ਹਰਿੰਦਰ ਨਿੱਕਾ/ ਰਘਵੀਰ ਹੈਪੀ, ਬਰਨਾਲਾ 22 ਜੂਨ 2024
ਜਿਲ੍ਹੇ ਦੇ ਇੱਕ ਯੂਥ ਅਕਾਲੀ ਆਗੂ ਨੇ ਸ਼ੱਕੀ ਹਾਲਤਾਂ ‘ਚ ਆਪਣੀ ਮਾਂ ਅਤੇ ਧੀ ਦੀ ਹੱਤਿਆ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਹ ਹੌਲਨਾਕ ਘਟਨਾ ਬਰਨਾਲਾ ਦੀ ਸੰਘੇੜਾ ਰੋਡ ਦੇ ਸਥਿਤ ਰਾਮ ਰਾਜਿਆ ਇਨਕਲੇਵ ਕਲੋਨੀ ਵਿੱਚ ਦੇਰ ਸ਼ਾਮ ਵਾਪਰੀ। ਗੋਲੀਆਂ ਦੀ ਅਵਾਜ ਸੁਣ ਕੇ, ਕਲੋਨੀ ਦੇ ਲੋਕ ਇਕੱਠੇ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕਾ ਪਰ ਪਹੁੰਚ ਕੇ, ਪੂਰੇ ਘਟਨਾਕ੍ਰਮ ਦੀ ਡੁੰਘਾਈ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੇ ਬੇਹੱਦ ਕਰੀਬੀ ਦੋਸਤ ਅਤੇ ਯੂਥ ਅਕਾਲੀ ਆਗੂ ਕੁਲਬੀਰ ਸਿੰਘ ਮਾਨ ਦੀ ਪਤਨੀ ਦੇਰ ਸ਼ਾਮ ਦੁੱਧ ਲੈਣ ਲਈ ਗਈ ਹੋਈ ਸੀ। ਇਸੇ ਦੌਰਾਨ ਹੀ ਕੁਲਬੀਰ ਸਿੰਘ ਮਾਨ ਨੇ ਆਪਣੀ ਕੈਨੇਡਾ ਤੋਂ ਛੁੱਟੀਆਂ ਕੱਟਣ ਆਈ ਆਪਣੀ 20/22 ਕੁ ਵਰ੍ਹਿਆਂ ਦੀ ਧੀ ਨਿਮਰਤ ਕੌਰ ਅਤੇ ਬਜੁਰਗ ਮਾਂ ਬਲਵੰਤ ਕੌਰ ਅਤੇ ਆਪਣੇ ਪਾਲਤੂ ਕੁੱਤੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਬਾਅਦ ਵਿੱਚ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ, ਮ੍ਰਿਤਕ ਕੁਲਬੀਰ ਮਾਨ ਦੀ ਪਤਨੀ ਘਰ ਆਈ ਤਾਂ ਕਮਰੇ ਵਿੱਚ ਖੂਨ ਹੀ ਖੂਨ ਅਤੇ ਚਾਰ ਲਾਸ਼ਾਂ ਪਈਆਂ ਵੇਖੀਆਂ। ਇਨ੍ਹਾਂ ਲਾਸ਼ਾਂ ਵਿੱਚ ਮਾਂ,ਪੁੱਤ ਅਤੇ ਧੀ ਤੋਂ ਇਲਾਵਾ ਪਾਲਤੂ ਕੁੱਤੇ ਦੀ ਵੀ ਲਾਸ਼ ਸ਼ਾਮਿਲ ਹੈ। ਡੀਐਸਪੀ ਸਤਵੀਰ ਸਿੰਘ ਬੈਂਸ ਅਤੇ ਐਸਐਚਓ ਬਲਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ, ਲਾਸ਼ਾਂ ਕਬਜੇ ਵਿੱਚ ਲੈ ਕੇ, ਸਾਰੇ ਐਂਗਲਾਂ ਤੋਂ ਤਹਿਕੀਕਾਤ ਸ਼ੁਰੂ ਕਰ ਦਿੱਤੀ। ਘਟਨਾ ਕਿਉਂ ਵਾਪਰੀ, ਇਸ ਬਾਰੇ ਫਿਲਹਾਲ ਕੋਈ ਖੁਲਾਸਾ ਨਹੀਂ ਹੋ ਸਕਿਆ। ਪੁਲਿਸ ਵੱਲੋਂ ਇਸ ਪੂਰੀ ਘਟਨਾ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਕੁੱਝ ਲੋਕ ਇਸ ਘਟਨਾ ਨੂੰ ਕਤਲ ਅਤੇ ਕੁੱਝ ਆਤਮ ਹੱਤਿਆ ਦੱਸ ਰਹੇ ਹਨ। ਪੁਲਿਸ ਤਫਤੀਸ਼ ਤੋਂ ਬਾਅਦ ਹੀ ਘਟਨਾ ਦਾ ਪੂਰਾ ਸੱਚ ਸਾਹਮਣੇ ਆ ਸਕੇਗਾ।