ਬ੍ਰਹਮਗਿਆਨ ਦੀ ਪ੍ਰਾਪਤੀ ਨਾਲ ਹੀ ਹੋਰ ਮਜ਼ਬੂਤ ਹੁੰਦਾ ਹੈ ਪ੍ਰਮਾਤਮਾ ਤੇ ਵਿਸ਼ਵਾਸ
– ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਪਰਦੀਪ ਕਸਬਾ , ਬਰਨਾਲਾ ,28 ਨਵੰਬਰ, 2021:
‘‘ਕਿਸੇ ਵੀ ਗੱਲ ਉੱਤੇ ਓਦੋਂ ਤੱਕ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਅਸੀਂ ਅਸਲੀਅਤ ਵਿੱਚ ਉਹ ਚੀਜ ਨਹੀਂ ਵੇਖਦੇ। ਉਸੇ ਤਰ੍ਹਾਂ ਹੀ ਪ੍ਰਭੂ-ਪ੍ਰਮਾਤਮਾ ਉਤੇ ਸਾਡਾ ਵਿਸ਼ਵਾਸ ਤਾਂ ਹੀ ਪੱਕਾ ਹੋ ਸਕਦਾ ਹੈ ਜਦੋਂ ਬ੍ਰਹਮਗਿਆਨ ਦੁਆਰਾ ਇਸ ਪ੍ਰਮਾਤਮਾ ਨੂੰ ਜਾਣ ਲਿਆ ਜਾਵੇ। ਪ੍ਰਮਾਤਮਾ ਉੱਤੇ ਪੱਕਾ ਵਿਸ਼ਵਾਸ ਰੱਖਦੇ ਹੋਏ ਜਦੋਂ ਇਨਸਾਨ ਆਪਣੀ ਜੀਵਨ ਯਾਤਰਾ ਭਗਤੀ ਭਾਵ ਨਾਲ ਸਮਰਪਿਤ ਹੋਕੇ ਬਤੀਤ ਕਰਦਾ ਹੈ ਤਾਂ ਉਹ ਜੀਵਨ ਅਨੰਦਮਈ ਬਣ ਜਾਂਦਾ ਹੈ।’’
ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਕਿ ਇਹ ਪ੍ਰਵਚਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਵਰਚੁਅਲ ਰੂਪ ਵਿੱਚ ਆਯੋਜਿਤ ਤਿੰਨ ਦਿਨਾਂ 74ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਪਹਿਲੇ ਦਿਨ ਦੇ ਸਤਸੰਗ ਦੌਰਾਨ ਪ੍ਰਗਟ ਕੀਤੇ। ਸੰਤ ਸਮਾਗਮ ਦਾ ਸਿੱਧਾ ਪ੍ਰਸਾਰਣ ਮਿਸ਼ਨ ਦੀ ਵੈਬਸਾਈਟ ਅਤੇ ਸਾਧਨਾ ਟੀ.ਵੀ.ਚੈਨਲ ਉਤੇ ਪ੍ਰਸਾਰਿਤ ਹੋ ਰਿਹਾ ਹੈ ਜਿਸਦਾ ਲਾਭ ਪੂਰੇ ਵਿਸ਼ਵ ਭਰ ਦੇ ਸ਼ਰਧਾਲੂਆਂ ਅਤੇ ਸੰਗਤਾਂ ਦੁਆਰਾ ਪ੍ਰਾਪਤ ਕੀਤਾ ਜਾ ਰਿਹਾ ਹੈ।
ਸਤਿਗੁਰੂ ਮਾਤਾ ਜੀ ਨੇ ਅੱਗੇ ਫ਼ਰਮਾਇਆ ਕਿ ਇੱਕ ਪਾਸੇ ਵਿਸ਼ਵਾਸ ਹੈ ਤਾਂ ਦੂਜੇ ਪਾਸੇ ਅੰਧ ਵਿਸ਼ਵਾਸ ਦੀ ਗੱਲ ਵੀ ਸਾਹਮਣੇ ਆਉਂਦੀ ਹੈ। ਅੰਧ ਵਿਸ਼ਵਾਸ ਨਾਲ ਵਹਿਮ-ਭਰਮ ਪੈਦਾ ਹੁੰਦੇ ਹਨ, ਡਰ ਪੈਦਾ ਹੁੰਦਾ ਹੈ ਅਤੇ ਮਨ ਵਿੱਚ ਹੰਕਾਰ ਵੀ ਪੈਦਾ ਹੁੰਦਾ ਹੈ ਜਿਸਦੇ ਨਾਲ ਮਨ ਵਿੱਚ ਬੁਰੇ ਖਿਆਲ ਆਉਂਦੇ ਹਨ। ਬ੍ਰਹਿਮੰਡ ਦੀ ਹਰ ਇੱਕ ਚੀਜ ਵਿਸ਼ਵਾਸ ਉੱਤੇ ਹੀ ਟਿਕੀ ਹੈ ਪਰ ਵਿਸ਼ਵਾਸ ਅਜਿਹਾ ਨਾ ਹੋਵੇ ਕਿ ਅਸਲ ਵਿੱਚ ਗੱਲ ਕੁੱਝ ਹੋਰ ਹੋਵੇ ਅਤੇ ਮਨ ਵਿੱਚ ਅਸੀਂ ਕਲਪਨਾ ਕੋਈ ਹੋਰ ਕਰਦੇ ਹੋਈਏ। ਅੱਖਾਂ ਬੰਦ ਕਰਕੇ ਜਾਂ ਜਾਣ ਬੁੱਝ ਕੇ ਕੋਈ ਕੰਮ ਕਰਦੇ ਹਾਂ ਤਾਂ ਫਿਰ ਅਸੀ ਅੰਧ ਵਿਸ਼ਵਾਸਾਂ ਨੂੰ ਵਧਾਵਾ ਦੇ ਰਹੇ ਹੁੰਦੇ ਹਾਂ।
ਕਿਸੇ ਚੀਜ ਦੀ ਅਸਲੀਅਤ ਅਤੇ ਉਸਦਾ ਉਦੇਸ਼ ਜਾਣੇ ਬਿਨਾਂ ਵਿਸ਼ਵਾਸ਼ ਕਰਦੇ ਚਲੇ ਜਾਣਾ ਹੀ ਅੰਧ-ਵਿਸ਼ਵਾਸ ਦੀ ਜੜ੍ਹ ਹੈ ਜਿਸਦੇ ਨਾਲ ਨਕਾਰਾਤਮਕ ਭਾਵ ਮਨ ਉੱਤੇ ਹਾਵੀ ਹੋ ਜਾਂਦੇ ਹਨ।ਸਤਿਗੁਰੂ ਮਾਤਾ ਜੀ ਨੇ ਅੱਗੇ ਫ਼ਰਮਾਇਆ ਕਿ ਆਸਪਾਸ ਦੇ ਮਾਹੌਲ,ਲੋਕਾਂ ਅਤੇ ਚੀਜਾਂ ਤੋਂ ਆਪਣੇ ਆਪ ਨੂੰ ਦੂਰ ਕਰਨ ਦਾ ਨਾਮ ਭਗਤੀ ਨਹੀਂ ਹੈ। ਭਗਤੀ ਸਾਨੂੰ ਜੀਵਨ ਦੀ ਸਚਾਈ ਤੋਂ ਮੂੰਹ ਮੋੜਨਾ ਨਹੀਂ ਸਿਖਾਉਂਦੀ ਸਗੋਂ ਪ੍ਰਮਾਤਮਾ ਦੀ ਰਜਾ ਵਿੱਚ ਰਹਿੰਦਿਆਂ ਹਰ ਪਲ, ਹਰ ਸਵਾਸ ਬਤੀਤ ਕਰਦੇ ਹੋਏ ਖੁਸ਼ ਰਹਿਣ ਦਾ ਨਾਮ ਹੀ ਭਗਤੀ ਹੈ। ਭਗਤੀ ਕਿਸੇ ਨਕਲ ਦਾ ਨਾਮ ਨਹੀਂ ਸਗੋਂ ਇਹ ਹਰੇਕ ਦੀ ਨਿੱਜੀ ਯਾਤਰਾ ਹੈ। ਹਰ ਘੜ੍ਹੀ ਪ੍ਰਮਾਤਮਾ ਦੇ ਨਾਲ ਜੁੜੇ ਰਹਿਕੇ ਆਪਣੀ ਭਗਤੀ ਨੂੰ ਦ੍ਰਿੜ੍ਹ ਕਰਦੇ ਰਹਿਣਾ ਚਾਹੀਦਾ ਹੈ। ਇੱਛਾਵਾਂ ਮਨ ਵਿੱਚ ਹੋਣੀਆਂ ਲਾਜ਼ਮੀ ਹਨ ਪਰ ਉਹਨਾਂ ਦੀ ਪੂਰਤੀ ਨਾ ਹੋਣ ਤੇ ਉਦਾਸ ਨਹੀਂ ਹੋਣਾ ਚਾਹੀਦਾ।ਸਭ ਕੁਝ ਪ੍ਰਭੂ ਪ੍ਰਮਾਤਮਾ ਦੀ ਦੇਣ ਹੈ ਇਸਤੇ ਆਪਣਾ ਵਿਸ਼ਵਾਸ ਪੱਕਾ ਰੱਖਣ ਵਿੱਚ ਹੀ ਬਿਹਤਰੀ ਹੈ। ਇਸ ਨਾਲ ਅਸਲ ਰੂਪ ਵਿੱਚ ਇਨਸਾਨ ਆਨੰਦ ਦਾ ਅਨੁਭਵ ਪ੍ਰਾਪਤ ਕਰ ਸਕਦਾ ਹੈ।
ਸੇਵਾਦਲ ਰੈਲੀ
ਸਮਾਗਮ ਦੇ ਦੂਸਰੇ ਦਿਨ ਦਾ ਸ਼ੁਭ ਆਰੰਭ ਸੇਵਾਦਲ ਰੈਲੀ ਦੁਆਰਾ ਹੋਇਆ ਜਿਸ ਵਿੱਚ ਦੇਸ਼, ਦੂਰ-ਦੇਸ਼ਾਂ ਤੋਂ ਆਏ ਸੇਵਾਦਲ ਦੇ ਸੇਵਾਦਾਰਾਂ ਨੇ ਭਾਗ ਲਿਆ। ਇਸ ਸੇਵਾਦਲ ਰੈਲੀ ਵਿੱਚ ਵੱਖ ਵੱਖ ਖੇਡਾਂ,ਸਰੀਰਕ ਕਸਰਤਾਂ,ਕਰਤਬ,ਨੁਕੜ ਨਾਟਕ,ਸਕਿੱਟਾਂ,ਮਾਈਮ ਐਕਟ ਦੇ ਇਲਾਵਾ ਮਿਸ਼ਨ ਦੀਆਂ ਸਿਖਲਾਈਆਂ ਉੱਤੇ ਅਧਾਰਿਤ ਸੇਵਾ ਦੀ ਪ੍ਰੇਰਣਾ ਦੇਣ ਵਾਲੇ ਗੀਤ ਅਤੇ ਲਘੂ ਨਾਟਕਾਂ ਨੂੰ ਮਰਿਆਦਾ ਪੂਰਵਕ ਪੇਸ਼ ਕੀਤਾ ਗਿਆ।
ਸੇਵਾਦਲ ਰੈਲੀ ਦੌਰਾਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫ਼ਰਮਾਇਆ ਕਿ ਤਨ-ਮਨ ਨੂੰ ਤੰਦੁਰੁਸਤ ਰੱਖਕੇ ਸਮਰਪਿਤ ਭਾਵ ਨਾਲ ਸੇਵਾ ਕਰਨਾ ਹਰੇਕ ਭਗਤ ਲਈ ਜਰੂਰੀ ਹੈ, ਭਾਵੇਂ ਉਹ ਸੇਵਾਦਲ ਦੀ ਵਰਦੀ ਪਾ ਕੇ ਸੇਵਾ ਕਰਦਾ ਹੋਵੇ ਭਾਵੇਂ ਬਿਨਾਂ ਸੇਵਾਦਲ ਦੀ ਵਰਦੀ ਪਹਿਨੇ ਸਾਧਾਰਨ ਕੱਪੜਿਆਂ ਵਿੱਚ, ਹਰ ਇਨਸਾਨ ਵਿੱਚ ਪ੍ਰਮਾਤਮਾ ਦਾ ਰੂਪ ਦੇਖਕੇ ਅਸੀਂ ਘਰਾਂ ਵਿੱਚ,ਸਮਾਜ ਵਿੱਚ ਅਤੇ ਸਮੁੱਚੀ ਮਾਨਵਤਾ ਦੇ ਲਈ ਮਨ ਵਿੱਚ ਸੇਵਾ ਦਾ ਭਾਵ ਰੱਖਦੇ ਹੋਏ ਜੋ ਵੀ ਕੰਮ ਕਰਦੇ ਹਾਂ ਉਹ ਇੱਕ ਸੇਵਾ ਦਾ ਹੀ ਰੂਪ ਹੈ। ਸੇਵਾ ਕਰਦੇ ਸਮੇਂ ਵਿਵੇਕ ਅਤੇ ਚੇਤਨਤਾ ਵੀ ਬਹੁਤ ਜਰੂਰੀ ਹੈ।