DC ਦਫਤਰ ਨੇ 10 ਫਰਵਰੀ ਨੂੰ SSP ਨੂੰ ਭੇਜੀ ਸੀ ਡਾਕਟਰ ਅਮਿਤ ਬਾਂਸਲ ਤੇ ਹੋਰਨਾਂ ਖਿਲਾਫ ਤੁਰੰਤ ਕੇਸ ਦਰਜ਼ ਕਰਨ ਲਈ email.
ਹਰਿੰਦਰ ਨਿੱਕਾ, ਪਟਿਆਲਾ 20 ਅਪ੍ਰੈਲ 2025
ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਗਈ ਯੋਜਨਾ ਦੀ ਸਿਹਤ ਮੰਤਰੀ ਬਲਵੀਰ ਸਿੰਘ ਦੇ ਆਪਣੇ ਸ਼ਹਿਰ ‘ਚ ਉਦੋਂ ਫੂਕ ਨਿੱਕਲ ਗਈ, ਜਦੋਂ ਨਸ਼ਿਆਂ ਖਿਲਾਫ ਸਰਕਾਰ ਦੀ ਜ਼ੀਰੋ ਟੌਲਰੈਂਸ ਦੀ ਨੀਤੀ ਦੇ ਬਾਵਜੂਦ, ਨਸ਼ਾ ਛੁਡਾਊ ਕੇਂਦਰਾਂ ਦੀ ਆੜ ਵਿੱਚ ਡਰੱਗ ਰੈਕਟ ਚਲਾ ਰਹੇ ਡਾਕਟਰ ਅਮਿਤ ਬਾਂਸਲ ਦੇ ਖਿਲਾਫ ਡੀਸੀ ਪਟਿਆਲਾ ਵੱਲੋਂ ਐਸਐਸਪੀ ਨੂੰ ਡਾਕਟਰ ਅਤੇ ਉਸ ਦੇ ਧੰਦੇ ਵਿੱਚ ਸ਼ਾਮਿਲ ਹੋਰਨਾਂ ਲੋਕਾਂ ਖਿਲਾਫ ਤੁੰਰਤ ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕਰਨ ਲਈ ਭੇਜੀ ਗਈ email ਤੇ ਅਮਲ ਵੀ 65 ਦਿਨਾਂ ਬਾਅਦ ਹੋਇਆ ਹੈ। ਹੁਣ ਨਾਮਜ਼ਦ ਦੋਸ਼ੀ ਡਾਕਟਰ ਦੀ ਗਿਰਫਤਾਰੀ ਕਦੋਂ ਹੋਵੇਗੀ, ਇਹ ਤਾਂ ਪੁਲਿਸ ਦੀ ਨਾਮਜ਼ਦ ਦੋਸ਼ੀ ਪ੍ਰਤੀ ਕੇਸ ਦਰਜ ਸਮੇਂ ਵਰਤੀ ਗਈ ਨਰਮੀ ਖੁਦ ਬ ਖੁਦ ਹੀ ਬਿਆਨ ਕਰ ਰਹੀ ਹੈ। ਮੌਜੂਦਾ ਪ੍ਰਸ਼ਾਸ਼ਨਿਕ ਤਾਣੇ-ਬਾਣੇ ਵਿੱਚ ਆਮ ਆਦਮੀ ਦੀ ਕਿੰਨ੍ਹੀ ਕੁ ਪੁੱਛ ਪੜਤਾਲ ਹੋਵੇਗੀ, ਇਸ ਦਾ ਅੰਦਾਜਾ ਉਕਤ ਵਾਪਰੇ ਘਟਨਾਕ੍ਰਮ ਤੋਂ ਹਰ ਕੋਈ ਆਪ ਹੀ ਲਾ ਸਕਦਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਮਜ਼ਦ ਦੋਸ਼ੀ ਡਾਕਟਰ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ। 
ਇਉਂ ਕੰਮ ਕਰਦੈ ਪ੍ਰਸ਼ਾਸ਼ਨਿਕ ਤਾਣਾ-ਬਾਣਾ,,,
ਪ੍ਰਾਪਤ ਵੇਰਵਿਆਂ ਮੁਤਾਬਿਕ ਡਿਪਟੀ ਕਮਿਸ਼ਨਰ, ਪਟਿਆਲਾ ਦੇ ਦਫਤਰ ਵੱਲੋਂ doptlpb@gmail.com /dc.ptl@ punjab.gov.in ਇੱਕ email ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਪਟਿਆਲਾ ਨੂੰ ਪੱਤਰ ਨੰਬਰ 33 ਮਿਤੀ: 10-02-2025 ਨੂੰ ਤੁਰੰਤ ਕਾਰਵਾਈ ਲਈ ਭੇਜੀ ਗਈ ਸੀ ਕਿ ਆਦਰਸ਼ ਹਸਪਤਾਲ/ਨਸ਼ਾ ਛੁਡਾਊ, ਫੈਕਟਰੀ ਏਰੀਆ, ਪਟਿਆਲਾ ਦੇ ਮਾਲਕ/ਲਾਇਸੰਸਧਾਰਕ ਵਿਰੁੱਧ ਲੋੜੀਂਦੀ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇ। ਪਤਾ ਨਹੀਂ ਆਖਿਰ ਡੀਸੀ ਦੇ ਇਨ੍ਹਾਂ ਹੁਕਮਾਂ ਤੇ ਤੁਰੰਤ ਅਮਲ ਕਰਨ ਦੀ ਬਜਾਏ, ਥਾਣਾ ਅਨਾਜ ਮੰਡੀ ਪਟਿਆਲਾ ਨੂੰ ਐਫਆਈਆਰ ਦਰਜ ਕਰਨ ਲਈ ਐਸਐਸਪੀ ਦਫਤਰ ਵੱਲੋਂ ਭੇਜਿਆ ਪੱਤਰ ਨੰਬਰ 21290/C ਥਾਣਾ ਅਨਾਜ ਮੰਡੀ ਪਟਿਆਲਾ ਨੂੰ ਮਿਤੀ 16.4. 2025 ਨੂੰ ਮੌਸੂਲ ਹੋਇਆ। ਜਿਸ ਦੇ ਅਧਾਰ ਤੇ ਪੁਲਿਸ ਨੇ ਨਾਮਜਦ ਦੋਸ਼ੀ ਡਾਕਟਰ ਅਮਿਤ ਬਾਂਸਲ ਦੇ ਖਿਲਾਫ ਅਧੀਨ ਜੁਰਮ 22-C, 25, 26, 29, 32 ਅਤੇ NDPS ਅਤੇ ਧਾਰਾ 336, 340(2) ਅਤੇ ਭਾਰਤੀ ਨਿਆਏ ਸੰਹਿਤਾ, 2023 ਦੀਆਂ ਹੋਰ ਸੰਬੰਧਿਤ ਧਾਰਾਵਾਂ ਤਹਿਤ ਦਰਜ ਕਰਕੇ, ਮਾਮਲੇ ਅਗਲੀ ਕਾਨੂੰਨੀ ਕਾਰਵਾਈ ਲਈ ਤਫਤੀਸ਼ ਏਐਸਆਈ ਗੁਰਭੇਜ ਸਿੰਘ ਨੂੰ ਸੌਂਪ ਦਿੱਤੀ ਹੈ। ਦਰਜ ਐਫਆਈਆਰ ਦੀ ਇਬਾਰਤ ਅਨੁਸਾਰ ਆਦਰਸ਼ ਹਸਪਤਾਲ/ਨਸ਼ਾ ਛੁਡਾਊ, ਫੈਕਟਰੀ ਏਰੀਆ, ਪਟਿਆਲਾ ਦੇ ਲਾਇਸੈਂਸਧਾਰਕ ਡਾਕਟਰ ਅਮਿਤ ਬਾਂਸਲ ਅਤੇ ਇਸ ਮਾਮਲੇ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀ ਭੂਮਿਕਾ ਦੇ ਵਿਰੁੱਧ ਸੰਬੰਧਿਤ ਕਾਨੂੰਨਾਂ ਦੀਆਂ ਹੋਰ ਵੱਖ-ਵੱਖ ਧਾਰਾਵਾਂ ਦੇ ਤਹਿਤ ਢੁਕਵੀਂ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਹੋਏ ਹਨ। ਇਹ ਕੇਸ ਦਰਜ ਹੋਣ ਦੀ ਨੀਂਹ ਡਾਇਰੈਕਟਰ, ਸਿਹਤ, ਪੰਜਾਬ, ਚੰਡੀਗੜ੍ਹ ਦੁਆਰਾ ਉਨ੍ਹਾਂ ਦੇ ਦਫ਼ਤਰ ਪੱਤਰ ਨੰ., PMHC/PUNJAB/2024/2589-96 ਮਿਤੀ 26.11.2024 ਰਾਹੀਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਨ ਨਾਲ ਰੱਖੀ ਗਈ ਸੀ। ਇਸ ਦੀ ਪਾਲਣਾ ਹਿੱਤ, ਡੀਸੀ ਦਫ਼ਤਰ ਨੇ ਹੁਕਮ ਨੰ. 4/CIA/C-3 ਮਿਤੀ 03.12.2024 ਰਾਹੀਂ ਉਪਰੋਕਤ ਕਮੇਟੀ ਨੂੰ ਉਪਰੋਕਤ ਹਸਪਤਾਲ ਵਿੱਚ ਨਿਰੀਖਣ/ਜਾਂਚ ਕਰਨ ਅਤੇ ਇੱਕ Selfspeaking ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਕਮੇਟੀ ਵੱਲੋਂ ਪੇਸ਼ ਰਿਪੋਰਟ ਦੇ ਅਧਾਰ ‘ਤੇ ਪਤਾ ਲੱਗਿਆ ਕਿ ਹਸਪਤਾਲ ਵਲੋਂ Buprenorphine 2mg + Naloxone 0.5mg ਦੀਆਂ 18548 ਗੋਲੀਆਂ, Buprenorphine 0.4mg + Naloxone 0.1mg ਦੀਆਂ 13951 ਗੋਲੀਆਂ, ADDNOK N 2mg + 0.5mg ਦੀਆਂ 1000 ਗੋਲੀਆਂ, ਅਤੇ Buprenorphine 0.4mg + Naloxone 0.1mg ਦੀਆਂ 18 ਗੋਲੀਆਂ ਕੁੱਲ 33 ਹਜਾਰ 517 ਗੋਲੀਆਂ ਹਸਪਤਾਲ ਦੇ ਰਿਕਾਰਡ ਵਿੱਚ ਮੌਜੂਦ ਨਹੀਂ ਮਿਲੀਆਂ। ਜਿਹੜੀਆਂ ਗੈਰਕਾਨੂੰਨੀ ਢੰਗ ਨਾਲ ਹਸਪਤਾਲ ਤੋਂ ਬਾਹਰ ਵੇਚੀਆਂ ਗਈਆਂ ਹਨ।
ਕਮੇਟੀ ਨੇ ਇਹ ਹੋਰ ਗੰਭੀਰ ਗੜਬੜੀਆਂ ਦੀ ਕੀਤੀ ਪੁਸ਼ਟੀ-
- ਹਸਪਤਾਲ ਦੇ ਰਿਕਾਰਡ ਵਿੱਚ ਦਸਤਖਤਾਂ ਦੀ ਜਾਲਸਾਜੀ ਕੀਤੀ ਗਈ।
- ਕਈ ਨਿਯਮਾਂ ਅਤੇ ਸਰਕਾਰ ਵਲੋਂ ਜਾਰੀ ਕੀਤੇ SOPs ਦੀ ਉਲੰਘਣਾ ਹੋਈ।
- ਹਸਪਤਾਲ ਕੋਲ ਕੋਈ GST ਨੰਬਰ ਨਹੀਂ ਸੀ।
- ਰਿਕਾਰਡ ਅਨੁਸਾਰ 01.04.2024 ਤੋਂ 13.11.2024 ਤੱਕ Buprenorphine 2mg + Naloxone 0.5mg ਦੀਆਂ 1504953 ਗੋਲੀਆਂ ਅਤੇ Buprenorphine 0.4mg + Naloxone 0.1mg ਦੀਆਂ 1162321 ਗੋਲੀਆਂ ਵੇਚੀਆਂ ਗਈਆਂ।
- ਇਹਨਾਂ ਗੋਲੀਆਂ ਦੀ ਕਿੰਮਤ ਲਗਭਗ 6.8 ਕਰੋੜ ਰੁਪਏ ਦੱਸੀ ਗਈ।
SDM ਪਟਿਆਲਾ ਦੀ ਪੜਤਾਲੀਆ ਰਿਪੋਰਟ ਅਨੁਸਾਰ 55 ਮਰੀਜ਼ਾਂ ਤੋਂ ਬਿਆਨ ਲਏ ਗਏ, ਜਿਨ੍ਹਾਂ ਦੀਆਂ ਫਾਈਲਾਂ ਵਿੱਚ ਮਿਲੇ ਦਸਤਖਤਾਂ ਨੂੰ ਜਾਲੀ ਕਰਾਰ ਦਿੱਤਾ ਗਿਆ ਹੈ।
ਹਦਾਇਤ: ਨਸ਼ਾ ਇੱਕ ਗੰਭੀਰ ਮੁੱਦਾ ਹੈ, ਇਸ ਸਬੰਧੀ ਪ੍ਰਗਤੀ ਰਿਪੋਰਟ ਹਰ ਪੰਦਰਾਂ ਦਿਨ ਬਾਅਦ ਡੀਸੀ ਦਫਤਰ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ।
ਫਲੈਸ਼ਬੈਕ-
ਵਰਨਣਯੋਗ ਹੈ ਕਿ ਡਾਕਟਰ ਅਮਿਤ ਬਾਂਸਲ ਮੂਲ ਰੂਪ ਵਿੱਚ ਬਰਨਾਲਾ ਦਾ ਰਹਿਣ ਵਾਲਾ ਹੈ, ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਛੋਟੇ ਜਿਹੇ ਸਕੈਨ ਸੈਂਟਰ ਤੋਂ ਕੀਤੀ ਸੀ, ਜਿਉਂ ਜਿਉਂ ਇਸ ਨੇ ਨਸ਼ਾ ਛੁਡਾਊ ਕੇਂਦਰਾਂ ਦਾ ਜਾਲ ਪੰਜਾਬ ਭਰ ਵਿੱਚ ਵਿਛਾਇਆ ਤਾਂ ਧਨ ਕੁਬੇਰ ਦੀ ਤਰਾਂ ਮਾਇਆ ਇਕੱਠੀ ਕਰਕੇ, ਇਸੇ ਨੇ ਆਪਣਾ ਠਿਕਾਣਾ ਚੰਡੀਗੜ੍ਹ ਬਣਾ ਲਿਆ, ਆਪਣੀ ਧਾਂਕ ਅਜਿਹੀ ਜਮਾਈ ਕਿ ਬਿਊਰੋਕ੍ਰੇਸੀ ਤੋਂ ਇਲਾਵਾ ਸੱਤਾ ਦੇ ਗਲਿਆਰਿਆਂ ਵਿੱਚ ਵੀ ਆਪਣੀ ਖਾਤਿਰਦਾਰੀ ਦੇ ਜ਼ੋਰ ਤੇ, ਉਨਾਂ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਸੀ। ਇਸ ਦਾ ਬੁਰਾ ਦੌਰ ਲੰਘੇ ਸਾਲ 2024 ਦੀ 31 ਦਸੰਬਰ ਨੂੰ ਉਦੋਂ ਸ਼ੁਰੂ ਹੋਇਆ,ਜਦੋਂ ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਥਾਣੇ ਵਿੱਚ ਕੇਸ ਦਰਜ ਕਰਕੇ,ਡਾਕਟਰ ਨੂੰ ਗਿਰਫਤਾਰ ਕਰ ਲਿਆ ਸੀ। ਉਨਾਂ ਨੂੰ ਮਾਰਚ ਮਹੀਨੇ ਦੇ ਆਖਰੀ ਹਫਤੇ ਰੈਗੂਲਰ ਜਮਾਨਤ ਮਿਲ ਗਈ ਸੀ। ਉਕਤ ਮਾਮਲਾ ਉਭਰ ਜਾਣ ਤੋਂ ਬਾਅਦ ਸਿਹਤ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਦੇ ਹੁਕਮ ਤੇ ਡਾਕਟਰ ਅਮਿਤ ਦੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਚੱਲ ਰਹੇ 22 ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੰਸ ਮੁਅਤਲ ਕਰਕੇ, ਸੀਲ ਕਰ ਦਿੱਤੇ ਸਨ। ਜੋ ਖਬਰ ਲਿਖੇ ਜਾਣ ਤੱਕ ਬੰਦ ਹੀ ਹਨ।







