ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੇ ਨਸ਼ਾ ਤਸਕਰਾਂ ਨੂੰ ਸਖਤ ਸੰਦੇਸ਼ ਦਿੱਤਾ ਹੈ ਕਿ ਹੁਣ ਉਨ੍ਹਾਂ ਦੀ ਖੈਰ ਨਹੀਂ- ਡੀਆਈਜੀ ਭੁੱਲਰ
ਹਰਿੰਦਰ ਨਿੱਕਾ, ਪਟਿਆਲਾ 22 ਜੂਨ 2024
ਪੁਲਿਸ ਰੇਂਜ ਪਟਿਆਲਾ ‘ਅਧੀਨ ਪੈਂਦੇ ਚਾਰ ਜਿਲ੍ਹਿਆਂ ਪਟਿਆਲਾ, ਸੰਗਰੂਰ, ਮਾਲੇਰਕੋਟਲਾ ਅਤੇ ਬਰਨਾਲਾ ਚ ਨਸ਼ਾ ਤਸਕਰਾਂ ਤੇ ਹਰ ਦਿਨ ਸ਼ਿਕੰਜਾ ਕਸਿਆ ਜਾ ਰਿਹਾ ਹੈ। ਇਸੇ ਕੜੀ ਤਹਿਤ ਚਾਰੋਂ ਜਿਲ੍ਹਿਆਂ ਅੰਦਰ ਲੰਘੀ ਕੱਲ੍ਹ ਚਲਾਏ ਸਰਚ ਅਭਿਆਨ ਵਿੱਚ 40 ਨਸ਼ਾ ਤਸਕਰਾਂ ਖਿਲਾਫ ਕੇਸ ਦਰਜ ਕਰਕੇ, ਉਨ੍ਹਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਰੇਂਜ ਦੇ ਡੀਆਈਜੀ ਆਈਪੀਐਸ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਸੂਬੇ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਜੀ ਦੇ ਹੁਕਮਾਂ ਮੁਤਾਬਿਕ ਪਟਿਆਲਾ ਜਿਲ੍ਹੇ ਦੇ ਐਸ.ਐਸ.ਪੀ. IPS ਵਰੁਣ ਸ਼ਰਮਾ, ਸੰਗਰੂਰ ਜਿਲ੍ਹੇ ਦੇ ਐਸ.ਐਸ.ਪੀ. IPS ਸਰਤਾਜ਼ ਸਿੰਘ ਚਹਿਲ, ਬਰਨਾਲਾ ਜਿਲ੍ਹੇ ਦੇ ਐਸ.ਐਸ.ਪੀ. IPS ਸੰਦੀਪ ਕੁਮਾਰ ਮਲਿਕ ਅਤੇ ਮਾਲੇਰਕੋਟਲਾ ਜਿਲ੍ਹੇ ਦੀ ਐਸ.ਐਸ.ਪੀ.IPS ਡਾ. ਸਿਮਰਤ ਕੌਰ ਦੀ ਅਗਵਾਈ ਵਿੱਚ ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਵੱਲੋਂ ਇੱਕੋ ਸਮੇਂ ਆਪ੍ਰੇਸ਼ਨ ਈਗਲ ਤਹਿਤ ਨਸ਼ਾ ਤਸਕਰਾਂ ਦੇ ਹੌਟ ਸਪੌਟ ਤੇ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਰੇਂਜ ਦੇ ਖੇਤਰ ਵਿੱਚ 40 ਨਸ਼ਾ ਤਸਕਰਾਂ ਖਿਲਾਫ ਕੇਸ ਦਰਜ ਕਰਕੇ,ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭੁੱਲਰ ਨੇ ਦੱਸਿਆ ਕਿ ਇੱਨਾਂ ਵਿੱਚੋਂ 30 ਕੇਸ ਐਨਡੀਪੀਐਸ ਐਕਟ ਤਹਿਤ ਅਤੇ ਆਬਕਾਰੀ ਅੇਕਟ ਤਹਿਤ 10 ਵੱਖਰੇ ਮੁਕੱਦਮੇ ਦਰਜ ਕਰਕੇ,ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਡੀਆਈਜੀ ਭੁੱਲਰ ਨੇ ਇਸ ਮੁਹਿੰਮ ਨੂੰ ਪੂਰੀ ਤਰਾਂ ਸਫਲ ਕਰਾਰ ਦਿੰਦਿਆਂ ਕਿਹਾ ਕਿ ਨਸ਼ਿਆ ਖਿਲਾਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਸਾਹਿਬ ਦੇ ਹੁਕਮਾਂ ਤਹਿਤ ਚਲਾਈ ਜਾ ਰਹੀ ਮੁਹਿੰਮ ਨੇ ਨਸ਼ਾ ਤਸਕਰਾਂ ਨੂੰ ਸਖਤ ਸੰਦੇਸ਼ ਦੇ ਦਿੱਤਾ ਹੈ ਕਿ ਹੁਣ ਉਨ੍ਹਾਂ ਦੀ ਖੈਰ ਨਹੀਂ ਹੈ। ਭੁੱਲਰ ਨੇ ਕਿਹਾ ਕਿ ਲੋਕਾਂ ਦਾ ਸਹਿਯੋਗ, ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਬੇਹੱਦ ਅਹਿਮ ਹੈ। ਇਸ ਮੁਹਿੰਮ ਨੂੰ ਹਰ ਘਰ ਤੱਕ ਲੈ ਕੇ ਜਾਣ ਲਈ, ਸਾਰਿਆਂ ਨੂੰ ਹੀ ਆਪੋ-ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਠੀ ਭਰ ਨਸ਼ਾ ਤਸਕਰਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਅੰਦਰ ਕੀਤੀ ਜਾ ਰਹੀ ਨਸ਼ਿਆਂ ਦੀ ਸਪਲਾਈ ਤੇ ਨਜ਼ਰ ਰੱਖਣ ਲਈ, ਠੀਕਰੀ ਪਹਿਰਾ ਲਾ ਕੇ, ਨਸ਼ਾ ਤਸਕਰਾਂ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਜਰੂਰਤ ਹੈ। ਅਜਿਹਾ ਕਰਨ ਨਾਲ, ਪੰਜਾਬ ਦੀ ਜੁਆਨੀ ਨੂੰ ਬਚਾ ਕੇ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕਦਾ ਹੈ। ਡੀਆਈਜੀ ਭੁੱਲਰ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਪੁਲਿਸ ਜਦੋਂ , ਨਸ਼ਾ ਤਸਕਰਾਂ ਦੇ ਠਿਕਾਣਿਆਂ ਤੇ ਰੇਡ ਕਰਨ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦੀ ਹੈ ਤਾਂ ਫਿਰ ਇਸ ਦੀ ਭਿਣਕ ਤਾਂ ਕਿਸੇ ਤਰਾਂ ਨਸ਼ਾ ਤਸਕਰਾਂ ਨੂੰ ਵੀ ਲੱਗ ਹੀ ਜਾਂਦੀ ਹੈ। ਭੁੱਲਰ ਨੇ ਇਸ ਸੁਆਲ ਸਬੰਧੀ ਸਪੱਸ਼ਟ ਕੀਤਾ ਕਿ ਪੁਲਿਸ ਚੁਣੇ ਗਏ ਠਿਕਾਣਿਆਂ ਨੂੰ ਪਹਿਲਾਂ ਚੁਫੇਰਿਉਂ ਘੇਰਾ ਪਾਉਂਦੀ ਹੈ ਤੇ ਬਾਅਦ ਵਿੱਚ ਹੀ ਮੀਡੀਆ ਨੂੰ ਜਾਣਕਾਰੀ ਦੇ ਕੇ ਉੱਥੇ ਬੁਲਾਇਆ ਜਾਂਦਾ ਹੈ ਅਤੇ ਤਲਾਸ਼ੀ ਅਭਿਆਨ ਚਲਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਕੋਹੜ ਦੇ ਖਾਤਮੇ ਲਈ, ਪੁਲਿਸ ਨੂੰ ਸੂਚਨਾ ਦੇਣ, ਸੂਚਨਾ ਦੇਣ ਵਾਲਿਆਂ ਦੀ ਪਹਿਚਾਣ ਬਿਲਕੁਲ ਗੁਪਤ ਰੱਖੀ ਜਾਵੇਗੀ।