ਠੇਕੇਦਾਰ ਤੋਂ ਲ਼ੈ ਰਿਹਾ ਸੀ 20 ਹਜਾਰ ਰੁਪਏ ਦੀ ਰਿਸ਼ਵਤ,,,!
ਦਫ਼ਤਰ ਦੇ ਮੁਲਾਜ਼ਮਾਂ ‘ਚ ਸਹਿਮ, ਕਿਹਾ ਬਿਨਾਂ ਰਿਸ਼ਵਤ ਲੈਣ ਤੋਂ ਵੀ ਫੜ੍ਹਿਆ ਜਾ ਸਕਦੈ, ਫਿਰ ਕੋਈ ਵੀ Safe ਨਹੀਂ
ਹਰਿੰਦਰ ਨਿੱਕਾ,ਬਰਨਾਲਾ 21 ਅਪ੍ਰੈਲ 2025
ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਬੀਡੀਪੀਓ ਦਫਤਰ ਬਰਨਾਲਾ ‘ਚੋਂ ਇੱਕ ਪੰਚਾਇਤ ਸੈਕਟਰੀ ਨੂੰ ਇੱਕ ਠੇਕੇਦਾਰ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਕਾਰਵਾਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਕਾਫੀ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰੀਆਂ ਖਿਲਾਫ ਵਿੱਢੀ ਮੁਹਿੰਮ ਦਾ ਨਤੀਜਾ ਹੈ। ਦੂਜੇ ਪਾਸੇ ਇਸ ਕਾਰਵਾਈ ਤੋਂ ਬਾਅਦ ਦਫ਼ਤਰ ਦੇ ਮੁਲਾਜ਼ਮਾਂ ਵਿੱਚ ਸਹਿਮ ਦੇਖਣ ਨੂੰ ਮਿਲਿਆ , ਕੁੱਝ ਮੁਲਾਜ਼ਮਾਂ ਨੇ ਦਬੀ ਜੁਬਾਨ ਵਿਚ ਕਿਹਾ ਕਿ ਜੇਕਰ ਇਸ ਤਰਾਂ ਕਿਸੇ ਮੁਲਾਜ਼ਮ ਨੂੰ ਬਿਨਾਂ ਰਿਸ਼ਵਤ ਲੈਣ ਤੋਂ ਵੀ ਫਰਜੀ ਢੰਗ ਨਾਲ ਫੜ੍ਹਿਆ ਜਾ ਸਕਦਾ ਹੈ ਤਾਂ ਫਿਰ ਕੋਈ ਵੀ ਮੁਲਾਜ਼ਮ ਸੇਫ ਨਹੀਂ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕੇਸ ਦੋ ਮੁਲਜ਼ਮਾਂ ਦੇ ਖ਼ਿਲਾਫ਼ ਦਰਜ ਹੋਣ ਬਾਰੇ ਦੱਸਿਆ ਗਿਆ ਹੈ, ਪਰੰਤੂ ਦੂਜੇ ਮੁਲਜ਼ਮ ਦੇ ਨਾਮ ਦਾ ਕੋਈ ਜ਼ਿਕਰ ਤੱਕ ਨਹੀ ਹੈ। ਜਦੋਂ ਕਿ ਮੌਕਾ ਪਰ ਮੌਜੂਦ ਲੋਕਾਂ ਅਨੁਸਾਰ ਵਿਜੀਲੈਂਸ ਨੇ, ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਗ੍ਰਿਫਤਾਰੀ ਬਾਰੇ, ਸਰਕਾਰੀ ਬੁਲਾਰਾ ਚੁੱਪ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਵਿਜੀਲੈਂਸ ਬਿਊਰੋ ਨੂੰ ਠੇਕੇਦਾਰ ਨੀਰਜ ਰੰਗਾ ਪੁੱਤਰ ਸ਼੍ਰੀ ਬਾਬੂ ਲਾਲ ਰੰਗਾ ਵਾਸੀ ਮਕਾਨ ਨੰ. 93 ਮਹਾਰਾਜਾ ਯਾਦਵਿੰਦਰਾ ਇੰਨਕਲੇਵ, ਨਾਭਾ ਰੋਡ ਪਟਿਆਲਾ ਨੇ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਸ ਨੇ ਫਤਿਹਗੜ੍ਹ ਛੰਨਾ ਵਿਖੇ ਸੋਲਰ ਸਬਮਰਸੀਬਲ ਪੰਪਾਂ ਦਾ ਕੰਮ ਕੀਤਾ ਸੀ। ਜਿਸ ਦਾ ਬਿੱਲ 3 ਲੱਖ 84 ਹਜਾਰ ਰੁਪਏ ਬਣਦਾ ਸੀ। ਇਹ ਪੇਮੈਂਟ ਦੀ ਅਦਾਇਗੀ ਕਰਨ ਬਦਲੇ ਪੰਚਾਇਤ ਸੈਕਟਰੀ ਗੁਰਮੇਲ ਸਿੰਘ ਕੱਟੂ,ਉਸ ਤੋਂ 20 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਰਿਸ਼ਵਤ ਨਾ ਦੇਣ ਕਰਕੇ,ਉਹ ਅਦਾਇਗੀ ਕਰਨ ਲਈ ਟਾਲਮਟੋਲ ਕਰ ਰਿਹਾ ਸੀ। ਇਸ ਦੀ ਸ਼ਿਕਾਇਤ ਉਸ ਨੇ ਵਿਜੀਲੈਂਸ ਬਿਊਰੋ ਕੋਲ ਕੀਤੀ। ਵਿਜੀਲੈਂਸ ਦੀ ਟੀਮ ਨੇ ਅੱਜ ਬਾਅਦ ਦੁਪਹਿਰ ਪੰਚਾਇਤ ਸੈਕਟਰੀ ਗੁਰਮੇਲ ਸਿੰਘ ਕੱਟੂ ਨੂੰ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਨੇ ਦੋਸ਼ੀ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਕੇਸ ਦਰਜ ਕਰਕੇ, ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਧਰ ਬੀਡੀਪੀਓ ਦਫ਼ਤਰ ਦੇ ਕੁੱਝ ਮੁਲਾਜ਼ਮਾਂ ਨੇ ਇਸ ਕਾਰਵਾਈ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਵਿੱਚ ਪੰਚਾਇਤ ਸੈਕਟਰੀ ਗੁਰਮੇਲ ਸਿੰਘ ਕੱਟੂ ਤੋਂ ਕੋਈ ਰਿਸ਼ਵਤ ਦੀ ਰਾਸ਼ੀ ਬਰਾਮਦ ਨਹੀਂ ਹੋਈ। ਵਿਜੀਲੈਂਸ ਦੀ ਟੀਮ ਨੇ ਇਕੱਲੇ ਪੰਚਾਇਤ ਸੈਕਟਰੀ ਨੂੰ ਹੀ ਨਹੀਂ, ਇੱਕ ਹੋਰ ਵਿਅਕਤੀ ਨੂੰ ਵੀ ਦਫ਼ਤਰ ਵਿੱਚੋਂ ਲੋਕਾਂ ਦੀ ਹਾਜ਼ਰੀ ਵਿੱਚ ਗਿਰਫ਼ਤਾਰ ਕੀਤਾ ਹੈ। ਹੋ ਸਕਦਾ ਹੈ ਦੱਸੀ ਜਾ ਰਹੀ ਰਿਸ਼ਵਤ ਦੀ ਰਾਸ਼ੀ, ਉਸ ਵਿਅਕਤੀ ਤੋਂ ਬਰਾਮਦ ਹੋਈ ਹੋਵੇ। ਦਫ਼ਤਰ ਦੇ ਮੁਲਾਜ਼ਮਾਂ ਨੇ ਕਿਹਾ ਕਿ ਦਫ਼ਤਰ ਦੇ ਕਈ ਮੁਲਾਜ਼ਮ ਪਟਿਆਲਾ ਗਏ ਹੋਏ ਹਨ, ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਪੂਰੀ ਹਾਲਤ ਬਾਰੇ ਪਤਾ ਲੱਗੇਗਾ। ਇੱਥੇ ਹੀ ਬੱਸ ਨਹੀਂ, ਵਿਜੀਲੈਂਸ ਬਿਊਰੋ ਦੀ ਪਟਿਆਲਾ ਤੋਂ ਟੀਮ ਆਈ ਹੋਣ ਕਾਰਣ ਵੀ ਵਿਜੀਲੈਂਸ ਦੀ ਕਾਰਵਾਈ ਸ਼ੱਕ ਦੇ ਦਾਇਰੇ ਵਿੱਚ ਆ ਗਈ ਹੈ, ਕਿਉਂਕਿ ਸ਼ਿਕਾਇਤ ਕਰਤਾ ਠੇਕੇਦਾਰ ਖੁਦ ਵੀ ਪਟਿਆਲਾ ਦਾ ਹੀ ਰਹਿਣ ਵਾਲਾ ਹੈ। ਇਸ ਘਟਨਾਕ੍ਰਮ ਸਬੰਧੀ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੂੰ ਫੋਨ ਕਰਕੇ ਜਾਣਕਾਰੀ ਲੈਣ ਲਈ ਸੰਪਰਕ ਕੀਤਾ,ਪਰ ਉਨ੍ਹਾਂ ਫੋਨ ਰਿਸੀਵ ਨਹੀਂ ਕੀਤਾ।