6.80 ਕਰੋੜ ਰੁਪਏ ਦੀਆਂ ਵੇਚੀਆਂ ਨਸ਼ੀਲੀਆਂ ਗੋਲੀਆਂ …! Dr ਅਮਿਤ ਬਾਂਸਲ ਤੇ ਇੱਕ ਹੋਰ ਪਰਚਾ ਦਰਜ਼

Advertisement
Spread information

ਰਿਕਾਰਡ ਨੇ ਖੋਲ੍ਹਿਆ ਭੇਦ.. Dr ਅਮਿਤ ਦੇ ਹਸਪਤਾਲ ਚੋਂ ਹਰ ਦਿਨ ਵਿਕੀਆਂ 11 ਹਜ਼ਾਰ 750 ਤੋਂ ਵੱਧ ਗੋਲੀਆਂ

Dr ਅਮਿਤ ਬਾਂਸਲ ਦੇ ਹਸਪਤਾਲ ਕੋਲ ਕੋਈ GST ਨੰਬਰ ਹੀ ਨਹੀਂ, 

ਹਰਿੰਦਰ ਨਿੱਕਾ, ਪਟਿਆਲਾ 19 ਅਪ੍ਰੈਲ 2025

    ਸੂਬੇ ਅੰਦਰ 22 ਨਸ਼ਾ ਛੁਡਾਊ ਕੇਂਦਰਾਂ ਦੀ ਆੜ ‘ਚ ਕਥਿਤ ਤੌਰ ਤੇ ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ਾਂ ਵਿੱਚ ਕਰੀਬ ਸਾਢੇ ਚਾਰ ਮਹੀਨੇ ਪਹਿਲਾਂ ਵਿਜੀਲੈਂਸ ਦੀ ਕੁੜਿੱਕੀ ਵਿੱਚ ਫਸੇ ਡਾਕਟਰ ਅਮਿਤ ਬਾਂਸਲ ਦੇ ਖਿਲਾਫ ਹੁਣ ਪਟਿਆਲਾ ਪੁਲਿਸ ਨੇ ਇੱਕ ਹੋਰ ਕੇਸ ਦਰਜ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਡਾਇਰੈਕਟਰ, ਸਿਹਤ ਵਿਭਾਗ, ਪੰਜਾਬ ਦੁਆਰਾ ਕਰੀਬ ਸਾਢੇ ਚਾਰ ਮਹੀਨੇ ਪਹਿਲਾਂ ਗਠਿਤ ਤਿੰਨ ਮੈਂਬਰੀ ਪੜਤਾਲੀਆਂ ਕਮੇਟੀ ਦੀ ਕਰੀਬ ਸਵਾ ਤਿੰਨ ਮਹੀਨੇ ਪਹਿਲਾਂ ਪੇਸ਼ ਕੀਤੀ ਗਈ ਰਿਪੋਰਟ ਦੇ ਅਧਾਰ ਤੇ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਐਨਡੀਪੀਐਸ ਐਕਟ ਦੀਆਂ ਅਤੇ ਬੀਐਨਐਸ ਦੀਆਂ ਵੱਖ ਵੱਖ ਧਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਕੇਸ ਦਰਜ ਹੋਣ ਦੀ ਭਿਣਕ ਪੈਂਦਿਆਂ ਡਾਕਟਰ ਅਮਿਤ ਬਾਂਸਲ ਅਤੇ ਉੇਸ ਦੇ ਹੋਰ ਸਹਿ ਦੋਸ਼ੀ ਮੁਲਜਮ ਪੁਲਿਸ ਦੀ ਗਿਰਫਤਾਰੀ ਦੇ ਡਰੋਂ ਫੁਰਰ ਹੋ ਗਏ ਹਨ। ਯਾਨੀ ਕੇਸ ਦਰਜ ਹੋਣ ਤੋਂ ਚਾਰ ਦਿਨ ਬਾਅਦ ਵੀ ਪੁਲਿਸ ਦੋਸ਼ੀ ਨੂੰ ਫੜ੍ਹਨ ਵਿੱਚ ਸਫਲ ਨਹੀਂ ਹੋ ਸਕੀ। ਵਰਨਣਯੋਗ ਹੈ ਕਿ ਡਾਕਟਰ ਬਾਂਸਲ ਨੂੰ ਵਿਜੀਲੈਂਸ ਬਿਓਰੋ ਵੱਲੋਂ ਮੁਹਾਲੀ ਵਿਖੇ ਦਰਜ ਕੇਸ ਵਿੱਚੋਂ 27 ਮਾਰਚ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਜਮਾਨਤ ਮਿਲ ਗਈ ਸੀ। ਹੁਣ ਦੁਬਾਰਾ ਫਿਰ ਉਨਾਂ ਦੇ ਸਿਰ ਗਿਰਫਤਾਰੀ ਦੀ ਤਲਵਾਰ ਲਟਕ ਗਈ ਹੈ।

‘ਤੇ ਪੜਤਾਲ ਮੱਠੀ ਚਾਲ ਚਲਦੀ ਰਹੀ.

      ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਦਰਜ ਐਫਆਈਆਰ ਨੰਬਰ 42 ਅਨੁਸਾਰ ਆਦਰਸ਼ ਹਸਪਤਾਲ/ਨਸ਼ਾ ਛੁਡਾਊ ਕੇਂਦਰ, ਫੈਕਟਰੀ ਏਰੀਆ, ਪਟਿਆਲਾ Adarsh Hospital/Drug De-addiction Centre patiala ਦੇ ਮਾਲਕ /ਲਾਇਸੰਸਧਾਰਕ ਵਿਰੁੱਧ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਲਈ ਡਾਇਰੈਕਟਰ, ਸਿਹਤ, ਵਿਭਾਗ ਪੰਜਾਬ, ਚੰਡੀਗੜ੍ਹ ਦੁਆਰਾ 26.11.2024 ਨੂੰ ਜ਼ਾਰੀ ਪੱਤਰ ਰਾਹੀਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਇਸ ਦੀ ਪਾਲਣਾ ਵਿੱਚ, ਡੀਸੀ ਦਫਤਰ ਪਟਿਆਲਾ ਵੱਲੋਂ 3.12.2024 ਨੂੰ ਕਮੇਟੀ ਨੂੰ ਉਪਰੋਕਤ ਹਸਪਤਾਲ ਵਿੱਚ ਨਿਰੀਖਣ/ਜਾਂਚ ਕਰਨ ਅਤੇ ਇੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸਨ। ਜਾਂਚ ਤੋਂ ਬਾਅਦ, ਡੀਸੀ ਦਫ਼ਤਰ ਨੂੰ ਕਮੇਟੀ ਦੁਆਰਾ ਪੇਸ਼ ਕੀਤੀ ਰਿਪੋਰਟ 7/2/2025 ਨੂੰ ਪ੍ਰਾਪਤ ਹੋਈ। 
ਰਿਪੋਰਟ ਵਿੱਚ ਹੋਏ ਵੱਡੇ ਖੁਲਾਸੇ…
      ਕਮੇਟੀ ਦੀ ਪੜਤਾਲੀਆ ਰਿਪੋਰਟ ਅਨੁਸਾਰ, ਆਦਰਸ਼ ਹਸਪਤਾਲ ਐਂਡ ਨਸ਼ਾ ਛੁਡਾਊ ਕੇਂਦਰ ਪਟਿਆਲਾ ਦੁਆਰਾ ਖਰੀਦੀਆਂ ਅਤੇ ਵੇਚੀਆਂ ਨਸ਼ੀਲੀਆਂ ਗੋਲੀਆਂ ਦਾ ਵੱਡਾ ਫਰਕ ਅਤੇ ਨਸ਼ੀਲੀਆਂ ਗੋਲੀਆਂ ਦੀ ਗੈਰ-ਕਾਨੂੰਨੀ ਵਿਕਰੀ ਦੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। Buprenorphine 2mg + Naloxone 0.5mg ਦੀਆਂ 18548 ਨਸ਼ੀਲੀਆਂ ਗੋਲੀਆਂ ਦੀ ਗੈਰ-ਕਾਨੂੰਨੀ ਵਿਕਰੀ, Buprenorphine 0.4mg + Naloxone 0.1mg ਦੀਆਂ 13951 ਨਸ਼ੀਲੀਆਂ ਗੋਲੀਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਇਸ ਤੋਂ ਇਲਾਵਾ, ADDNOK N 2mg + 0.5mg ਦੀਆਂ 1000 ਗੋਲੀਆਂ, Buprenorphine 0.4mg + Naloxone 0.1mg ਦੀਆਂ 18 ਗੋਲੀਆਂ ਹਸਪਤਾਲ ਦੇ ਰਿਕਾਰਡ ਵਿੱਚ ਹਸਪਤਾਲ ਦੇ ਰਿਕਾਰਡ ਵਿੱਚ ਮੌਜੂਦ ਨਹੀਂ ਮਿਲੀਆਂ।
ਹਸਪਤਾਲ ਦੇ ਰਿਕਾਰਡ ‘ਚ ਵੱਡੀ ਜਾਅਲਸਾਜ਼ੀ..!
    ਉਪਰੋਕਤ ਤੋਂ ਇਲਾਵਾ, ਕਮੇਟੀ ਨੂੰ ਹਸਪਤਾਲ ਦੇ ਰਿਕਾਰਡ ਵਿੱਚ ਦਸਤਖਤਾਂ ਦੀ ਜਾਅਲਸਾਜ਼ੀ ਵੀ ਮਿਲੀ ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੀ ਧਾਰਾ 71 ਦੀ ਧਾਰਾ 78 ਦੀ ਉਪ-ਧਾਰਾ (1) ਅਤੇ ਉਪ-ਧਾਰਾ (2) ਅਧੀਨ ਪ੍ਰਾਪਤ ਸ਼ਕਤੀ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਸੰਬੰਧਿਤ ਨਿਯਮਾਂ ਅਤੇ SOP/ਦਿਸ਼ਾ-ਨਿਰਦੇਸ਼ਾਂ ਦੀਆਂ ਕੁੱਝ ਹੋਰ ਗੰਭੀਰ ਉਲੰਘਣਾਵਾਂ ਵੀ ਸਾਹਮਣੇ ਆਈਆਂ ਹਨ। ਕਮੇਟੀ ਨੇ ਇਹ ਵੀ ਰਿਪੋਰਟ ਕੀਤੀ ਹੈ ਕਿ ਰਿਕਾਰਡ ਦੀ ਜਾਂਚ ਦੌਰਾਨ ਹਸਪਤਾਲ ਦਾ ਕੋਈ GST ਨੰਬਰ ਨਹੀਂ ਮਿਲਿਆ।                                                 
     ਹਸਪਤਾਲ ਦੇ ਰਿਕਾਰਡ ਨੂੰ ਘੋਖਣ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ 1 ਅਪ੍ਰੈਲ 2024 ਤੋਂ 13 ਨਵੰਬਰ 2024 ਤੱਕ, ਹਸਪਤਾਲ ‘ਚੋਂ ਕੁੱਲ 15 ਲੱਖ 4 ਹਜ਼ਾਰ 953 ਗੋਲੀਆਂ Buprenorphine 2 ਮਿਲੀਗ੍ਰਾਮ + Naloxone 0.5 ਮਿਲੀਗ੍ਰਾਮ ਅਤੇ ਕੁੱਲ 11 ਲੱਖ 62 ਹਜ਼ਾਰ 321 ਗੋਲੀਆਂ Buprenorphine 0.4 ਮਿਲੀਗ੍ਰਾਮ + Naloxone 0.1 ਮਿਲੀਗ੍ਰਾਮ ਵੇਚੀਆਂ ਗਈਆਂ ਹਨ। ਇਨ੍ਹਾਂ ਦਵਾਈਆਂ ਦੀ ਵਿਕਰੀ ਕੀਮਤ ਲਗਭਗ 6 ਕਰੋੜ 80 ਲੱਖ ਰੁਪਏ ਹੈ ਅਤੇ ਇਸ ਦੀ ਸਬੰਧਤ ਵਿਭਾਗ ਦੁਆਰਾ ਵੱਖਰੇ ਤੌਰ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਮਰੀਜਾਂ ਦੇ ਦਸਤਖਤ ਵੀ ਜਾਲ੍ਹੀ ਨਿੱਕਲੇ..!
      ਡੀਸੀ ਦਫ਼ਤਰ ਨੇਮਿਤੀ 27.01.2025 ਰਾਹੀਂ ਉਪ-ਮੰਡਲ ਮੈਜਿਸਟ੍ਰੇਟ, ਪਟਿਆਲਾ ਨੂੰ ਉਪਰੋਕਤ ਹਸਪਤਾਲ ਦੇ ਮਰੀਜ਼ਾਂ ਦੇ ਆਧਾਰ ਕਾਰਡ, ਮਰੀਜ਼ਾਂ ਦੀ ਪਛਾਣ, ਮਰੀਜ਼ਾਂ ਦੇ ਦਸਤਖਤਾਂ ਦੀ ਤਸਦੀਕ ਅਨੁਬੰਧ-ਡੀ ਅਤੇ ਮਰੀਜ਼ ਡਿਸਪੈਂਸਿੰਗ ਰਜਿਸਟਰਾਂ ਦੀ ਤੁਲਨਾ ਅਤੇ ਤਸਦੀਕ ਕਰਨ ਦੇ ਹੁਕਮ ਦਿੱਤੇ ਸਨ। ਉਪ-ਮੰਡਲ ਮੈਜਿਸਟ੍ਰੇਟ ਨੇ ਆਪਣੀ ਰਿਪੋਰਟ ਲੰਘੀ 10 ਫਰਵਰੀ ਨੂੰ ਪੇਸ਼ ਕੀਤੀ। ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਜਾਂਚ ਦੌਰਾਨ, ਉਨ੍ਹਾਂ ਨੇ 55 ਮਰੀਜ਼ਾਂ ਨੂੰ ਨੋਟਿਸ/ਸੰਮਨ ਜਾਰੀ ਕੀਤੇ ਸਨ ਅਤੇ 15 ਮਰੀਜ਼ਾਂ ਨੇ ਉਨ੍ਹਾਂ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਸਨ। ਨੋਟਿਸ ਮਿਲਣ ‘ਤੇ ਹਾਜ਼ਰ ਹੋਏ ਮਰੀਜ਼, ਉਪਰੋਕਤ ਹਸਪਤਾਲ ਦੁਆਰਾ ਰੱਖੀ ਗਈ, ਉਸ ਦੀ ਇਲਾਜ ਫਾਈਲ ਉਨ੍ਹਾਂ ਨੂੰ ਦਿਖਾਈ ਗਈ ਅਤੇ ਇਸ ਨੂੰ ਦੇਖਣ ਤੋਂ ਬਾਅਦ, ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਐਸਡੀਐਮ ਪਟਿਆਲਾ ਨੇ ਇਹ ਵੀ ਰਿਪੋਰਟ ਦਿੱਤੀ ਹੈ ਕਿ ਰਿਕਾਰਡ ਵਿੱਚ ਕੁਝ ਜਾਅਲੀ ਅਤੇ ਮਨਘੜਤ ਦਸਤਖਤ ਵੀ ਪਾਏ ਗਏ ਹਨ ਅਤੇ ਕੁੱਝ ਐਂਟਰੀਆਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਐਸਡੀਐਮ ਦੇ ਸਾਹਮਣੇ ਪੇਸ਼ ਹੋਏ ਵਿਅਕਤੀਆਂ ਦੇ ਦਸਤਖਤਾਂ ਨਾਲ ਮਿਲਾਇਆ ਗਿਆ ਹੈ।
      ਕਮੇਟੀ ਦੀ ਉਪਰੋਕਤ ਰਿਪੋਰਟ ਪਹਿਲੀ ਨਜ਼ਰੇ ਦੱਸਦੀ ਹੈ ਕਿ ਐਸਡੀਐਮ ਦੁਆਰਾ ਅੰਤਰਿਮ ਰਿਪੋਰਟ ਵਿੱਚ ਸਫਾ ਮਿਸਲ ਫਾਈਲ ਤੇ ਲਿਆਂਦੇ ਰਿਕਾਰਡ ਵਿੱਚ ਨਸ਼ੀਲੀਆਂ ਗੋਲੀਆਂ ਦੀ ਗੈਰ-ਕਾਨੂੰਨੀ ਵਿਕਰੀ, ਹਸਪਤਾਲ ਤੋਂ ਗੁੰਮ ਹੋਈਆਂ ਨਸ਼ੀਲੀਆਂ ਗੋਲੀਆਂ ਅਤੇ ਦਸਤਖਤਾਂ ਦੀ ਜਾਅਲਸਾਜ਼ੀ ਦੇ ਸਬੂਤ ਹਨ, ਜੋ ਕਿ ਕਾਨੂੰਨ ਅਤੇ ਸੰਬੰਧਿਤ ਨਿਰਧਾਰਤ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ। ਕਿਉਂਕਿ ਨਸ਼ਾ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਖਿਲਾਫ ਤੁਰੰਤ ਧਾਰਾ 22-C, 25, 26, 29, 32 ਅਤੇ NDPS ਐਕਟ ਦੀਆਂ ਹੋਰ ਸੰਬੰਧਿਤ ਧਾਰਾਵਾਂ, ਧਾਰਾ 336, 340(2) ਅਤੇ ਭਾਰਤੀ ਨਿਆਏ ਸੰਹਿਤਾ, 2023 ਦੀਆਂ ਹੋਰ ਸੰਬੰਧਿਤ ਧਾਰਾਵਾਂ ਅਤੇ ਆਦਰਸ਼ ਹਸਪਤਾਲ/ਨਸ਼ਾ ਛੁਡਾਊ, ਫੈਕਟਰੀ ਏਰੀਆ, ਪਟਿਆਲਾ ਦੇ ਲਾਇਸੈਂਸਧਾਰਕ ਅਤੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੇ ਸਬੰਧ ਵਿੱਚ ਸੰਬੰਧਿਤ ਕਾਨੂੰਨਾਂ ਦੀਆਂ ਹੋਰ ਵੱਖ-ਵੱਖ ਧਾਰਾਵਾਂ ਦੇ ਤਹਿਤ ਢੁਕਵੀਂ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ। ਡੀਸੀ ਦਫਤਰ ਵੱਲੋਂ ਪੁਲਿਸ ਨੂੰ ਕੇਸ ਦਰਜ ਕਰਨ ਤੋਂ ਇਲਾਵਾ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਜਾਂਚ ਦੌਰਾਨ ਇਸ ਸਬੰਧ ਵਿੱਚ ਕੀਤੀ ਗਈ ਕਾਰਵਾਈ ਅਤੇ ਜਾਂਚ ਦੀ ਪ੍ਰਗਤੀ ਦੀ ਜਾਣਕਾਰੀ ਹਰ ਪੰਦਰਵਾੜੇ ਇਸ ਦਫ਼ਤਰ ਨੂੰ ਦਿੱਤੀ ਜਾਵੇ।
Advertisement
Advertisement
Advertisement
Advertisement
error: Content is protected !!