਯੋਗ ਦਿੱਤਾ, ਕਿਉਂਕਿ ਉਹ ਅਜਿਹਾ ਇਲਾਕਾ ਸੀ, ਜਿੱਥੇ ਬਿਹਾਰ ਪੁਲਿਸ ਦੀ ਸਹਾਇਤਾ ਤੋਂ ਬਿਨਾਂ ਸਫਲਤਾ ਮਿਲਣੀ ਮੁਸ਼ਕਲ ਸੀ। ਉਨ੍ਹਾਂ ਦੱਸਿਆ ਕਿ ਪ੍ਰੀਵਾਰ ਦੀ ਨੌਕਰਾਣੀ ਕੁੱਝ ਦਿਨ ਪਹਿਲਾਂ ਚਲੀ ਗਈ ਸੀ ਅਤੇ ਇਹ ਔਰਤਾਂ ਕੰਮ ਮੰਗਣ ਲਈ ਆਈਆਂ ਸਨ।
ਪੁਲਿਸ ਅਨੁਸਾਰ ਵਾਰਦਾਤ ਵਾਲੇ ਦਿਨ ਇਹ ਔਰਤਾਂ ਸਫ਼ਾਈ ਕਰਨ ਆਈਆਂ ਸਨ ਤਾਂ ਇਸ ਦੌਰਾਨ ਘਰ ਦੀ ਮਾਲਕਿਨ ਕਿਸੇ ਕੰਮ ’ਚ ਰੁੱਝ ਗਈ ਅਤੇ ਇੰਨ੍ਹ ਦੋਵਾਂ ਨੂੰ ਹੱਥ ਸਾਫ ਕਰਨ ਦਾ ਮੌਕਾ ਮਿਲ ਗਿਆ । ਮੁਦਈ ਮੁਕੱਦਮਾਂ ਅਨੁਸਾਰ ਇੰਨ੍ਹਾਂ ਔਰਤਾਂ ਨੇ ਉਸ ਨੂੰ ਆਪਣੀਆਂ ਗੱਲਾਂ ਦਾ ਝਾਂਸਾ ਦੇ ਕੇ ਘਰ ਦੀ ਸਫ਼ਾਈ ਦੇ ਬਹਾਨੇ ਸੋਨੇ-ਚਾਂਦੀ ਅਤੇ ਹੀਰਿਆਂ ਦਾ ਸੈੱਟ ਅਤੇ ਕੁੱਝ ਨਕਦੀ ਵਗੈਰਾ ਚੋਰੀ ਕਰ ਲਈ। ਮੁਲਜਮਾਂ ਦੀ ਘਰ ਤੋਂ ਬਾਹਰ ਜਾਣ ਵਕਤ ਦੀ ਤਸਵੀਰ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ, ਜੋ ਪੁਲਿਸ ਦੀ ਸਫਲਤਾ ਦਾ ਕਾਰਨ ਬਣੀ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜਮ ਔਰਤਾਂ ਦਾ ਪੁਲਿਸ ਰਿਮਾਂਡ ਲਿਆ ਜਾਏਗਾ। ਜਿਸ ਦੌਰਾਨ ਪੁਲਿਸ ਨੂੰ ਹੋਰ ਵੀ ਵਾਰਦਾਤਾਂ ਹੱਲ ਹੋਣ ਅਤੇ ਅਹਿਮ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ।