ਡੇਰਾ ਪ੍ਰੇਮੀ ਕਤਲ ਕੇਸ: ਡੇਰਾ ਪ੍ਰਬੰਧਕਾਂ ਵੱਲੋਂ ਇਕੱਠ ਵਧਾਉਣ ਦੇ ਸੰਕੇਤ

Advertisement
Spread information

ਤੀਜੇ ਦਿਨ ਵੀ ਜਾਰੀ ਰਿਹਾ ਸੜਕ ਤੇ ਧਰਨਾ


ਅਸ਼ੋਕ ਵਰਮਾ ਬਠਿੰਡਾ,23ਨਵੰਬਰ 2020:

     ਭਗਤਾ ਭਾਈ ’ਚ 20 ਨਵੰਬਰ ਨੂੰ ਗੋਲੀਆਂ ਮਾਰਕੇ ਕਤਲ ਕੀਤੇ ਡੇਰਾ ਸ਼ਰਧਾਲੂ ਮਨੋਹਰ ਲਾਲ ਦੇ ਕਤਲ ’ਚ ਅੱਜ ਤੀਸਰੇ ਦਿਨ ਵੀ ਪੁਲਿਸ ਦੇ ਹੱਥ ਖਾਲੀ ਹਨ ਜਿਸ ਦੇ ਰੋਸ ਵਜੋਂ ਡੇਰਾ ਪ੍ਰੇਮੀਆਂ ਵੱਲੋਂ ਡੇਰਾ ਸੱਚਾ ਸੌਦਾ ਸਰਸਾ ਦੇ ਪੰਜਾਬ ਵਿਚਲੇ ਹੈਡਕੁਆਟਰ ਡੇਰਾ ਸਲਾਬਤਪੁਰਾ ਅੱਗੇ ਧਰਨਾ ਜਾਰੀ ਰਿਹਾ। ਮਨੋਹਰ ਲਾਲ ਦੀ ਲਾਸ਼ ਦਾ ਅੱਜ ਵੀ ਅੰਤਮ ਸਸਕਾਰ ਨਹੀਂ ਹੋ ਸਕਿਆ ਹੈ। ਹਰਿਆਣਾ ਅਤੇ ਰਾਜਸਥਾਨ ਦੀਆਂ ਸੂਬਾ ਕਮੇਟੀਆਂ ਦੇ ਆਗੂ ਵੀ ਅੱਜ ਦੇ ਧਰਨੇ ’ਚ ਸ਼ਾਮਲ ਹੋਏ। ਹਾਲਾਂਕਿ ਸਿੱਧੇ ਤੌਰ ਤੇ ਪ੍ਰਬੰਧਕਾਂ ਨੇ ਕੁੱਝ ਨਹੀਂ ਕਿਹਾ ਪਰ ਟੇਢੇ ਢੰਗ ਨਾਲ ਧਰਨੇ ’ਚ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਵਧਣ ਦੇ ਸੰਕੇਤ ਦਿੱਤੇ ਹਨ। ਅੱਜ ਕੋਈ ਵੀ ਅਧਿਕਾਰੀ ਡੇਰਾ ਪ੍ਰਬੰਧਕਾਂ ਨਾਲ ਗੱਲਬਾਤ ਲਈ ਨਹੀਂ ਆਇਆ ਹੈ। ਡੀਜੀਪੀ ਪੰਜਾਬ ਬਠਿੰਡਾ ਆਏ ਸਨ ਜਿਹਨਾਂ ਦੇ ਸਲਾਬਤਪੁਰਾ ਆਉਣ ਦੀ ਉਮੀਦ ਸੀ ਪਰ ਉਹ ਵੀ ਮੌਕੇ ਤੇ ਨਹੀਂ ਗਏ।
              ਇਸ ਕਰਕੇ ਅੱਜ ਧਰਨਕਾਰੀਆਂ ਦਾ ਰੁੱਖ ਸਰਕਾਰ ਪ੍ਰਤੀ ਸਖਤ ਦਿਖਾਈ ਦਿੱਤਾ। ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਸਲਾਬਤਪੁਰਾ ਦੇ ਕੁੱਝ ਨੇੜਲੇ ਬਲਾਕਾਂ ਦੀ ਸਾਧ ਸੰਗਤ ਹੀ ਪੁੱਜ ਰਹੀ ਹੈ ਜਦੋਂਕਿ ਬਹੁ ਗਿਣਤੀ ਡੇਰਾ ਪ੍ਰੇਮੀਆਂ ਨੂੰ ਰੋਕਕੇ ਰੱਖਿਆ ਹੋਇਆ ਹੈ। ਧਰਨੇ ਦੀ ਅਗਵਾਈ ਕਰ ਰਹੇ ਸੂਬਾ ਕਮੇਟੀ  ਨੇ ਅੱਜ ਮੁੱਖ ਮੰਚ ਤੋਂ ਫਿਰ ਐਲਾਨ ਕੀਤਾ ਕਿ ਸੰਘਰਸ਼ ਦੇ ਅੰਜਾਮ ਤੱਕ ਪਹੁੰਚਣ ਤੱਕ ਉਹ ਸੜਕ ’ਤੇ ਲਾਇਆ ਧਰਨਾ ਜਾਮ ਜਾਰੀ ਰੱਖਣਗੇ। ਅੱਜ ਵੀ ਡੇਰਾ ਪ੍ਰੇਮੀਆਂ ਦੇ ਵੱਡੇ ਇਕੱਠ ਨੇ ਮਨੋਹਰ ਲਾਲ ਦੇ ਪਰਿਵਾਰ ਨੂੰ ਹੱਥ ਖੜੇ ਕਰਕੇ ਭਰੋਸਾ ਦਿੱਤਾ ਕਿ ਮਨੋਹਰ ਲਾਲ ਦੇ ਪਰਿਵਾਰ ਨਾਲ ਯੱਕਜਹਿਤੀ ਦਾ ਪ੍ਰਗਟਾਵਾ ਕੀਤਾ।  45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਆਖਿਆ ਕਿ ਅੱਜ ਧਰਨੇ ਨੂੰ ਤੀਜਾ ਦਿਨ ਹੋ ਗਿਆ ਹੈ ਪਰ ਦੁੱਖ ਦੀ ਗੱਲ ਹੈ ਕਿ ਹਾਲੇ ਤੱਕ ਗੱਲ ਕਿਸੇ ਤਣਪੱਤਣ ਨਹੀਂ ਲੱਗੀ ।
                                  ਉਹਨਾ ਮੰਗ ਕੀਤੀ ਕਿ ਜਿੰਨਾਂ ਨੇ ਮਨੋਹਰ ਲਾਲ ਦਾ ਗੋਲੀਆਂ ਮਾਰਕੇ ਦਰਿੰਦਗੀ ਨਾਲ ਕਤਲ ਕੀਤਾ ਹੈ ਉਨਾਂ ਨੂੰ ਗਿ੍ਰਫਤਾਰ ਕੀਤਾ ਜਾਵੇ ਅਤੇ ਇਸ ਸਾਜਿਸ਼ ਦੇ ਪਿੱਛੇ ਜਿਸ ਦਾ ਵੀ ਹੱਥ ਹੈ ਉਨਾਂ ਦਾ ਵੀ ਪਰਦਾਫਾਸ਼ ਹੋਵੇ।ਰਾਜਸਥਾਨ ਦੀ 45 ਮੈਬਰੀ ਕਮੇਟੀ ਦੇ ਮੈਂਬਰ ਸੇਵਕ ਨੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਰਾਜਸਥਾਨ ਸੂਬੇ ਦੀ ਸੰਗਤ ਦੇ ਕਹਿਣ ਤੇ ਉਹ ਅੱਜ ਇੱਥੇ ਇਸ ਇਸ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਣ ਦੀ ਇਜਾਜਤ ਲੈਣ ਆਏ ਹਨ। ਇਸੇ ਤਰਾਂ ਹੀ ਹਰਿਆਣਾ ਦੀ ਆਗੂ 45 ਮੈਂਬਰ ਮੀਨੂੰ ਨੇ ਵੀ ਧਰਨੇ ’ਚ ਸ਼ਾਮਲ ਹੋਣ ਦਾ ਇਸ਼ਾਰਾ ਕੀਤਾ। ਉਹਨਾਂ ਆਖਿਆ ਕਿ ਜੇਕਰ ਇਨਸਾਫ ’ਚ ਇਸੇ ਤਰਾਂ ਦੇਰੀ ਜ਼ਾਰੀ ਰਹੀ ਤਾਂ ਸਮੁੱਚੇ ਪੰਜਾਬ ਦੇ ਡੇਰਾ ਪ੍ਰੇਮੀਆਂ ਦੇ ਪੁੱਜਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
                        ਅੱਜ ਸਿਆਸੀ ਵਿੰਗ ਦੇ ਸ਼ਿੰਦਰਪਾਲ, ਸਟੇਟ ਕਮੇਟੀ ਮੈਂਬਰ ਗੁਰਚਰਨ ਕੌਰ , ਨਰਿੰਦਰ ਕੌਰ, ਕੁਲਦੀਪ ਕੌਰ ਅਤੇ ਗੁਰਜੀਤ ਕੌਰ ਨੇ ਸੰਬੋਧਨ ਆਖਿਆ ਕਿ ਐਨੀਂ ਠੰਢ ਦੇ ਬਾਵਜ਼ੂਦ ਇਸ ਧਰਨੇ ’ਤੇ ਦਿਨ-ਰਾਤ ਡਟੇ ਰਹਿਣ ਤੋਂ ਪਤਾ ਲੱਗਦਾ ਹੈ ਕਿ ਮਨੋਹਰ ਲਾਲ ਦੇ ਕਤਲ ਕਾਰਨ ਡੇਰਾ ਪ੍ਰੇਮੀਆਂ ’ਚ ਵੱਡਾ ਰੋਹ ਹੈ। ਅੱਜ ਉਹਨਾਂ ਇਨਸਾਫ ਮਿਲਣ ਤੱਕ ਇਸੇ ਤਰਾਂ ਹੀ ਅਮਨ ਸ਼ਾਂਤੀ ਨਾਲ ਡਟੇ ਰਹਿਣ ਦੀ ਅਪੀਲ ਕੀਤੀ।ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ , ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਰਾਮ ਸਿੰਘ ਚੇਅਰਮੈਨ, ਬਲਰਾਜ ਸਿੰਘ, ਰਵੀ , ਬਲਜਿੰਦਰ ਸਿੰਘ, 45 ਮੈਂਬਰ ਜਤਿੰਦਰ ਮਹਾਸ਼ਾ, ਜਸਵੀਰ ਸਿੰਘ , ਜਗਦੀਸ਼  ਚੰਦਰ, ਗੁਰਸੇਵਕ ਸਿੰਘ, ਸੇਵਕ ਸਿੰਘ ਗੋਨਿਆਣਾ ਅਤੇ  ਜਗਦੀਸ਼ ਕੁਮਾਰ ਆਦਿ ਹਾਜ਼ਰ ਸਨ।    
Advertisement
Advertisement
Advertisement
Advertisement
Advertisement
error: Content is protected !!