ਜਿੰਮੀ ਨੇ ਕਿਹਾ ਵਰਕਰਾਂ ਨਾਲ ਰਾਇ ਮਸ਼ਵਰਾ ਕਰਕੇ,ਲਿਆ ਫੈਸਲਾ…!
ਰਘਵੀਰ ਹੈਪੀ, ਬਰਨਾਲਾ 20 ਨਵੰਬਰ 2024
ਵਿਧਾਨ ਸਭਾ ਹਲਕਾ ਬਰਨਾਲਾ ਦੀ ਅੱਜ ਹੋ ਰਹੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ,ਜਦੋਂ ਸ੍ਰੋਮਣੀ ਅਕਾਲੀ ਦਲ ਦੇ ਸੂਬਾਈ ਸੰਯੁਕਤ ਸਕੱਤਰ ਤੇ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਸਾਬਕਾ ਮੈਂਬਰ ਜਤਿੰਦਰ ਜਿੰਮੀ ਨੇ ਹਲਕੇ ਦੇ ਵਿਕਾਸ ਨੂੰ ਮੁੱਖ ਰੱਖਦਿਆਂ, ਆਪ ਉਮੀਦਵਾਰ ਦੇ ਹੱਕ ਵਿੱਚ ਆਪਣੇ ਸਾਥੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਉਨਾਂ ਇਹ ਫੈਸਲਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਹੈ। ਬਰਨਾਲ ਟੂਡੇ ਨਾਲ ਗੱਲਬਾਤ ਕਰਦਿਆਂ ਜਤਿੰਦਰ ਜਿੰਮੀ ਅਤੇ ਮੀਤ ਹੇਅਰ ਨੇ ਇਸ ਫੈਸਲੇ ਦੀ ਪੁਸ਼ਟੀ ਵੀ ਕੀਤੀ ਹੈ।
ਸ੍ਰੋਮਣੀ ਅਕਾਲੀ ਦਲ ਦੇ ਸੂਬਾਈ ਸੰਯੁਕਤ ਸਕੱਤਰ ਜਤਿੰਦਰ ਜਿੰਮੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਈ ਦਿਨਾਂ ਤੋਂ ਮੈਂ ਪਾਰਟੀ ਦੇ ਸਰਗਰਮ ਵਰਕਰਾਂ ਨਾਲ ਰਾਇ ਮਸ਼ਵਰਾ ਕਰ ਰਿਹਾ ਸੀ, ਆਖਿਰ ਸਾਰਿਆਂ ਦੀ ਸਹਿਮਤੀ ਇਸੇ ਗੱਲ ਤੇ ਬਣੀ ਕਿ ਬੇਸ਼ੱਕ ਅਸੀਂ ਅਕਾਲੀ ਦਲ ਨਾਲ ਜੁੜੇ ਹਾਂ,ਪਰੰਤੂ ਇਸ ਚੋਣ ਵਿੱਚ ਅਕਾਲੀ ਦਲ ਚੋਣ ਨਹੀਂ ਲੜ ਰਿਹਾ,ਅਜਿਹੀ ਹਾਲਤ ਵਿੱਚ ਹਲਕੇ ਦੇ ਚੌਤਰਫਾ ਵਿਕਾਸ ਲਈ ਸਾਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਹੀ ਸਮਰਥਨ ਕਰਨਾ, ਅਣਸਰਦੀ ਲੋੜ ਬਣ ਗਿਆ ਹੈ। ਜੇਕਰ ਸਰਕਾਰ ਦਾ ਉਮੀਦਵਾਰ ਜਿੱਤੇਗਾ, ਤਾਂ ਹੀ ਵਿਕਾਸ ਸੰਭਵ ਹੈ। ਉਨਾਂ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ,ਵੋਟਿੰਗ ਵਿੱਚ ਹਿੱਸਾ ਲੈਣ ਅਤੇ ਆਪ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਵੱਡੇ ਅੰਤਰ ਨਾਲ ਜਿਤਾ ਕੇ, ਵਿਧਾਨ ਸਭਾ ਵਿੱਚ ਭੇਜਣ। ਮੀਤ ਹੇਅਰ ਅਤੇ ਹਰਿੰਦਰ ਧਾਲੀਵਾਲ ਨੇ ਜਤਿੰਦਰ ਜਿੰਮੀ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਵਿਕਾਸ ਦੇ ਹਾਮੀ,ਜਤਿੰਦਰ ਜਿੰਮੀ ਅਤੇ ਉਨਾਂ ਦੇ ਨਾਲ ਜੁੜੇ ਸਮਰਥਕਾਂ ਦਾ ਧੰਨਵਾਦ ਕਰਦੇ ਹਨ,ਅਤੇ ਹਲਕੇ ਦਾ ਚੌਤਰਫਾ ਵਿਕਾਸ ਕਰਨ ਵਿੱਚ ਕੋਈ ਕੋਰ ਕਸਰ ਨਹੀਂ ਛੱਡਣਗੇ।