ਆਖਿਰ ਬਾਹਰ ਆਇਆ ਲਾਭ ਸਿੰਘ ਉਗੋਕੇ ਦੀ ਗੱਡੀ ਤੇ ਹਮਲੇ ਦਾ ਸੱਚ !
ਕਾਂਗਰਸੀ ਆਗੂ ਬੀਬੀ ਮੀਂਮਸਾ, ਰਾਜਬੀਰ ਸਿੰਗਲਾ ਸਣੇ 4 ਤੇ ਕੇਸ ਦਰਜ
ਹਰਿੰਦਰ ਨਿੱਕਾ , ਬਰਨਾਲਾ 20 ਫਰਵਰੀ 20222
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਕੜੀ ਚੁਣੌਤੀ ਦੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਦੀ ਗੱਡੀ ਤੇ ਕਾਂਗਰਸੀਆਂ ਨੇ ਭਦੌੜ ਤਿਨਕੋਣੀ ਤੇ ਹਮਲਾ ਕਰ ਦਿੱਤਾ । ਲਾਭ ਸਿੰਘ ਉਗੋਕੇ ਦੀ ਗੱਡੀ ਤੇ ਹਮਲਾ ਕਰਨ ਵਾਲਿਆਂ ਵਿਚੋਂ ਇੱਕ ਨੌਜਵਾਨ ਵਿਸ਼ਾਲ ਸਿੰਗਲਾ ,ਉਗੋਕੇ ਦੀ ਗੱਡੀ ਦੇ ਬੋਨੇਟ ਤੇ ਚੜ੍ਹ ਗਿਆ। ਜਿਹੜਾ ਗੰਭੀਰ ਜਖਮੀ ਹੋ ਗਿਆ। ਤੁਰੰਤ ਹੀ ਉਸਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਲਾਭ ਸਿੰਘ ਉਗੋਕੇ ਦੀ ਗੱਡੀ ਦੇ ਬੋਨੇਟ ਤੇ ਚੜ੍ਹੇ ਨੌਜਵਾਨ ਦੀ ਵੀਡੀਓ ਵੀ ਸੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਖਮੀ ਹੋਇਆ ਨੌਜਵਾਨ ਕਾਂਗਰਸੀ ਆਗੂ ਰਾਜਬੀਰ ਸਿੰਗਲਾ ਦਾ ਬੇਟਾ ਹੈ। ਵਾਇਰਲ ਵੀਡੀਓ ਵਿੱਚ ਨੌਜਵਾਨ ਬੋਨੇਟ ਤੇ ਚੜ੍ਹਿਆ, ਨਾਅਰੇਬਾਜ਼ੀ ਕਰਦਾ ਦਿਖਾਈ ਦੇ ਰਿਹਾ ਹੈ। ਲਾਭ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਤਿੰਨਕੋਣੀ ਕੋਲੋਂ ਗੱਡੀ ਤੇ ਲੰਘ ਰਿਹਾ ਸੀ,ਤਾਂ ਉਦੋਂ ਬੁਖਲਾਹਟ ਵਿੱਚ ਆਏ ਕਾਂਗਰਸੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ, ਉਨ੍ਹਾਂ ਨੂੰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰ ਨੌਜਵਾਨ ਦੇ ਗੱਡੀ ਤੋਂ ਡਿੱਗ ਜਾਣ ਨਾਲ ਸੱਟਾ ਵੀ ਲੱਗੀਆਂ। ਉੱਧਰ ਕਾਂਗਰਸੀਆਂ ਨੇ ਲਾਭ ਸਿੰਘ ਤੇ ਸ਼ਬਦੀ ਹਮਲੇ ਸ਼ੁਰੂ ਕਰ ਦਿੱਤੇ ਹਨ।
ਲੰਘੀ ਰਾਤ ਹੋਇਆ ਰਾਜਬੀਰ ਸਿੰਗਲਾ ,ਮੀਂਮਸਾ ਸਣੇ ਹੋਰਾਂ ਤੇ ਕੇਸ ਦਰਜ
ਵਰਨਣਯੋਗ ਹੈ ਕਿ ਲੰਘੀ ਰਾਤ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਮੀਂਮਸਾ, ਉਨ੍ਹਾਂ ਦਾ ਪਤੀ ਜਰਨੈਲ ਸਿੰਘ, ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਗਲਾ ਆਪਣੇ ਹੋਰ ਸਾਥੀਆਂ ਸਣੇ, ਲਾਭ ਸਿੰਘ ਉਗੋਕੇ ਦੇ ਪਿੰਡ ਉੱਗੋਕੇ ਵਿਖੇ ਦੇਰ ਰਾਤ ਪ੍ਰਚਾਰ ਕਰਦੇ ਗੱਡੀ ਵਿੱਚ ਘੁੰਮ ਰਹੇ ਸਨ, ਜਿਸ ਦੀ ਸ਼ਕਾਇਤ ਆਪ ਵਰਕਰਾਂ ਨੇ ਚੋਣ ਕਮਿਸ਼ਨ ਕੋਲ ਕੀਤੀ। ਜਿਸ ਦੇ ਆਧਾਰ ਤੇ ਪੁਲਿਸ ਨੇ ਥਾਣਾ ਸ਼ਹਿਣਾ ਵਿਖੇ ਬੀਬੀ ਰਜਿੰਦਰ ਕੌਰ ਮੀਂਮਸਾ, ਉਨ੍ਹਾਂ ਦਾ ਪਤੀ ਜਰਨੈਲ ਸਿੰਘ ਦੋਵੇਂ ਵਾਸੀ ਮਹੇਸ਼ ਨਗਰ ਬਰਨਾਲਾ, ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਗਲਾ ਵਾਸੀ ਭਦੌੜ ਅਤੇ ਬਿੱਲੂ ਸਿੰਘ ਵਾਸੀ ਬਾਜਾਖਾਨਾ ਰੋਡ ਬਰਨਾਲਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਜਿਸ ਦੇ ਵਿਰੋਧ ਵਿੱਚ ਅੱਜ ਉਕਤ ਕੇਸ ਵਿੱਚ ਨਾਮਜਦ ਦੋਸ਼ੀ ਰਾਜਬੀਰ ਸਿੰਗਲਾ ਦੇ ਬੇਟੇ ਵਿਸ਼ਾਲ ਸਿੰਗਲਾ ਦੀ ਅਗਵਾਈ ਵਿੱਚ ਲਾਭ ਸਿੰਘ ਉਗੋਕੇ ਦੀ ਗੱਡੀ ਨੂੰ ਘੇਰ ਕੇ ਭੰਨਤੋੜ ਕਰਦਿਆਂ ਹਮਲਾ ਕਰ ਦਿੱਤਾ ਗਿਆ। ਦੋਵੇਂ ਘਟਨਾਵਾਂ ਤੋਂ ਬਾਅਦ ਇਲਾਕੇ ਵਿੱਚ ਤਣਾਅਪੂਰਣ ਮਾਹੌਲ ਬਣਿਆ ਹੋਇਆ ਹੈ। ਕਾਂਗਰਸੀ ਅਤੇ ਆਪ ਸਮਰਥਕ, ਇੱਕ ਦੂਜੇ ਤੇ ਗੁੰਡਾਗਰਦੀ ਦੇ ਦੋਸ਼ ਲਾ ਕੇ, ਵੋਟਾਂ ਦਾ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਵਿੱਚ ਰੁੱਝੇ ਹੋਏ ਹਨ ।