ਹਰਪ੍ਰੀਤ ਕੌਰ ਸੰਗਰੂਰ, 24 ਨਵੰਬਰ:2020
ਜ਼ਿਲੇ ਦੇ ਸੇਵਾ ਕੇਂਦਰਾਂ ਵਿਚ ਪ੍ਰਧਾਨ ਮੰਤਰੀ ਸਟਰੀਟ ਵੈਂਡਰ ਆਤਮ ਨਿਰਭਰ ਨਿਧੀ ਸਕੀਮ (ਪੀ. ਐਮ. ਐਸ. ਵੀ. ਏ ਨਿਧੀ ਸਕੀਮ) ਅਧੀਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਸਟਰੀਟ ਵੈਂਡਰਾਂ ਲਈ ਕਰਜ਼ੇ ਲਈ ਬਿਨੈ ਪੱਤਰ ਅਤੇ ਸਿਫ਼ਾਰਸ਼ ਪੱਤਰ (ਰੈਕਮੈਂਡੇਸ਼ਨ ਲੈਟਰ) ਲਈ ਬਿਨੈ ਪੱਤਰ ਸੇਵਾਵਾਂ ਆਰੰਭ ਕਰ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਹਰੇਕ ਸੇਵਾ ਲਈ 30 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਉਨਾਂ ਕਿਹਾ ਕਿ ਸਟਰੀਟ ਵੈਂਡਰ ਆਪਣੇ ਨੇੜਲੇ ਸੇਵਾ ਕੇਂਦਰ ਵਿਚ ਸਬੰਧਤ ਦਸਤਾਵੇਜ਼ਾਂ ਸਮੇਤ ਆਪਣੇ ਬਿਨੈ ਪੱਤਰ ਜਮਾਂ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਦੇ ਸਟਾਫ ਨੂੰ ਈ-ਸੇਵਾ ਪੰਜਾਬ ਪੋਰਟਲ ਵਿਚ ਦਰਖ਼ਾਸਤਾਂ ਦੀ ਪ੍ਰਕਿਰਿਆ ਸਬੰਧੀ ਸਿਖਲਾਈ ਦਿੱਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਕਾਰਨ ਲਾਕਡਾਊਨ ਦੌਰਾਨ ਸਭ ਤੋਂ ਵੱਧ ਪ੍ਰੇਸ਼ਾਨੀ ਸੜਕਾਂ ਜਾਂ ਫੁੱਟਪਾਥਾਂ ’ਤੇ ਸਟਰੀਟ ਵੈਂਡਰਜ਼ ਨੂੰ ਝੱਲਣੀ ਪਈ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਰਜਿਸਟਰਡ ਵੈਂਡਰਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਹ ਮੁੜ ਨਵੇਂ ਸਿਰੇ ਤੋਂ ਆਪਣਾ ਕੰਮਕਾਜ਼ ਸ਼ੁਰੂ ਕਰ ਸਕਣ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਸਟਰੀਟ ਵੈਂਡਰਾਂ ਨੂੰ 10-10 ਹਜ਼ਾਰ ਰੁਪਏ ਦੇ ਕਰਜ਼ੇ ਨਾਮਾਤਰ ਵਿਆਜ਼ ’ਤੇ ਦਿੱਤੇ ਜਾਣਗੇ। ਉਨਾਂ ਕਿਹਾ ਕਿ ਜਿਹੜੇ ਸਟਰੀਟ ਵੈਂਡਰਾਂ ਨੇ ਅਜੇ ਤੱਕ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ, ਸਰਕਾਰ ਵੱਲੋਂ ਉਨਾਂ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਹੈ।