ਅਸ਼ੋਕ ਵਰਮਾ ਬਠਿੰਡਾ, 24 ਨਵੰਬਰ 2020
ਸ਼ਿਵ ਸੈਨਾ ਹਿੰਦੋਸਤਾਨ ਭਗਤਾ ਭਾਈ ’ਚ ਕਤਲ ਕਰ ਦਿੱਤੇ ਗਏ ਡੇਰਾ ਪ੍ਰੇਮੀਆਂ ਦੀ ਪਿੱਠ ਤੇ ਆ ਗਈ ਹੈ। ਸ਼ਿਵ ਸੈਨਾ ਨੇ ਡੇਰਾ ਪ੍ਰਬੰਧਕਾਂ ਨੂੰ ਮਨੋਹਰ ਲਾਲ ਦੇ ਕਾਤਲਾਂ ਦੀ ਗਿ੍ਰਫਤਾਰੀ ਲਈ ਚੱਲ ਰਹੀ ਲੜਾਈ ’ਚ ਹਰ ਤਰਾਂ ਦੇ ਸਹਿਯੋਗ ਦੀ ਗੱਲ ਆਖੀ ਹੈ। ਪਹਿਲੀ ਵਾਰ ਹੈ ਕਿ ਕੋਈ ਧਾਰਮਿਕ ਜੱਥੇਬੰਦੀ ਪ੍ਰੇਮੀਆਂ ਦੇ ਸੰਘਰਸ਼ ਦੀ ਹਮਾਇਤ ’ਚ ਅੱਗੇ ਆਈ ਹੈ। ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਪਟਿਆਲਾ ਅੱਜ ਡੇਰਾ ਸੱਚਾ ਸੌਦਾ ਸਰਸਾ ਦੇ ਪੰਜਾਬ ਵਿਚਲੇ ਡੇਰਾ ਸਲਾਬਤਪੁਰਾ ਪੱਜੇ ਅਤੇ ਇਸ ਸਬੰਧੀ ਭਰੋਸਾ ਦਿੱਤਾ। ਉਹਨਾਂ ਪ੍ਰਬੰਧਕਾਂ ਨਾਲ ਲੰਮਾਂ ਵਿਚਾਰ ਵਟਾਂਦਰਾ ਵੀ ਕੀਤਾ ਅਤੇ ਮਨੋਹਰ ਲਾਲ ਦੇ ਪ੍ਰੀਵਾਰ ਨਾਲ ਹਮਦਰਦੀ ਵੀ ਜਤਾਈ। ਉਹਨਾਂ ਆਖਿਆ ਕਿ ਕਿੱਡੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਅਜੇ ਤੱਕ ਪ੍ਰੀਵਾਰ ਨੂੰ ਪੂਰੀ ਸੁਰੱਖਿਆ ਹੀ ਨਹੀਂ ਮੁਹੱਈਆ ਕਰਵਾ ਸਕੀ ਹੈ। ਸ਼ਿਵ ਸੈਨਾ ਆਗੂ ਨੇ ਆਪਣਾ ਭਾਸ਼ਣ ਜੈ ਸ਼੍ਰੀਰਾਮ ਤੋਂ ਸ਼ੁਰੂ ਕੀਤਾ ਅਤੇ ਆਖਿਆ ਕਿ ਉਹ ਹਿੰਦੂ ਜੱਥੇਬੰਦੀ ਦੇ ਆਗੂ ਦੇ ਤੌਰ ਤੇ ਦੁੱਖ ਦੀ ਘੜੀ ’ਚ ਸ਼ਰੀਕ ਹੋਣ ਲਈ ਆਏ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਪਵਨ ਗੁਪਤਾ ਨੇ ਟੇਢੇ ਢੰਗ ਨਾਲ ਡੇਰੇ ਦੇ ਸਿਆਸੀ ਵਿੰਗ ਨੂੰ ਵੀ ਨਸੀਹਤ ਦਿੱਤੀ ਅਤੇ ਸਿਆਸੀ ਧਿਰਾਂ ਨੂੰ ਵੀ ਨਿਸ਼ਾਨੇ ਤੇ ਲਿਆ। ਉਹਨਾਂ ਆਖਿਆ ਕਿ ਹੁਣ ਡੇਰਾ ਪ੍ਰੇਮੀਆਂ ਨੂੰ ਆਪਣੀ ਤਾਕਤ ਦੀ ਪੂਰੀ ਤਰਾਂ ਸੋਚ ਵਿਚਾਰ ਕੇ ਕਰਨ ਦੀ ਲੋੜ ਹੈ ਕਿਉਂਕਿ ਜੋ ਲੋਕ ਵੋਟਾਂ ਵੇਲੇ ਅੱਗੇ ਪਿੱਛੇ ਫਿਰਦੇ ਸਨ ਉਹ ਮੁਸੀਬਤ ਦੀ ਘੜੀ ’ਚ ਦੌੜ ਗਏ ਹਨ। ਡੇਰਾ ਪ੍ਰੇਮੀਆਂ ਨੂੰ ਸੰਬੋਧਨ ਦੌਰਾਨ ਪਵਨ ਗੁਪਤਾ ਨੇ ਤਿੱਖੇ ਲਹਿਜੇ ’ਚ ਆਖਿਆ ਕਿ ਸ਼ਿਵ ਸੈਨਾ ਨੇ ਪੰਜਾਬ ਦੇ ਅਮਨ ਕਾਨੂੰਨ ਅਤੇ ਭਾਈਚਾਰੇ ਲਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਅਸਾਲਟਾਂ ਨੂੰ ਹਾਰ ਦੇਣ ’ਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਆਖਿਆ ਕਿ ਅਫਸੋਸ ਹੈ ਕਿ ਪੰਜਾਬ ਦੀ ਧਰਤੀ ਤੇ ਖੂਨੀ ਖੇਡ ਖੇਡੀ ਜਾ ਰਹੀ ਹੈ ਅਤੇ ਅਮਨ ਵਿਰੋਧੀ ਤਾਕਤਾਂ ਪੰਜਾਬ ਦੀ ਸ਼ਾਂਤੀ ਭੰਗ ਕਰਕੇ ਆਪਸੀ ਭਾਈਚਾਰਾ ਤਬਾਹ ਕਰਨਾ ਚਾਹੁੰਦੀਆਂ ਹਨ ਜਿਸ ਦਾ ਸ਼ਿਵ ਸੈਨਾ ਵਿਰੋਧ ਕਰੇਗੀ। ਉਹਨਾਂ ਆਖਿਆ ਕਿ ਡੇਰੇ ਦੇ ਪੈਰੋਕਾਰ ਹੀ ਨਹੀਂ ਬਲਕਿ ਕੋਈ ਵੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਹੈ।
ਉਹਨਾਂ ਆਖਿਆ ਕਿ ਬੇਸ਼ੱਕ ਉਹ ਡੇਰੇ ਦੇ ਸ਼ਰਧਾਲੂ ਨਹੀਂ ਹਨ ਫਿਰ ਵੀ ਜਿੱਥੇ ਵੀ ਜਬਰ ਜੁਲਮ ਹੋਏਗਾ ਸ਼ਿਵ ਸੈਨਾ ਭਗਵਾ ਝੰਡਾ ਚੁੱਕ ਕੇ ਲੜਾਈ ਲੜੇਗੀ। ਉਹਨਾਂ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸੇ ਇੱਕ ਫਿਰਕੇ ਦੇ ਮੁੱਖ ਮੰਤਰੀ ਨਹੀਂ ਹਨ ਇਸ ਲਈ ਉਹਨਾਂ ਨੂੰ ਡੇਰੇ ਦੀ ਵਿਚਾਰਧਾਰਾ ਨੂੰ ਪਾਸੇ ਰੱਖ ਕੇ ਲਾਸ਼ ਨਲ ਸੜਕ ਤੇ ਬੈਠੇ ਨਿਆਂ ਦੀ ਮੰਗ ਕਰ ਰਹੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਪੰਜਾਬ ’ਚ ਹੁਣ ਇਨਸਾਫ ਬੰਦੂਕ ਨਾਲ ਕੀਤਾ ਜਾਇਆ ਕਰੇਗਾ ਅਤੇ ਅਦਾਲਤਾਂ ਖਤਮ ਹੋ ਜਾਣਗੀਆਂ । ਉਹਨਾਂ ਕਿਹਾ ਕਿ ਡੀਜੀਪੀ ਪੰਜਾਬ ਬਠਿੰਡਾ ’ਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਵਾਪਿਸ ਚਲੇ ਗਏ ਜਦੋਂਕਿ ਏਨੇ ਜਿੰਮੇਵਾਰੀ ਵਾਲੇ ਅਹੁਦੇ ਤੇ ਬੈਠੇ ਵਿਅਕਤੀ ਨੂੰ ਡੇਰਾ ਪ੍ਰੇਮੀਆਂ ਕੋਲ ਆਕੇ ਉਹਨਾਂ ਦਾ ਦੁੱਖ ਦਰਦ ਵੰਡਾਉਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਹੀ ਘਰੋਂ ਬਾਹਰ ਨਹੀਂ ਆਉਂਦੇ ਤਾਂ ਫਿਰ ਉਹਨਾਂ ਦੇ ਅਧਿਕਾਰੀ ਕਿਸ ਤਰਾਂ ਲੋਕਾਂ ’ਚ ਆਉਣਗੇ।
ਉਹਨਾਂ ਕਿਹਾ ਕਿ ਡੇਰੇ ’ਚ ਵੋਟਾਂ ਮੰਗਣ ਜਾਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਵੀ ਇਨਸਾਨਂਅਤ ਦੇ ਨਾਤੇ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਇਸ ਕਤਲ ਦੀ ਨਿਖੇਧੀ ਕਰਨੀ ਚਾਹੀਦੀ ਹੈ। ਉਹਨਾਂ ਆਖਿਆ ਕਿ ਬੇਰਹਿਮੀ ਨਾਲ ਕੀਤੇ ਇਹਨਾਂ ਕਤਲਾਂ ਨੂੰ ਨਿੱਜੀ ਰੰਜਿਸ਼ ਦੱਸਣ ਦੀ ਥਾਂ ਸਰਕਾਰ ਅਤਿਵਾਦੀਆਂ ਖਿਲਾਫ ਸਖਤ ਕਾਰਵਾਈ ਕਰੇ ਤਾਂ ਜੋ ਪੰਜਾਬ ’ਚ ਮੁੜ ਕਾਲੇ ਦਿਨ ਨਾਂ ਪਰਤ ਸਕਣ। ਉਹਨਾਂ ਚਿੰਤਾ ਜਤਾਈ ਕਿ ਪੰਜਾਬ ਦੇ ਕਾਲੇ ਦਿਨਾਂ ਤੋਂ ਲੈਕੇ ਹੁਣ ਤੱਕ ਅਤਿਵਾਦ ਖਿਲਾਫ ਲੜਨ ਵਾਲੇ ਬਲਵਿੰਦਰ ਸਿੰਘ ਦੇ ਪ੍ਰੀਵਾਰ ਨੂੰ ਪੰਜਾਬ ਪੁਲਿਸ ਸੁਰੱਖਿਆ ਨਹੀਂ ਦੇ ਸਕੀ ਹੈ ਅਤੇ ਇਹੋ ਵਰਤਾਰਾ ਪ੍ਰੇਮੀ ਮਨੋਹਰ ਲਾਲ ਦੇ ਪ੍ਰੀਵਾਰ ਨਾਲ ਵਰਤਿਆ ਹੈ। ਉਹਨਾਂ ਡੇਰਾ ਪ੍ਰੇਮੀਆਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਦੀ ਸ਼ਲਾਘਾ ਕੀਤੀ। ਉਹਨਾਂ ਮੁੱਖ ਮੰਤਰੀ ਨੂੰ ਨਿੱਡਰ ਹੋਕੇ ਡੇਰਾ ਪ੍ਰੇਮੀਆਂ ਦੀ ਬਾਂਹ ਫੜ੍ਹਨ ਦੀ ਸਲਾਹ ਦਿੱਤੀ ਅਤੇ ਮਨੋਹਰ ਲਾਲ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗਿ੍ਰਫਤਾਰ ਕਰਨ ਦੀ ਮੰਗ ਕੀਤੀ। ਅੰਤ ਵਿੱਚ ਵੀ ਉਹਨਾਂ ਇਹੋ ਆਖਿਆ ਕਿ ਜਦੋਂ ਵੀ ਜਰੂਰਤ ਪਈ ਤਾਂ ਸ਼ਿਵ ਸੈਨਾ ਪੂਰੀ ਤਾਕਤ ਨਾਲ ਡੇਰਾ ਪ੍ਰੇਮੀਆਂ ਦੇ ਬਰਾਬਰ ਖੜੇਗੀ। ਕੌਮੀ ਜੱਥੇਬੰਦਕ ਸਕੱਤਰ ਿਸ਼ਨ ਸ਼ਰਮਾ, ਸੂਬਾ ਜੱਥੇਬੰਦਕ ਸਕੱਤਰ ਸੁਸ਼ੀਲ ਜਿੰਦਲ, ਸੂਬਾ ਮੀਤ ਪ੍ਰਧਾਨ ਰਾਮ ਬਚਨ ਰਾਏ ,ਸ਼ਿਵ ਸੈਨਾ ਵਿਦਿਆਰਥੀ ਵਿੰਗ ਦੇ ਪ੍ਰਧਾਨ, ਰਜੇਸ਼ ਕੌਸ਼ਿਕ ,ਵਪਾਰ ਸੈਨਾ ਪੰਜਾਬ ਦੇ ਪ੍ਰਧਾਨ, ਚੰਦਰਕਾਂਤ ਚੱਢਾ ਅਤੇ ਸੂਬਾ ਆਗੂ ਚੰਦਰ ਕਾਲੜਾ ਵੀ ਹਾਜਰ ਸਨ।