ਪ੍ਰੇਮੀ ਜੋੜੀ ਸਣੇ 4 ਜਣਿਆਂ ਖਿਲਾਫ ਕੇਸ ਦਰਜ਼
ਹਰਿੰਦਰ ਨਿੱਕਾ , ਬਠਿੰਡਾ 28 ਨਵੰਬਰ 2021
ਘੁੱਗ ਵਸਦੀ ਵਿਆਹੁਤਾ ਜੋੜੀ ਦਰਮਿਆਨ ਆਈ ਪ੍ਰੀਤੀ ਨੇ ਦੋਵਾਂ ਦੀ ਜਿੰਦਗੀ ‘ਚ ਅਜਿਹਾ ਜਹਿਰ ਘੋਲਿਆ ਕਿ ਪਤਨੀ ਨੇ ਗਲ ਫਾਹਾ ਲੈ ਕੇ ਜਾਨ ਦੇ ਦਿੱਤੀ । ਜਦੋਂਕਿ ਬਿਗਾਨੀ ਪ੍ਰੀਤੀ ਅਤੇ ਉਸ ਨਾਲ ਲੁਕ ਲੁਕ ਕੇ ਪਿਆਰ ਦੀਆਂ ਪੀਘਾਂ ਝੂਟ ਰਹੇ ਬਾਦਲ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਣ ਦਾ ਰਾਸਤਾ ਤਿਆਰ ਕਰ ਦਿੱਤਾ। ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕਾ ਦੇ ਪਿਤਾ ਗ੍ਰੰਥੀ ਗੇਜਾ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਤਾਜੋਕੇ , ਤਪਾ ਨੇ ਦੱਸਿਆ ਕਿ ਉਸ ਦੀ ਲੜਕੀ ਲਵਪ੍ਰੀਤ ਕੌਰ ਦਾ ਵਿਆਹ ਕਰੀਬ ਤਿੰਨ ਵਰ੍ਹੇ ਪਹਿਲਾਂ ਮਹਿਰਾਜ ਪਿੰਡ ਦੇ ਰਹਿਣ ਵਾਲੇ ਬਾਦਲ ਸਿੰਘ ਨਾਲ ਹੋਇਆ ਸੀ। ਲਵਪ੍ਰੀਤ ਕੌਰ ਦੀ ਕੁੱਖੋਂ ਇੱਕ ਲੜਕੀ ਨੇ ਜਨਮ ਲਿਆ। ਘੁੱਗ ਵਸਦੀ ਵਿਆਹੁਤਾ ਜੋੜੀ ਦੇ ਪਿਆਰ ਦਰਮਿਆਨ ਪ੍ਰੀਤੀ ਨਾਮ ਦੀ ਔਰਤ ਆ ਗਈ। ਪ੍ਰੀਤੀ ਨਾਲ ਬਾਦਲ ਸਿੰਘ ਦੇ ਨਜਾਇਜ਼ ਸਬੰਧ ਬਣ ਗਏ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਕੌਰ ਦੇ ਪਤੀ ਬਾਦਲ ਸਿੰਘ ਦੇ ਪ੍ਰੀਤੀ ਨਾਲ ਨਜਾਇਜ਼ ਸਬੰਧਾਂ ਦੇ ਚੱਲਦਿਆਂ ਘਰ ਵਿੱਚ ਕਲੇਸ਼ ਰਹਿੰਦਾ ਸੀ । ਵਾਰ ਵਾਰ ਸਮਝਾਉਣ ਦੇ ਬਾਵਜੂਦ ਵੀ ਉਹ ਆਪਣੀਆਂ ਗਲਤ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਤੋਂ ਤੰਗ ਆ ਕੇ ਗਲ ਫਾਹਾ ਲੈਕੇ ਆਤਮ ਹੱਤਿਆ ਕਰ ਲਈ। ਮਾਮਲੇ ਦੇ ਤਫਤੀਸ਼ ਅਫਸਰ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਕੌਰ ਦੇ ਪਿਤਾ ਗੇਜਾ ਸਿੰਘ ਦੇ ਬਿਆਨ ਪਰ ਨਾਮਜਦ ਦੋਸ਼ੀ ਪਤੀ ਬਾਦਲ ਸਿੰਘ ,ਉਸਦੇ ਪਿਤਾ ਮੇਜਰ ਸਿੰਘ, ਬਾਦਲ ਸਿੰਘ ਦੀ ਮਾਂ ਅਤੇ ਬਾਦਲ ਸਿੰਘ ਦੀ ਪ੍ਰੇਮਿਕਾ ਪ੍ਰੀਤੀ ਵਾਸੀ ਰਾਮਗੜ੍ਹ ,ਜਿਲ੍ਹਾ ਬਰਨਾਲਾ ਖਿਲਾਫ ਲਵਪ੍ਰੀਤ ਕੌਰ ਪਤਨੀ ਬਾਦਲ ਸਿੰਘ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਅਧੀਨ ਧਾਰਾ 306 ਆਈਪੀਸੀ ਤਹਿਤ ਥਾਣਾ ਸਿਟੀ ਰਾਮਪੁਰਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਤਲਾਸ਼ ਜਾਰੀ ਹੈ,ਛੇਤੀ ਹੀ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ। ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ ।