ਬਲਵਿੰਦਰ ਪਾਲ, ਪਟਿਆਲਾ 15 ਅਪ੍ਰੈਲ 2025
ਜਦੋਂ ਓਹ ਜੰਮਿਆਂ ਤਾਂ ਉਦੋਂ ਪਿਉ ਦੀ ਅੱਡੀ ਧਰਤੀ ਨਹੀਂ ਲਗਦੀ ਹੋਣੀ, ਤੇ ਬੂਹੇ ਨਿੰਮ ਵੀ ਚਾਅ ਨਾਲ ਬੰਨ੍ਹਿਆ ਹੋਣੈ, ਕੁੱਖੋਂ ਜਣੇ ਲਾਲ ਨੇ ਘਰ ‘ਚ ਮਾਂ ਦਾ ਮਾਣ ਵਧਾਇਆ ਹੋਓੂ, ਪਰੰਤੂ ਓਹੀ ਪੁੱਤ ਨੇ ਆਪਣੀ ਮਾਂ ਦਾ ਸੁਹਾਗ ਉਜਾੜ ਕੇ, ਘਰ ਸੱਥਰ ਵਿਛਾ ਦਿੱਤਾ। ਇਹ ਸਭ ਕੁਲੈਹਣੇ ਨਸ਼ੇ ਕਾਰਣ ਉਦੋਂ ਵਾਪਰਿਆ ਜਦੋਂ ਪਿਉ ਨੇ ਨਸ਼ੇੜੀ ਪੁੱਤ ਨੂੰ ਨਸ਼ਾ ਕਰਨੋ ਅਤੇ ਗਾਲਾਂ ਕੱਢਣ ਤੋਂ ਅੱਗੇ ਹੋ ਕੇ ਵਰਜਿਆ ਤਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਏ ਪੁੱਤ ਨੇ ਪਿਉ ਦੇ ਸਿਰ ਵਿੱਚ ਇੱਟ ਮਾਰੀ ਜੋ ਜਾਨਲੇਵਾ ਸਾਬਿਤ ਹੋਈ। ਮਾਂ ਨੇ ਆਪਣੇ ਢਿੱਡੋਂ ਜਾਏ ਪੁੱਤ ਦੇ ਖਿਲਾਫ ਹੀ ਆਪਣੇ ਪਤੀ ਦੀ ਹੱਤਿਆ ਦਾ ਕੇਸ ਦਰਜ ਕਰਵਾ ਦਿੱਤਾ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕੁਲਵੰਤ ਕੌਰ ਪਤਨੀ ਸਾਹਿਬ ਸਿੰਘ (70) ਵਾਸੀ ਡੱਲਾ ਕਲੋਨੀ ਪਿੰਡ ਦੁਲੱਦੀ ਥਾਣਾ ਸਦਰ ਨਾਭਾ ਨੇ ਦੱਸਿਆ ਕਿ ਉਸ ਦਾ ਆਪਣਾ ਲੜਕਾ ਕੁਲਦੀਪ ਸਿੰਘ ਜਿਆਦਾ ਸ਼ਰਾਬ ਪੀਣ ਦਾ ਆਦੀ ਹੈ ਅਤੇ ਅਕਸਰ ਹੀ ਸ਼ਰਾਬ ਪੀ ਕੇ ਸਾਡੇ ਨਾਲ ਗਾਲੀ ਗਲੋਚ ਕਰਦਾ ਰਹਿੰਦਾ ਹੈ। ਉਸ ਦੇ ਅਜਿਹੇ ਰਵੱਈਏ ਤੋਂ ਤੰਗ ਆ ਕੇ, ਉਸ ਦੀ ਪਤਨੀ ਅਮਨਦੀਪ ਕੌਰ ਉਸ ਨੂੰ ਅਤੇ ਆਪਣੀ ਲੜਕੀ ਨੂੰ ਛੱਡ ਕੇ ਪੇਕੇ ਘਰ ਚਲੀ ਗਈ ਸੀ। 13 ਅਪ੍ਰੈਲ ਵਿਸਾਖੀ ਵਾਲੇ ਦਿਨ ਸ਼ਾਮ ਕਰੀਬ 6 ਵਜੇ, ਦੋਸ਼ੀ ਕੁਲਦੀਪ ਸਿੰਘ, ਸ਼ਰਾਬੀ ਹਾਲਤ ਵਿੱਚ ਘਰ ਦੇ ਪੋਰਚ ਵਿੱਚ ਖੜ੍ਹ ਕੇ ਗਾਲੀ ਗਲੋਚ ਕਰਨ ਲੱਗ ਪਿਆ। ਜਦੋਂ ਉਸ ਦੇ ਪਿਤਾ ਨੇ ਉਸ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਦੋਸ਼ੀ ਹੱਥੋਪਾਈ ਕਰਨ ਲੱਗ ਪਿਆ ਅਤੇ ਝਗੜ੍ਹੇ ਦੌਰਾਨ ਫਰਸ਼ ਪਰ ਡਿੱਗ ਪਿਆ, ਉਹ ਉੱਠਿਆ ਤੇ ਉਸ ਨੇ ਤੈਸ਼ ਵਿੱਚ ਆ ਕੇ ਕੋਲ ਹੀ ਪਈ ਇੱਟ ਚੁੱਕ ਕੇ ਆਪਣੇ ਪਿਤਾ ਦੇ ਸਿਰ ਪਰ ਮਾਰੀ, ਜਿਸ ਕਾਰਨ ਓਹ ਖੂਨ ਨਾਲ ਲੱਥ-ਪੱਥ ਹੋ ਗਿਆ ਅਤੇ ਧਰਤੀ ਪਰ ਡਿੱਗ ਪਿਆ। ਜਦੋਂ ਮੁਦਈ ਆਪਣੇ ਪਤੀ ਨੂੰ ਦੇਖਣ ਗਈ ਤਾਂ ਦੋਸ਼ੀ, ਉਸ ਦੇ ਵੀ ਪਿੱਛੇ ਪੈ ਗਿਆ, ਉਸ ਨੇ ਗੁਆਢੀਆਂ ਦੇ ਘਰ ਅੰਦਰ ਵੜ੍ਹ ਕੇ ਆਪਣੀ ਜਾਨ ਬਚਾਈ। ਜਦੋਂ ਕੁੱਝ ਸਮੇਂ ਬਾਅਦ ਉੱਥੇ ਆ ਕੇ ਦੇਖਿਆ ਤਾਂ ਮੁਦਈ ਦੇ ਪਤੀ ਦੀ ਮੌਤ ਹੋ ਚੁੱਕੀ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ, ਪੁਲਿਸ ਨੇ ਮੁਦਈ ਕੁਲਵੰਤ ਕੌਰ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਪੁੱਤ ਕੁਲਦੀਪ ਸਿੰਘ ਦੇ ਖਿਲਾਫ U/S 103,351(3) BNS ਤਹਿਤ ਥਾਣਾ ਸਦਰ ਨਾਭਾ ਵਿਖੇ ਕੇਸ ਦਰਜ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ।