ਅਸ਼ੋਕ ਵਰਮਾ , ਬਠਿੰਡਾ 22 ਫਰਵਰੀ 2021
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਪੰਜਾਬ ਸਰਕਾਰ ਵੱਲੋਂ ਕਾਲਜਾਂ ਤੋਂ ਵਿਦਿਆਰਥੀਆਂ ਦੀਆਂ ਫੀਸਾਂ/ਫੰਡਾਂ ‘ਤੇ ਇਕੱਠੇ ਹੁੰਦੇ ਵਿਆਜ਼ ਨੂੰ ਸਰਕਾਰੀ ਖਾਤੇ ਵਿੱਚ ਜਮਾਂ ਕਰਵਾਉਣ ਲਈ ਜਾਰੀ ਕੀਤੇ ਨੋਟਿਸ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਜਿੰਦਰ ਢਿੱਲਵਾਂ ਨੇ ਕਿਹਾ ਕਿ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਸੂਬੇ ਦੇ ਸਮੂਹ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਜਾਰੀ ਨੋਟਿਸ ਵਿੱਚ ਕਿਹਾ ਹੈ ਕਿ ਹੁਣ ਹਰ ਕਾਲਜ ਵਿਦਿਆਰਥੀਆਂ ਤੋਂ ਫੀਸਾਂ ਦੇ ਰੂਪ ਚ ਵਸੂਲੇ ਜਾਂਦੇ ਪੀ.ਟੀ.ਏ ਫੰਡ,ਸਟੂਡੈਂਟ ਵੈਲਫੇਅਰ ਫੰਡ,ਐਚ.ਈ.ਆਈ.ਐਸ ਫੰਡ,ਯੂਨੀਵਰਸਿਟੀ ਫੰਡ ਆਦਿ ਤੋਂ ਪ੍ਰਾਪਤ ਕੀਤਾ ਜਾਂਦਾ ਵਿਆਜ਼ ਸਰਕਾਰੀ ਖਾਤੇ ਚ ਜਮਾਂ ਕਰੇਗਾ।ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਰਕਾਰੀ ਵਿਦਿਅਕ ਅਦਾਰਿਆਂ ਤੋਂ ਹੱਥ ਪਿੱਛੇ ਖਿੱਚ ਕੇ ਸਰਕਾਰ ਨੇ ਪਹਿਲਾਂ ਹੀ ਇਨਾਂ ਨੂੰ ਬੰਦ ਹੋਣ ਦੇ ਕੰਡੇ ਲਿਆ ਖੜਾ ਕੀਤਾ ਹੈ। ਗੈਸਟ ਫੈਕਲਟੀ ਪ੍ਰੋਫੈਸਰਾਂ ਦੀਆਂ ਤਨਖਾਹਾਂ ਤੋਂ ਲੈ ਕੇ ਕਾਲਜਾਂ ਦੇ ਹੋਰ ਛੋਟੇ ਮੋਟੇ ਖਰਚਿਆਂ ਦਾ ਭਾਰ ਸਰਕਾਰ ਨੇ ਵਿਦਿਆਰਥੀਆਂ ਦੇ ਮੋਢਿਆਂ ਤੇ ਪਹਿਲਾਂ ਹੀ ਸਿੱਟਆ ਹੋਇਆ ਹੈ ਹੁਣ ਸਰਕਾਰ ਆਪਣਾ ਖਜ਼ਾਨਾ ਵੀ ਵਿਦਿਆਰਥੀਆਂ ਦੀਆਂ ਜੇਬਾਂ ਚੋਂ ਭਰਨਾ ਚਹੁੰਦੀ ਹੈ ਤੇ ਸਰਕਾਰੀ ਅਦਾਰੇ ਪ੍ਰਾਈਵੇਟ ਬਣਾਉਣਾ ਚਹੁੰਦੀ ਹੈ।ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਚੋਂ ਖੜੇ ਕੀਤੇ ਇਹ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਚ ਸੌਂਪਣ ਦੀ ਸਰਕਾਰ ਦੀ ਨੀਤੀ ਵਿਦਿਆਰਥੀਆਂ ਨੂੰ ਹਰਗਿਜ਼ ਮੰਜੂਰ ਨਹੀਂ ਹੈ। ਇਸ ਮੌਕੇ ਅਰਸ਼ਦੀਪ,ਲਖਵਿੰਦਰ ਸਿੰਘ,ਨਵਦੀਪ ਸਿੰਘ ਡਿੰਪੀ ਆਦਿ ਵੀ ਹਾਜ਼ਰ ਸਨ।