ਲੜਕੀ ਦੀ ਬਲੈਕਮੇਲਿੰਗ ਤੋਂ ਅੱਕੇ ਨੌਜਵਾਨ ਨੇ ਕਬੂਲਿਆ 3 ਕਤਲਾਂ ਦਾ ਸੱਚ
ਅਸ਼ੋਕ ਵਰਮਾ ਬਠਿੰਡਾ,23ਨਵੰਬਰ2020:
ਸ਼ਹਿਰ ਦੇ ਕਮਲਾ ਨਹਿਰੂ ਨਗਰ ਦੀ ਸੰਘਣੀ ਅਬਾਦੀ ’ਚ ਇੱਕ ਹੀ ਪ੍ਰੀਵਾਰ ਦੇ ਤਿੰਨ ਜੀਆਂ ਨੂੰ ਕਤਲ ਕਰਨ ਦਾ ਮਾਮਲਾ ਹੱਲ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੀਹਰੇ ਕਤਲ ਕਾਂਡ ਪਿੱਛੇ ਮਾਨਸਾ ਜਿਲ੍ਹੇ ਦੇ ਪਿੰਡ ਮਾਨਸਾ ਖੁਰਦ ਦੇ ਨੌਜਵਾਨ ਯੁਵਕਰਨ ਸਿੰਘ ਉਰਫ ਕਰਨ ਦ ਕਥਿਤ ਤੌਰ ਤੇ ਹੱਥ ਸਾਹਮਣੇ ਆਇਆ ਹੈ। ਤਿੰਨੋਂ ਕਤਲਾਂ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਿਲ ਨੌਜਵਾਨ ਨੇ ਵੀ ਆਪਣੇ ਘਰ ’ਚ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ ਹੈ। ਥਾਣਾ ਸਿਟੀ ਮਾਨਸਾ ਪੁਲਿਸ ਨੇ ਵੀ ਅੱਜ ਇਸ ਘਟਨਾਂ ਤੋਂ ਬਾਅਦ ਮਿ੍ਰਤਕ ਦੇ ਘਰ ਜਾ ਕੇ ਜਾਇਜਾ ਲਿਆ ਹੈ। ਗੌਰਤਲਬ ਹੈ ਕਿ ਬੀਤੀ ਰਾਤ ਕਮਲਾ ਨਹਿਰੂ ਕਲੋਨੀ ਦੀ ਕੋਠੀ ਨੰਬਰ 387 ’ਚ ਸਹਿਕਾਰੀ ਸਭਾ ਦੇ ਸਕੱਤਰ ਚਰਨਜੀਤ ਸਿੰਘ ਖੋਖਰ ,ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਲੜਕੀ ਸਿਮਰਨਜੀਤ ਕੌਰ ਉਰਫ ਗੁੱਡੂ ਦੇ ਸਿਰਾਂ ’ਚ ਗੋਲੀਆਂ ਮਾਰੀਆਂ ਗਈਆਂ ਸਨ। ਇਸ ਪ੍ਰੀਵਾਰ ਚੋਂ ਮਿ੍ਰਤਕ ਚਰਨਜੀਤ ਸਿੰਘ ਦਾ ਲੜਕਾ ਮਨਪ੍ਰੀਤ ਸਿੰਘ ਹੀ ਬਚਿਆ ਹੈ ਜੋ ਇੰਗਲੈਂਡ ਰਹਿੰਦਾ ਹੈ। ਤੀਹਰੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਨੇ ਆਪਣੇ ਕਬੂਲਨਾਮੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੈ। ਵੀਡੀਓ ’ਚ ਉਸ ਨੇ ਦੱਸਿਆ ਹੈ ਕਿ ਇਹਨਾਂ ਕਤਲਾਂ ਲਈ ਉਹ ਜਿੰਮੇਵਾਰ ਹੈ ਉਸ ਦੇ ਮਾਪਿਆਂ ਨੂੰ ਤਾਂ ਇਸ ਬਾਰੇ ਪਤਾ ਵੀ ਨਹੀਂ ਸੀ। ਉਸ ਨੇ ਦੱਸਿਆ ਕਿ ਲੜਕੀ ਸਿਮਰਜੀਤ ਕੌਰ ਨਾਲ ਉਸ ਦੇ ਪਿਆਰ ਸਬੰਧ ਸਨ । ਉਸ ਨੇ ਆਖਿਆ ਕਿ ਲੜਕੀ ਮੇਰੇ ਉੱਪਰ ਆਪਣੇ ਨਾਲ ਵਿਆਹ ਕਰਵਾਉਣ ਲਈ ਦਬਾਅ ਪਾਉਂਦੀ ਸੀ। ਅਜਿਹਾ ਨਾਂ ਕਰਨ ਦੀ ਸੂਰਤ ’ਚ ਬਲਾਤਕਾਰ ਦਾ ਕੇਸ ਦਰਜ ਕਰਵਾਉਣ ਅਤੇ ਕੈਰੀਅਰ ਖਰਾਬ ਦੀਆਂ ਧਮਕੀਆਂ ਦਿੱਤੀਆਂ ਗਈਆਂ । ਜਿਸ ਤੋਂ ਉਹ ਬੇਹੱਦ ਪ੍ਰੇਸ਼ਾਨ ਰਹਿੰਦਾ ਸੀ। ਵੀਡੀਓ ’ਚ ਉਸ ਨੇ ਦੱਸਿਆ ਹੈ ਕਿ ਅੱਕ ਕੇ ਮੈਂ ਆਪਣੇ ਭਰਾ ਦੀ ਅਲਮਾਰੀ ਚੋਂ ਪਿਸਤੌਲ ਕੱਢਿਆ ਅਤੇ ਇਹਨਾਂ ਨੂੰ ਮਾਰ ਦਿੱਤਾ। ਉਸਨੇ ਆਖਿਆ ਕਿ ਮੈਂ ਅੱਜ ਪ੍ਰੀਵਾਰ ਨੂੰ ਮਿਲਣੀ ਤੇ ਜਾਣ ਬਾਰੇ ਦੱਸਿਆ ਸੀ। ਉਸ ਨੇ ਦੱਸਿਆ ਕਿ ਲੜਕੀ ਕੋਲ ਸਾਡੀਆਂ ਕੁੱਝ ਅਸ਼ਲੀਲ ਫੋਟੋਆਂ ਸਨ । ਜਿਸ ਨਾਲ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਉਸ ਨੇ ਕਿਹਾ ਕਿ ਐਨਾ ਵੱਡਾ ਕਦਮ ਕੋਈ ਐਵੇਂ ਨਹੀਂ ਚੁੱਕਦਾ ਹੈ। ਉਹ ਆਖਦਾ ਹੈ ਕਿ ਰਾਤ ਨੂੰ ਵੀ ਸਿਮਰਨ ਦੇ ਘਰ ’ਚ ਇਹੋ ਗੱਲਾਂ ਹੋਈਆਂ ਸਨ। ਵੀਡੀਓ ’ਚ ਉਸ ਨੇ ਦੱਸਿਆ ਕਿ ਕਤਲ ਤੋਂ ਬਾਅਦ ਆਖਰੀ ਵਾਰ ਮਾਪਿਆਂ ਨਾਲ ਲੰਮੀ ਗੱਲ ਕੀਤੀ ਹੈ। ਨੌਜਵਾਨ ਨੇ ਆਪਣੀ ਮਾਤਾ ਤੇ ਪਿਤਾ ਨਾਲ ਬਹੁਤ ਜਿਆਦਾ ਪਿਆਰ ਹੋਣ ਦੀ ਗੱਲ ਵੀ ਆਖੀ ਹੈ। ਦੱਸਣਯੋਗ ਹੈ ਕਿ ਬਠਿੰਡਾ ਪੁਲਿਸ ਨੂੰ ਅੱਜ ਸਵੇਰੇ ਕਲੋਨੀ ਦੀ ਇਸ ਕੋਠੀ ’ਚ ਤਿੱਨ ਕਤਲ ਹੋਣ ਦੀ ਸੂਚਨਾ ਮਿਲਦਿਆਂ ਐਸਪੀ ਸਿਟੀ ਜਸਪਾਲ ਸਿੰਘ ਅਤੇ ਥਾਣਾ ਕੈਂਟ ਦੇ ਐਸਐਚਓ ਸਬ ਇੰਸਪੈਕਟਰ ਗੁਰਮੀਤ ਸਿੰਘ ਮੌਕੇ ਤੇ ਪੁੱਜੇ ਸਨ। ਜਿਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਪੜਤਾਲ ਦੀ ਗੱਲ ਆਖੀ ਸੀ। ਵਾਰਦਾਤ ਦਾ ਉਦੋਂ ਪਤਾ ਲੱਗਿਆ ਜਦੋਂ ਸਵੇਰੇ ਦੋਧੀ ਦੁੱਧ ਪਾਉਣ ਲਈ ਆਇਆ ਸੀ। ਇਸੇ ਦੌਰਾਨ ਸ਼ਾਮ ਹੁੰਦਿਆਂ ਹੁੰਦਿਆਂ ਸਾਰਾ ਮਾਮਲਾ ਸਾਹਮਣੇ ਆ ਗਿਆ। ਥਾਣਾ ਕੈਂਟ ਪੁਲਿਸ ਹੁਣ ਇਸ ਮਾਮਲੇ ’ਚ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ’ਚ ਜੁਟੀ ਹੋਈ ਹੈ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਇਹਨਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ।
Advertisement