ਸੀਸੀਟੀਵੀ ਕੈਮਰੇ ‘ਚੋਂ ਨਿੱਕਲਿਆ ਘਟਨਾਕ੍ਰਮ ‘ਤੇ ਮੋਬਾਇਲ ਫੋਨਾਂ ਦੀ ਕਾਲ ਡਿਟੇਲ ‘ਚੋਂ ਵੀ ਬਾਹਰ ਆ ਸਕਦੈ ਘਟਨਾ ਦਾ ਭੇਦ
ਹਰਿੰਦਰ ਨਿੱਕਾ, ਬਰਨਾਲਾ 23 ਜੂਨ 2024
ਸ਼ਹਿਰ ਦੀ ਰਾਮ ਰਾਜਯਾ ਇਨਕਲੇਵ ‘ਚ ਸਥਿਤ ਇੱਕ ਆਲੀਸ਼ਾਨ ਕੋਠੀ ਵਿੱਚ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਆ ਕੇ ਵਸਿਆ, ਹੱਸਦਾ ਵੱਸਦਾ ਪਰਿਵਾਰ ਲੰਘੀ ਕੱਲ੍ਹ ਦੇਰ ਸ਼ਾਮ ਸਿਰਫ 10 ਮਿੰਟਾਂ ਵਿੱਚ ਹੀ ਉੱਜੜ ਗਿਆ। ਪਰਿਵਾਰ ਨੂੰ ਹਰ ਖੁਸ਼ੀ ਪ੍ਰਦਾਨ ਕਰਨ ਵਾਲੇ, ਪਰਿਵਾਰ ਦੇ ਮੁਖੀ ਤੇ ਯੂਥ ਅਕਾਲੀ ਆਗੂ ਕੁਲਬੀਰ ਸਿੰਘ ਮਾਨ ਨੇ ਖੁਦ ਆਪਣੀ ਲਾਇਸੰਸੀ ਰਿਵਾਲਵਰ ਦੀਆਂ ਸਿਰਫ 6 ਗੋਲੀਆਂ ਨਾਲ ਪਰਿਵਾਰ ਦੇ ਤਿੰਨ ਜੀਆਂ (ਆਪਣੀ ਮਾਂ ਰਿਟਾਇਰਡ ਟੀਚਰ ਬਲਵੰਤ ਕੌਰ, ਧੀ ਨਿਮਰਤ ਕੌਰ ਅਤੇ ਖੁਦ ਨੂੰ ) ਤੇ ਪਾਲਤੂ ਕੁੱਤੀ ਨੂੰ ਹੀ ਖਤਮ ਕਰ ਦਿੱਤਾ। ਅੱਜ ਸ਼ਾਮ, ਸੰਧੂ ਪੱਤੀ ਸ਼ਮਸ਼ਾਨ ਘਾਟ ;ਚ ਪਰਿਵਾਰ ਦੀ ਇਕਲੌਤੀ ਵਾਰਿਸ ਬਚੀ ਕੁਲਬੀਰ ਮਾਨ ਦੀ ਪਤਨੀ ਰਮਨਦੀਪ ਕੌਰ ਨੇ ਆਪਣੇ ਹੱਥੀਂ ਸੈਂਕੜੇ ਨਮ ਅੱਖਾਂ ਦੀ ਹਾਜ਼ਿਰੀ ਵਿੱਚ ਇੱਕ-ਇੱਕ ਕਰਕੇ,ਤਿੰਨ ਚਿਖਾਵਾਂ ਨੂੰ ਅਗਨ ਭੇਂਟ ਕਰ ਦਿੱਤਾ। ਅੰਤਿਮ ਸੰਸਕਾਰ ਦੇ ਨਾਲ ਹੀ, ਅਜਿਹੀ ਦਰਦਨਾਕ ਘਟਨਾ ਦੇ ਸਾਰੇ ਭੇਦ ਵੀ, ਦਫਨ ਹੋ ਗਏ ਕਿ ਆਖਿਰ ਬੇਹੱਦ ਸ਼ਰੀਫ ਕਿਸਮ ਦੇ ਵਿਅਕਤੀ ਨੇ ਅਜਿਹਾ ਕਾਰਾ ਕਿਉਂ ਕਰ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ਾਂ ਦੇ ਪੋਸਟਮਾਰਟਮ ਉਪਰੰਤ ਅਗਲੇਰੀ ਜਾਂਚ ਲਈ ਲੋੜੀਂਦਾ ਸਾਰਾ ਸਮਾਨ ਸਮੇਤ ਰਿਵਾਲਵਰ ਤੇ ਖਾਲੀ ਖੋਲ ਆਦਿ ਸੀਲਬੰਦ ਕਰਕੇ,ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਤਾਂਕਿ ਗੁੱਝੇ ਕੇਸ ਦੀ ਸੱਚਾਈ ਤੇ ਡੂੰਘੇ ਭੇਦ ਤੋਂ ਪਰਦਾ ਚੁੱਕਿਆ ਸਕੇ।
ਤੂੰ ਆਪਣੀ ਪਿਆਰੀ ਬੇਟੀ ਨੂੰ ਨਾਲ ਲੈ ਗਿਆ ਤੇ ਮੈਨੂੰ …..
ਅੰਤਿਮ ਸੰਸਕਾਰ ਦੇ ਮੌਕੇ ਮਾਹੌਲ ਬੇਹੱਦ ਗਮਗੀਨ ਸੀ,ਇਸੇ ਦੌਰਾਨ ਜਦੋਂ ਕੁਲਬੀਰ ਮਾਨ ਦੀ ਚਿਖਾ ਨੂੰ ਅੱਗ ਦੇਣ ਲਈ, ਉਸ ਦੀ ਪਤਨੀ ਰਮਨਦੀਪ ਕੌਰ ਅੱਗੇ ਵਧੀ ਤਾਂ ਉਸ ਦੇ ਮੂੰਹੋਂ ਨਿਕਲਿਆ, ਕੁਲਬੀਰ ਤੂੰ ਆਪਣੀ ਪਿਆਰੀ ਬੇਟੀ ਨੂੰ ਤਾਂ ਆਪਣੇ ਨਾਲ ਲੈ ਗਿਆ ਤੇ ਮੈਨੂੰ ਕੀਹਦੇ ਆਸਰੇ ਇਕੱਲੀ ਛੱਡ ਗਿਆ, ਤੂੰ ਮੈਨੂੰ ਵੀ ਇੱਕ ਗੋਲੀ ਮਾਰ ਦਿੰਦਾ, ਅਜਿਹੇ ਸ਼ਬਦ ਸੁਣ ਕੇ ਹਰ ਅੱਖ ਵਿੱਚ ਹੰਝੂ ਆਪ ਮੁਹਾਰੇ ਛਲਕ ਪਏ। ਰਮਨਦੀਪ ਨੇ ਫਿਰ ਆਪਣੀ ਧੀ ਨੂੰ ਤੇ ਬਾਅਦ ਵਿੱਚ ਆਪਸੀ ਸੱਸ ਦੀ ਚਿਖਾ ਨੂੰ ਅਗਨੀ ਦਿੱਤੀ। ਜਦੋਂ ਅੰਤਿਮ ਸੰਸਕਾਰ ਕਰਕੇ,ਸਾਰੇ ਜਣੇ, ਗੁਰੂ ਘਰ ਵੱਲ ਜਾਣ ਲੱਗੇ ਤਾਂ ਗੇਟ ਤੇ ਰਮਨਦੀਪ ਦੀ ਨਿਗ੍ਹਾ ਮਾਸਟਰ ਮਾਇੰਡ ਇੰਸਟੀਚਿਊਟ ਦੇ ਮਾਲਿਕ ਸ਼ਿਵ ਸਿੰਗਲਾ ਵੱਲ ਗਈ ਤਾਂ ਉਸ ਨੇ ਕਿਹਾ, ਵੀਰ ਜੀ, ਤੁਸੀਂ ਨਿਮਰਤ ਦੇ ਸਰ ਨੂੰ ਕਹਿ ਦਿਉ,ਹੁਣ ਨਿਮਰਤ ਕਦੇ ਨਹੀਂ ਆਵੇਗੀ। ਜਿਕਰਯੋਗ ਹੈ ਕਿ ਹਾਲੇ ਕਰੀਬ ਇੱਕ ਮਹੀਨਾ ਕੁ ਪਹਿਲਾਂ ਹੀ ਕੁਲਬੀਰ ਮਾਨ ਤੇ ਉਸ ਦੀ ਪਤਨੀ, ਆਪਣੀ ਕੈਨੇਡਾ ਤੋਂ ਚਾਰ ਮਹੀਨਿਆਂ ਲਈ ਛੁੱਟੀਆਂ ਕੱਟਣ ਆਈ ਧੀ ਨੂੰ ਮਾਸਟਰ ਮਾਇੰਡ ਇੰਸਟੀਚਿਊਟ ਵਿੱਚ ਕੋਚਿੰਗ ਲਈ ਛੱਡ ਕੇ ਆਏ ਸਨ। ਉਸ ਦੀ ਸਿਤੰਬਰ ਮਹੀਨੇ ‘ਚ ਹੀ ਕੈਨੇਡਾ ਵਾਪਿਸੀ ਦੀ ਫਲਾਇਟ ਸੀ।
ਮੋਬਾਇਲ ਫੋਨਾਂ ਦੀ ਕਾਲ ਡਿਟੇਲ ਵੀ ਖੰਗਾਲਗੇ ਪੁਲਿਸ..
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਕੁਲਬੀਰ ਸਿੰਘ ਮਾਨ ਅਤੇ ਉਨ੍ਹਾਂ ਦੀ ਬੇਟੀ ਨਿਮਰਤ ਕੌਰ ਤੇ ਹੋਰ ਮੋਬਾਇਲ ਫੋਨਾਂ ਦੀ ਕਾਲ ਡਿਟੇਲ ਵੀ ਖੰਗਾਲਗੀ ਤਾਂ ਕਿ ਇਹ ਪਤਾ ਲੱਗ ਸਕੇ ਕਿ ਅਕਸਰ, ਇੱਕਦਮ ਅਜਿਹਾ ਕੀ ਵਾਪਿਰਆ ਕਿ ਬਿਨ੍ਹਾਂ ਕਿਸੇ ਗੱਲ ਤੋਂ ਕੁਲਬੀਰ ਮਾਨ ਇੱਨ੍ਹਾਂ ਗੁੱਸੇ ਵਿੱਚ ਆ ਗਿਆ ਕਿ ਉਸ ਨੇ ਖੁਦ ਸਮੇਤ ਤਿੰਨ ਜਣਿਆਂ ਦਾ ਮਿੰਟਾਂ ਵਿੱਚ ਹੀ ਖੂਨ ਵਹਾ ਦਿੱਤਾ। ਪਰਿਵਾਰਿਕ ਮੈਂਬਰਾਂ ਅਤੇ ਕੁਲਬੀਰ ਦੇ ਕਰੀਬੀ ਦੋਸਤਾਂ ਦਾ ਕਹਿਣਾ ਹੈ ਕਿ ਕੁਲਬੀਰ,ਕਰੀਬ ਪੰਜ ਛੇ ਮਹੀਨਿਆਂ ਤੋਂ ਘਰੋਂ ਬਾਹਰ ਘੱਟ ਹੀ ਨਿਕਲਦਾ ਸੀ, ਉਸ ਦੀ ਡਿਪਰੈਸ਼ਨ ਦੀ ਦਵਾਈ ਵੀ ਚੱਲ ਰਹੀ ਸੀ, ਉਸ ਦੇ ਡਿਪਰੈਸ਼ਨ ਦਾ ਕੀ ਕਾਰਣ ਰਿਹਾ, ਇਹ ਵੀ,ਉਸ ਦਾ ਇਲਾਜ ਕਰਨ ਵਾਲੇ ਡਾਕਟਰ ਤੋਂ ਉਸ ਦੀ ਕੇਸ ਹਿਸਟਰੀ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ।
ਸੀਸੀਟੀਵੀ ਕੈਮਰੇ ‘ਚੋਂ ਬਾਹਰ ਆਇਆ ਪੂਰਾ ਘਟਨਾਕ੍ਰਮ
ਕੁਲਬੀਰ ਸਿੰਘ ਮਾਨ ਦੀ ਕੋਠੀ ਦੀ ਲੌਬੀ ਵਿੱਚ ਲੱਗੇ ਅਵਾਜ ਵਾਲੇ ਸੀਸੀਟੀਵੀ ਕੈਮਰੇ ਵਿੱਚ ਸਾਰਾ ਵਾਕਿਆ ਕੈਦ ਹੋ ਚੁੱਕਿਆ ਹੈ। ਕਰੀਬ ਸਵਾ ਕੁ 6 ਵਜੇ ਕੁਲਬੀਰ ਸਿੰਘ ਮਾਨ ਦੀ ਪਤਨੀ ਰਮਨਦੀਪ ਕੌਰ ਐਕਟਿਵਾ ਤੇ ਸੰਧੂ ਪੱਤੀ ਇਲਾਕੇ ਚੋਂ ਦੁੱਧ ਲੈਣ ਲਈ ਚਲੀ ਗਈ। ਉਹ ਜਾਂਦੇ ਸਮੇਂ ਰੋਜਾਨਾ ਵਾਂਗ ਗੇਟ ਦੀ ਬਾਹਰੋਂ ਕੁੰਡੀ ਲਾ ਕੇ ਚਲੀ ਗਈ ਤਾਂਕਿ ਆ ਕੇ ਖੁਦ ਹੀ ਮੁੱਖ ਗੇਟ ਨੂੰ ਖੋਲ ਲਵੇ। ਪਰੰਤੂ ਕੁੱਝ ਮਿੰਟਾਂ ਬਾਅਦ ਹੀ ਕੁਲਬੀਰ ਮਾਨ, ਆਪਣੇ ਕਮਰੇ ਵਿੱਚੋਂ ਬਾਹਰ ਨਿਕਲਿਆ ਅਤੇ ਗੇਟ ਨੂੰ ਅੰਦਰੋਂ ਕੁੰਡਾ ਲਗਾ ਕੇ ,ਫਿਰ ਆਪਣੀ ਬੇਟੀ ਨਿਮਰਤ ਦੇ ਕਮਰੇ ਵਿੱਚ ਚਲਾ ਗਿਆ। ਉੱਥੇ ਕਰੀਬ 40/45 ਸਕਿੰਟ ਉਹ ਆਪਣੀ ਬੇਟੀ ਨਾਲ ਕੋਈ ਗੱਲਬਾਤ ਕਰਦਾ ਹੈ ਤੇ ਫਿਰ 2 ਗੋਲੀਆਂ ਚੱਲਣ ਦੀ ਅਵਾਜ ਆਉਂਦੀ ਹੈ। ਫਿਰ ਉਹ ਕਾਫੀ ਘਬਰਾਇਆ ਤੇ ਪ੍ਰੇਸ਼ਾਨ ਹੋਇਆ ਮੱਥੇ ਤੇ ਹੱਥ ਮਾਰਦਾ ਬਾਹਰ ਨਿਕਲਿਆ ਤੇ ਆਪਣੀ ਮਾਂ ਦੇ ਕਮਰੇ ਵਿੱਚ ਦਾਖਿਲ ਹੋਇਆ, ਫਿਰ ਤੁਰੰਤ ਦੋ ਗੋਲੀਆਂ ਦੀ ਅਵਾਜ ਆਉਂਦੀ ਹੈ।,ਦੁਬਾਰਾ ਫਿਰ ਉਹ ਆਪਣੀ ਬੇਟੀ ਦੇ ਕਮਰੇ ਵਿੱਚ ਦਾਖਿਲ ਹੁੰਦਾ ਹੈ ਤੇ ਇੱਕ ਗੋਲੀ ਦੀ ਅਤੇ ਕੁੱਤੀ ਦੇ ਚੀਖਣ ਦੀ ਅਵਾਜ ਫਿਰ ਸੁਣਾਈ ਦੇ ਰਹੀ ਹੈ। ਕੁੱਝ ਸਕਿੰਟਾਂ ਦੇ ਵਕਫੇ ਬਾਅਦ, ਫਿਰ ਆਖਿਰੀ ਇੱਕ ਗੋਲੀ ਚੱਲਣ ਦੀ ਅਵਾਜ ਆਉਂਦੀ ਹੈ, ਜਿਹੜੀ ਕੁਲਬੀਰ ਮਾਨ ਨੇ ਖੁਦ ਨੂੰ ਮਾਰੀ ਪ੍ਰਤੀਤ ਹੁੰਦੀ ਹੈ। ਸੀਸੀਟੀਵੀ ਕੈਮਰੇ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ ਜਦੋਂ ਉਹ ਆਪਣੀ ਬੇਟੀ ਦੇ ਕਮਰੇ ਵਿੱਚੋਂ ਆਪਣੀ ਮਾਂ ਦੇ ਕਮਰੇ ਵੱਲ ਜਾ ਰਿਹਾ ਹੈ, ਉਸ ਦੇ ਕੋਲ ਰਿਵਾਲਵਰ ਦਾ ਥੋੜਾ ਹਿੱਸਾ ਵੀ ਦਿਖਾਈ ਦੇ ਰਿਹਾ ਹੈ, ਉਸ ਦੇ ਪਹਿਣੀ ਚੱਪਲ ਨੂੰ ਖੂਨ ਵੀ ਲੱਗਿਆ ਹੋਇਆ ਹੈ,ਸੰਭਵ ਹੈ ਕਿ ਇਹ ਖੂਨ ਉਸ ਦੀ ਬੇਟੀ ਦਾ ਨਿੱਕਲਿਆ ਹੋਇਆ ਹੀ ਹੋਵੇਗਾ । ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੇ ਮੌਕਾ ਵਾਰਦਾਤ ਦਾ ਡੂੰਘਾਈ ਨਾਲ ਮੁਆਇਨਾ ਕੀਤਾ ਹੈ, ਫੋਰੈਂਸਿਕ ਟੀਮ ਨੇ ਵੀ ਫਿੰਗਰ ਪ੍ਰਿੰਟ ਵਗੈਰਾ ਵੀ ਹਾਸਿਲ ਕਰ ਲਏ ਹਨ। ਉਨਾਂ ਕਿਹਾ ਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੇ ਬਿਆਨ ਪਰ,174 ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ, ਫਿਰ ਵੀ ਪੁਲਿਸ ਹਰ ਐਂਗਲ ਤੋਂ ਜਾਂਚ ਪੜਤਾਲ ਕਰੇਗੀ। ਉਨਾਂ ਕਿਹਾ ਕਿ ਬੇਸ਼ੱਕ ਪਹਿਲੀ ਨਜ਼ਰੇ ਇਹ ਕਾਰਾ ਕੁਲਬੀਰ ਮਾਨ ਦਾ ਕੀਤਾ ਹੀ ਲੱਗਦਾ ਹੈ,ਪਰੰਤੂ ਫਿਰ ਵੀ ਪੁਲਿਸ ਲੈਬ ਤੋਂ ਰਿਪੋਰਟ ਲਵੇਗੀ ਕਿ ਰਿਵਾਲਵਰ ਦੇ ਫਿੰਗਰ ਪ੍ਰਿੰਟ ਕੁਲਬੀਰ ਮਾਨ ਦੇ ਹੀ ਹਨ, ਜਾਂ ਇਹ ਰਿਵਾਲਵਰ ਕਿਸੇ ਹੋਰ ਵਿਅਕਤੀ ਨੇ ਵਰਤਿਆ ਹੈ। ਇਹ ਸ਼ੱਕ ਦੀ ਗੁੰਜਾਇਸ਼ ਸਿਰਫ ਇਸ ਕਰਕੇ, ਬਦਦੀ ਹੈ ਕਿਉਂਕਿ ਗੋਲੀਆਂ ਦੀ ਅਵਾਜ ਤਾਂ ਸੁਣਾਈ ਦਿੰਦੀ ਹੈ,ਪਰ ਉਹ ਗੋਲੀਆਂ ਚਲਾਉਂਦਾ ਇਸ ਕਰਕੇ, ਨਜ਼ਰ ਨਹੀਂ ਪੈ ਰਿਹਾ। ਇਸ ਦਾ ਕਾਰਣ ਇਹ ਵੀ ਹੈ ਕਿ ਵਾਰਦਾਤ ਵਾਲੀ ਥਾਂ ਤੇ ਲੌਬੀ ਤੋਂ ਬਿਨਾਂ ਕਿਧਰੇ ਵੀ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ। ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਰਿਵਾਲਵਰ ਦੀਆਂ ਪੰਜ ਗੋਲੀਆਂ ਦੇ ਖੋਲ ਬਰਾਮਦ ਹੋ ਗਏ ਹਨ,ਜਦੋਂਕਿ ਇੱਕ ਗੋਲੀ ਰਿਵਾਲਵਰ ਵਿੱਚ ਹੀ ਸੀ।