ਕਿਸੇ ਵੀ ਪਾਰਟੀ ਜਾਂ ਉਮੀਦਵਾਰ ਦੀ ਹਮਾਇਤ ਨਹੀਂ ਕਰ ਰਹੀ ਜਥੇਬੰਦੀ
–ਚੜੂਨੀ ਦੇ ਬਿਆਨ ਦੀ ਨਿੰਦਾ
ਪ੍ਰਦੀਪ ਕਸਬਾ, ਬਰਨਾਲਾ, 20 ਫ਼ਰਵਰੀ 2022
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਵੋਟਾਂ ਦੀ ਹਮਾਇਤ ਲਈ ਕੀਤੀ ਗਈ ਅਪੀਲ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਜਥੇਬੰਦੀ ਦੀ ਨੀਤੀ ਚੋਣਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਦੀ ਹਮਾਇਤ ਨਾ ਕਰਨ ਦੀ ਹੈ। ਜਥੇਬੰਦੀ ਵੱਲੋਂ ਬਾਕਾਇਦਾ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੀ ਏਕਤਾ ਕਾਇਮ ਰੱਖਣ ਤੇ ਵੋਟਾਂ ਪਾਉਣ ਰਾਹੀਂ ਭਲੇ ਦੀ ਆਸ ਨਾ ਰੱਖਣ ਸਗੋਂ ਸੰਘਰਸ਼ਾਂ ‘ਤੇ ਹੀ ਟੇਕ ਰੱਖਣ।
ਜਥੇਬੰਦੀ ਨੇ ਬਰਨਾਲੇ ਵਿੱਚ ਲੋਕਾਂ ਦੇ ਲਾਮਿਸਾਲ ਇਕੱਠ ਰਾਹੀਂ ਇਹ ਸੰਦੇਸ਼ ਦਿੰਦਿਆਂ ਲੋਕਾਂ ਦੇ ਅਹਿਮ ਸਾਂਝੇ ਮੁੱਦੇ ਉਭਾਰੇ ਹਨ ਤੇ ਇਨ੍ਹਾਂ ਦੇ ਹੱਲ ਲਈ ਸਾਂਝੇ ਲੋਕ ਸੰਘਰਸ਼ਾਂ ਦੇ ਰਾਹ ਨੂੰ ਹੀ ਉਚਿਆਇਆ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਵੱਲੋਂ ਵੱਖ-ਵੱਖ ਪਾਰਟੀਆਂ ਦੀ ਹਮਾਇਤ ਕਰਨ ਬਾਰੇ ਫੈਲਾਈਆਂ ਜਾ ਰਹੀਆਂ ਹਰ ਕਿਸਮ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਉਮੀਦਵਾਰ ਜਾਂ ਪਾਰਟੀ ਜਥੇਬੰਦੀ ਦੀ ਹਮਾਇਤ ਹੋਣ ਦਾ ਦਾਅਵਾ ਕਰਦੀ ਹੈ ਤਾਂ ਇਸ ‘ਤੇ ਇਤਬਾਰ ਨਾ ਕੀਤਾ ਜਾਵੇ।
ਇਸ ਤੋਂ ਇਲਾਵਾ ਦੋਹਾਂ ਆਗੂਆਂ ਨੇ ਨਵੀਂ ਪਾਰਟੀ ਬਣਾ ਕੇ ਚੋਣਾਂ ਲੜ ਰਹੇ ਗੁਰਨਾਮ ਸਿੰਘ ਚੜੂਨੀ ਦੇ ਉਸ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ ਜਿਸ ਰਾਹੀਂ ਉਸ ਨੇ ਸਨਅਤੀ ਮਜ਼ਦੂਰਾਂ ਨਾਲ ਕਿਸਾਨਾਂ ਦੀ ਸਾਂਝ ਨਾ ਹੋਣ ਬਾਰੇ ਕਿਹਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਨਅਤੀ ਮਜ਼ਦੂਰਾਂ ਦੀ ਮਾਰਚ ਦੇ ਅਖੀਰ ਵਿੱਚ ਕੀਤੀ ਜਾ ਰਹੀ ਹਡ਼ਤਾਲ ਦੀ ਬਕਾਇਦਾ ਹਮਾਇਤ ਦਾ ਐਲਾਨ ਕੀਤਾ ਹੋਇਆ ਹੈ।
ਸਨਅਤੀ ਮਜ਼ਦੂਰਾਂ ਤੇ ਕਿਸਾਨਾਂ ਦੀ ਸੰਘਰਸ਼-ਸਾਂਝ ਬੇਹੱਦ ਜ਼ਰੂਰੀ ਹੈ। ਇਸ ਸਾਂਝ ਰਾਹੀਂ ਹੀ ਮੋਦੀ ਹਕੂਮਤ ਦੇ ਨਵ-ਉਦਾਰਵਾਦੀ ਹੱਲੇ ਦਾ ਅਸਰਦਾਰ ਟਾਕਰਾ ਕੀਤਾ ਜਾ ਸਕਦਾ ਹੈ। ਗੁਰਨਾਮ ਸਿੰਘ ਚੜੂਨੀ ਦਾ ਇਹ ਬਿਆਨ ਦੋਵਾਂ ਤਬਕਿਆਂ ‘ਚ ਫੁੱਟ ਪਾਉਣ ਦਾ ਮਨਸੂਬਾ ਹੈ, ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਸ ਨੇ ਚੋਣਾਂ ਦਾ ਪਿੜ ਮੱਲਦਿਆਂ ਹੀ ਹਾਕਮ ਜਮਾਤਾਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਜਿਹੇ ਫੁੱਟ ਪਾਊ ਮਨਸੂਬਿਆਂ ਨੂੰ ਭਾਂਜ ਦੇਣ।