ਹਰਿੰਦਰ ਨਿੱਕਾ ,ਬਰਨਾਲਾ 23 ਨਵੰਬਰ 2020
ਜਦੋਂ ਮੀਆਂ ਬੀਵੀ ਰਾਜੀ, ਫਿਰ ਕੀ ਕਰੂਗਾ ਕਾਜੀ ਦੀ ਕਹਾਵਤ ਉਦੋਂ ਸੱਚ ਸਾਬਿਤ ਹੋ ਗਈ, ਜਦੋਂ ਵਿਆਹ ਤੋਂ ਦੋ ਦਿਨ ਪਹਿਲਾਂ ਪੁਲਿਸ ਮੁਲਾਜ਼ਮ ਲਾੜੀ ਘਰੋਂ ਫਰਾਰ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਲਾੜੀ ਕਿਸੇ ਹੋਰ ਨਾਲ ਨਹੀ, ਬਲਕਿ ਆਪਣੇ ਹੋਣ ਵਾਲੇ ਪਤੀ ਨਾਲ ਹੀ ਸ਼ੱਕੀ ਹਾਲਤਾਂ ਵਿੱਚ ਫਰਾਰ ਹੋਈ ਹੈ। ਜਿਵੇਂ ਹੀ ਲਾੜੀ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਲਾੜੇ ਦੇ ਘਰ ਜਾ ਕੇ ਧਾਵਾ ਬੋਲ ਦਿੱਤਾ। ਇਹ ਬੜਾ ਹੀ ਰੌਚਕ ਘਟਨਾਕ੍ਰਮ ਕਿਤੇ ਹੋਰ ਨਹੀਂ, ਬਲਕਿ ਬਰਨਾਲਾ ਜਿਲ੍ਹੇ ਅੰਦਰ ਹੀ ਵਾਪਰਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੀ ਇੱਕ ਪ੍ਰਸਿੱਧ ਸਮਾਜ ਸੇਵੀ ਸੰਸਥਾ ਦੇ ਖਜਾਨਚੀ ਅਤੇ ਕੈਰੇ ਪਿੰਡ ਦੇ ਰਹਿਣ ਵਾਲੇ ਸਮਾਜ ਸੇਵੀ ਦਾ ਕਲਾਲਾ ਪਿੰਡ ਦੀ ਵਾਸੀ ਪੁਲਿਸ ਮੁਲਾਜ਼ਮ ਲੜਕੀ ਨਾਲ ਪਿਆਰ ਚੱਲ ਰਿਹਾ ਸੀ । ਆਖਿਰ ਦੋਵਾਂ ਦੇ ਪਰਿਵਾਰਾਂ ਵਿੱਚ ਵਿਆਹ ਦੀ ਸਹਿਮਤੀ ਬਣ ਗਈ ਤੇ 24 ਨਵੰਬਰ ਨੂੰ ਵਿਆਹ ਦਾ ਦਿਨ ਤਹਿ ਕਰ ਲਿਆ ਗਿਆ। ਗੱਲ ਇੱਥੇ ਹੀ ਬੱਸ ਨਹੀਂ ਦੋਵਾਂ ਪਰਿਵਾਰਾਂ ਨੇ ਵਿਆਹ ਦੇ ਕਾਰਡ ਵੀ ਛਪਵਾ ਕੇ ਵੰਡ ਦਿੱਤੇ। ਦੋਵੇਂ ਹੀ ਪਰਿਵਾਰਾਂ ਨੇ ਵਿਆਹ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਰੱਖੀਆਂ ਸਨ। ਹਲਵਾਈਆਂ ਨੇ ਕੜਾਹੀਆਂ ਚੜਾਈਆਂ ਹੋਈਆਂ ਸੀ। ਲੜਕੇ ਵਾਲਿਆਂ ਨੇ ਬੈਂਡ ਵਾਜੇ ਤੇ ਕਾਰਾਂ ਬੁੱਕ ਕੀਤੀਆਂ ਹੋਈਆਂ ਸੀ। ਪਤਾ ਨਹੀਂ ਕਿਸ ਗੱਲ ਤੋਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਨੂੰ ਨਾਂਹ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ। ਪਰੰਤੂ ਇਹ ਨਾਂਹ ਨੁੱਕਰ ਦੋਵਾਂ ਜੀਆਂ ਦੇ ਪਿਆਰ ‘ਚ ਰੋੜਾ ਨਹੀਂ ਬਣ ਸਕੀ।
ਆਖਿਰ ਦੋਵਾਂ ਨੇ ਘਰੋਂ ਭੱਜ ਜਾਣ ਦਾ ਨਿਰਣਾ ਕਰ ਲਿਆ ਤੇ ਪੁਲਿਸ ਮੁਲਾਜ਼ਮ ਲਾੜੀ ਪਰਿਵਾਰਕ ਬੰਦਸਾਂ ਨੂੰ ਠੁਕਰਾਉਂਦੀ ਹੋਈ ਡਿਊਟੀ ਤੋਂ ਲੰਬੀ ਛੁੱਟੀ ਲੈ ਕੇ ਆਪਣੇ ਪਤੀ ਨਾਲ ਚਲੀ ਗਈ । ਜਦੋ ਲੜਕੀ ਬਾਰੇ ਲੜਕੇ ਨਾਲ ਚਲੀ ਜਾਣ ਦੀ ਭਿਣਕ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਲੱਗੀ ਤਾਂ ਉਨ੍ਹਾਂ ਐਤਵਾਰ ਦੀ ਰਾਤ ਨੂੰ ਲੜਕੇ ਦੇ ਘਰ ਜਾ ਕੇ ਧਾਵਾ ਬੋਲ ਦਿੱਤਾ। ਉਦੋਂ ਬੇਸ਼ੱਕ ਲੜਕੀ ਅਤੇ ਲੜਕਾ ਤਾਂ ਘਰ ਨਹੀਂ ਮਿਲੇ, ਪਰੰਤੂ ਭੜ੍ਹਕੇ ਲੜਕੀ ਵਾਲਿਆਂ ਦੇ ਗੁੱਸੇ ਦਾ ਸੇਕ ਲੜਕੇ ਦੇ ਭਰਾ ਅਤੇ ਪਿਉ ਨੂੰ ਝੱਲਣਾ ਪਿਆ।
ਲੜਾਈ ਦੌਰਾਨ ਜਖਮੀ ਹੋਏ ਦੋਵੇਂ ਜਣੇ,ਸਿਵਲ ਹਸਪਤਾਲ ਪਹੁੰਚ ਗਏ। ਪੁਲਿਸ ਸੂਤਰਾਂ ਮੁਤਾਬਿਕ ਪੁਲਿਸ ਮੁਲਾਜ਼ਮ ਲਾੜੀ ਪਹਿਲਾਂ ਹੀ ਥਾਣੇ ‘ਚੋਂ ਲੰਬੀ ਛੁੱਟੀ ਲੈ ਕੇ ਗਈ ਹੈ। ਇਲਾਕੇ ਅੰਦਰ ਇਸ ਅਜੀਬ ਘਟਨਾ ਦੀ ਚਰਚਾ ਜੋਰਾਂ ਤੇ ਹੈ।