ਬਾਇਓਗੈਸ ਪਲਾਂਟ ਨਾਲ ਸਾਫ਼ ਸੁਥਰੀ ਅਤੇ ਵਧੀਆ ਖਾਦ ਮਿਲਣ ਤੋਂ ਇਲਾਵਾ ਕੈਂਸਰ, ਦਮੇ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਵੀ ਪਾਇਆ ਜਾ ਸਕਦੈ ਛੁਟਕਾਰਾ
ਜ਼ਿਲ੍ਹੇ ਭਰ ‘ਚ ਹੁਣ ਤੱਕ ਲੱਗ ਚੁੱਕੇ ਲਗਭਗ 4000 ਬਾਇਓਗੈਸ ਪਲਾਂਟ
ਰਘਬੀਰ ਹੈਪੀ , ਬਰਨਾਲਾ, 23 ਫਰਵਰੀ 2021
ਪੰਜਾਬ ਊਰਜਾ ਵਿਕਾਸ ਏਜੰਸੀ(ਪੇਡਾ) ਵੱਲੋਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ, ਘਰੇਲੂ ਕੁਦਰਤੀ ਗੈਸ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿੱਚ ਘਰੇਲੂ ਬਾਇਓਗੈਸ (ਗੋਬਰ ਗੈਸ) ਪਲਾਂਟ ਸਬਸਿਡੀ ਤੇ ਲਗਵਾਕੇ ਦਿੱਤੇ ਜਾ ਰਹੇ ਹਨ, ਜਿਸ ਨਾਲ ਜਿੱਥੇ ਵਾਤਾਵਰਨ ਦੀ ਸੰਭਾਲ ਹੁੰਦੀ ਹੈ, ਉਥੇ ਹੀ ਘਰੇਲੂ ਤੇ ਕੁਦਰਤੀ ਗੈਸ ਦੀ ਵਰਤੋਂ ਨਾਲ ਵੱਡੀ ਪੱਧਰ ਤੇ ਲਾਭਪਾਤਰੀ ਨੂੰ ਸਸਤੀ ਬਾਇਓਗੈਸ ਨਾਲ ਭਾਰੀ ਆਰਥਿਕ ਬੱਚਤ ਵੀ ਹੁੰਦੀ ਹੈ ਤੇ ਵਧੀਆ ਖਾਦ ਵੀ ਮਿਲਦੀ ਹੈ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿੱਤੀ।
ਸ਼੍ਰੀ ਫੂਲਕਾ ਨੇ ਦੱਸਿਆ ਕਿ ਪੇਡਾ ਵੱਲੋਂ 4 ਅਤੇ 6 ਘਣਮੀਟਰ ਸਮਰੱਥਾ ਦੇ ਬਾਇਓਗੈਸ ਪਲਾਂਟ ਲਗਾਏ ਜਾਂਦੇ ਹਨ। 4 ਮੀਟਰ ਦੀ ਸਮਰੱਥਾ ਦੇ ਬਾਇਓਗੈਸ ਲਗਵਾਉਣ ਲਈ ਲਾਭਪਾਤਰੀ ਪਾਸ 5 ਪਸ਼ੂ ਅਤੇ 6 ਘਣਮੀਟਰ ਲਈ 8 ਪਸ਼ੂ ਹੋਣੇ ਚਾਹੀਦੇ ਹਨ। 4 ਘਣਮੀਟਰ ਸਮਰੱਥਾ ਦੇ ਬਾਇਓਗੈਸ ਪਲਾਂਟ ਨਾਲ 10-11 ਵਿਅਕਤੀਆਂ ਅਤੇ 6 ਘਣਮੀਟਰ ਸਮਰੱਥਾ ਦੇ ਬਾਇਓਗੈਸ ਪਲਾਂਟ ਨਾਲ 14-16 ਵਿਅਕਤੀਆਂ ਦਾ ਪ੍ਰਤੀ ਦਿਨ ਖਾਣਾ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਾਇਓਗੈਸ ਪਲਾਂਟ ਲਗਵਾਉਣ ਲਈ ਆਮ ਸ਼੍ਰੇਣੀ ਦੇ ਲਾਭਪਾਤਰੀ ਨੂੰ 12000 ਰੁਪਏ ਪ੍ਰਤੀ ਪਲਾਂਟ ਸਬਸਿਡੀ ਵੱਜੋਂ ਦਿੱਤੇ ਜਾਂਦੇ ਹਨ ਅਤੇ ਜੇਕਰ ਕੋਈ ਲਾਭਪਾਤਰੀ ਆਪਣੇ ਪਖਾਨੇ ਨੂੰ ਬਾਇਓਗੈਸ ਪਲਾਂਟ ਨਾਲ ਜੋੜਦਾ ਹੈ ਤਾਂ ਉਸ ਨੂੰ 1600 ਰੁਪਏ ਵਾਧੂ ਸਬਸਿਡੀ ਵਜੋਂ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਬਾਇਓਗੈਸ ਪਲਾਂਟ ਨਾਲ ਸਾਨੂੰ ਸਸਤੀ, ਸਾਫ਼-ਸੁਥਰੀ ਅਤੇ ਵਧੀਆ ਖਾਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਅਸੀਂ ਆਪਣੇ ਰਵਾਇਤੀ ਊਰਜਾ ਦੇ ਭੰਡਾਰ ਜਿਵੇਂ ਤੇਲ, ਕੋਇਲਾ, ਲੱਕੜ ਆਦਿ ਦੀ ਬੱਚਤ ਆਉਣ ਵਾਲੀ ਪੀੜ੍ਹੀ ਲਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਅਣਗਿਣਤ ਕੈਂਸਰ, ਦਮੇ ਵਰਗੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ।
ਜ਼ਿਲ੍ਹਾ ਮੈਨੇਜਰ ਪੇਡਾ ਬਰਨਾਲਾ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਹੁਣ ਤੱਕ ਕਰੀਬ 4000 ਬਾਇਓਗੈਸ ਪਲਾਂਟ (ਗੋਬਰ ਗੈਸ) ਲੱਗੇ ਚੁੱਕੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਮੈਨੇਜਰ ਪੇਡਾ ਨਾਲ ਏ.ਡੀ.ਸੀ.(ਵਿਕਾਸ) ਦਫ਼ਤਰ ਬਰਨਾਲਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।