ਵਾਹ ਭਾਈ ਜੀ ਵਾਹ ! ਪਤੀ ਨਾਲ ਕਰਵਾਉਣਾ ਪਿਆ ਭੱਜ ਕੇ ਵਿਆਹ
ਹਰਿੰਦਰ ਨਿੱਕਾ ਬਰਨਾਲਾ 24 ਨਵੰਬਰ 2020
ਅੱਜ ਦਿਨ ਹੈ, ਮੇਰੇ,,,ਵਿਆਹ ਦਾ,ਮੇਰੇ ਮਾਪਿਆਂ ਦੇ ਰਹਿ ਗਏ, ਵਿੱਚ ਚਾਅ ਅੜਿਆ, ਕਿਤੇ ਚੱਲ ਕੇ ਤਾਂ ਤੇਲ ਚੁਆ ਅੜਿਆ,,ਪ੍ਰੁਸਿੱਧ ਪੰਜਾਬੀ ਲੋਕ ਗਾਇਕ ਸਵਰਗੀ ਕੁਲਦੀਪ ਮਾਣਕ ਦੁਆਰਾ ਲੰਬਾ ਅਰਸਾ ਪਹਿਲਾਂ ਗਾਈ ,,ਸਹਿਬਾਂ-ਮਿਰਜੇ ,, ਦੀ ਇਹ ਕਲੀ ,,ਜਿਹਾ ਖਿਆਲ ਆਪਣੇ ਮਾਪਿਆਂ ਦੀ ਮਰਜੀ ਤੋਂ ਬਿਨਾਂ ਵਿਆਹ ਕਰਵਾਉਣ ਲਈ ਆਪਣੇ ਹੋਣ ਵਾਲੇ ਪਤੀ ਨਾਲ ਚਲੀ ਗਈ ਕਾਂਸਟੇਬਲ ਸੁਖਦੀਪ ਕੌਰ ਦੇ ਮਨ ਵਿੱਚ ਵੀ ਜਰੂਰ ਆਉਂਦਾ ਹੋਣਾ। ਮਾਣਕ ਦੀ ਕਲੀ ਦੇ ਖਿਆਲ ਵਾਂਗ ,,ਸੁਖਦੀਪ ਵੀ ਸੋਚਦੀ ਹੋਣੀ ਐ ਕਿ , ਅੱਜ ਸੌ-ਸੌ ਸੀ ਮੈਂ ਕਰਨੇ ਨੱਖਰੇ,ਹੱਥੀਂ ਰੰਗਲਾ ਵੇ ਚੂੜਾ ਪਾ,,ਘੁੰਢ ਚੱਕਦਾ ਜਾ ਮੁੱਖੜੇ ਤੋਂ ਲਾੜਾ ਵੇ, ਲੈਂਦਾ ਚੰਦ ਵੀ ਨੀਵੀਆਂ ਪਾ,,ਅੱਜ ਬੈਠੀ ਆਂ ਤੇਰੇ ਕੋਲ ,ਵਾਂਗ ਚੋਰਾਂ ਦੇ,ਮੇਰਾ ਧੱਕ ਧੱਕ ਕਰਦਾ ਏ ਸਾਹ,,ਅੱਜ ਦਿਨ ਹੈ, ਮੇਰੇ,,,ਵਿਆਹ ਦਾ, ਕਿਤੇ ਚੱਲ ਕੇ ਤਾਂ ਤੇਲ ਚੁਆ । ਅੱਜ ਦਿਨ ਸੀ ,ਉਹ ਦੇ ਵਿਆਹ ਦਾ, ਯਾਨੀ 24 ਨਵੰਬਰ ਨੂੰ ਸੁਖਦੀਪ ਕੌਰ ਅਤੇ ਪਰਮਿੰਦਰ ਸਿੰਘ ਦੇ ਆਨੰਦ ਕਾਰਜ ਦਾ ਦਿਨ ਨਿਸਚਿਤ ਹੋਇਆ ਸੀ।
ਪਰੰਤੂ 22 ਨਵੰਬਰ ਦੀ ਰਾਤ ਨੂੰ ਅਜਿਹਾ ਕੀ ਹੋਇਆ ਕਿ ਕਾਂਸਟੇਬਲ ਸੁਖਦੀਪ ਕੌਰ ਦਾ ਭਰਾ ਗੁਰਤੇਜ ਸਿੰਘ ਅਤੇ ਪਿਉ ਦਰਬਾਰਾ ਸਿੰਘ ਉਰਫ ਕਾਕਾ ਨਿਵਾਸੀ ਪਿੰਡ ਕਲਾਲਾ , ਗੁੱਸੇ ਵਿੱਚ ਭਰੇ ਪੀਤੇ , ਆਪਣੀ ਕੁੜੀ ਦੇ ਹੋਣ ਵਾਲੇ ਸਹੁਰੇ ਪਰਿਵਾਰ ਯਾਨੀ ਪਰਮਿੰਦਰ ਸਿੰਘ ਦੇ ਘਰ ਪਿੰਡ ਕੈਰੇ ਆ ਪਹੁੰਚੇ। ਦੋਵਾਂ ਦੇ ਹੱਥਾਂ ਵਿੱਚ ਮਿਲਣੀ ਵਾਲੇ ਕੰਬਲਾਂ ਦੀ ਥਾਂ ਸੋਟੀਆਂ ਫੜ੍ਹੀਆਂ ਹੋਈਆਂ ਸਨ। ਜਿੰਨਾਂ ਨੇ ਘੇਰ ਕੇ ਗਲੀ ਵਿੱਚ ਖੜ੍ਹੇ ਪਰਮਿੰਦਰ ਸਿੰਘ ਦੇ ਭਰਾ ਹਰਜੀਤ ਸਿੰਘ ਪੁੱਤਰ ਹਾਕਮ ਸਿੰਘ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਖਮੀ ਹਾਲਤ ਵਿੱਚ ਹਰਜੀਤ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਪੁਲਿਸ ਨੂੰ ਦਿੱਤੇ ਉਕਤ ਬਿਆਨ ‘ਚ ਹਰਜੀਤ ਸਿੰਘ ਨੇ ਵਜ੍ਹਾ ਰੰਜਿਸ ਦੱਸਦਿਆਂ ਕਿਹਾ ਕਿ ਦਰਬਾਰਾ ਸਿੰਘ ਦੀ ਕੁੜੀ ਸੁਖਦੀਪ ਕੌਰ , ਮੇਰੇ ਭਰਾ ਪਰਮਿੰਦਰ ਸਿੰਘ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀੇ। ਪਰੰਤੂ ਸੁਖਦੀਪ ਕੌਰ ਦਾ ਭਰਾ ਵਿਆਹ ਲਈ ਮਨੋਂ ਸਹਿਮਤ ਨਹੀਂ ਸੀ। ਜਿਸ ਕਾਰਣ ਸੁਖਦੀਪ ਕੌਰ ਦੇ ਪਿਉ ਅਤੇ ਭਰਾ ਨੇ ਉਸਦੀ ਮਾਰਕੁੱਟ ਕੀਤੀ ਹੈ । ਮਾਮਲੇ ਦੀ ਤਫਤੀਸ਼ ਅਧਿਕਾਰੀ ਕਿਰਨਜੀਤ ਕੌਰ ਨੇ ਦੱਸਿਆ ਕਿ ਹਸਪਤਾਲ ‘ਚ ਭਰਤੀ ਹਰਜੀਤ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਸੁਖਦੀਪ ਕੌਰ ਦੇ ਭਰਾ ਗੁਰਤੇਜ ਸਿੰਘ ਅਤੇ ਪਿਉ ਦਰਬਾਰਾ ਸਿੰਘ ਉਰਡ ਕਾਕਾ ਦੇ ਖਿਲਾਫ ਅਧੀਨ ਜੁਰਮ 323/341/34 IPC ਦੇ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-22 ਨਵੰਬਰ ਤੋਂ 21 ਦਸੰਬਰ ਤੱਕ ਸੁਖਦੀਪ ਨੇ ਲਈ ਵਿਆਹ ਦੀ ਛੁੱਟੀ-ਐਸ.ਐਚ.ਉ.
ਥਾਣਾ ਮਹਿਲ ਕਲਾਂ ਦੀ ਐਸ.ਐਚ.ਉ. ਜਸਵਿੰਦਰ ਕੌਰ ਨੇ ਪੁੱਛਣ ਤੇ ਦੱਸਿਆ ਕਿ ਜੈਂਕੀ ਤੇ ਤਾਇਨਾਤ ਕਾਂਸਟੇਬਲ ਸੁਖਦੀਪ ਕੌਰ ਨੇ 22 ਨਵੰਬਰ ਤੋਂ 21 ਦਸੰਬਰ ਤੱਕ ਆਪਣੇ ਵਿਆਹ ਦੀ ਛੁੱਟੀ ਲਈ ਹੋਈ ਹੈ। 22 ਨਵੰਬਰ ਦੀ ਥਾਣੇ ‘ਚੋਂ ਰਵਾਨਗੀ ਤੋਂ ਬਾਅਦ ਸੁਖਦੀਪ ਕੌਰ ਕਿੱਥੇ ਚਲੀ ਗਈ, ਇਸ ਬਾਰੇ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉੱਧਰ ਐਸ.ਐਸ.ਪੀ. ਦਫਤਰ ਦੇ ਸੂਤਰਾਂ ਅਨੁਸਾਰ ਕਾਂਸਟੇਬਲ ਸੁਖਦੀਪ ਕੌਰ ਨੇ ਆਪਣੇ ਵਿਆਹ ਸਬੰਧੀ ਦੋਵਾਂ ਪਾਸਿਆਂ ਦੇ ਵਿਆਹ ਦੇ ਕਾਰਡ ਲਾ ਕੇ ਹੀ ਛੁੱਟੀ ਮੰਗੀ ਸੀ, ਛੁੱਟੀ ਲੈਣਾ, ਉਸਦਾ ਹੱਕ ਸੀ। ਇਸ ਵਿੱਚ ਕੁੱਝ ਵੀ ਗਲਤ ਨਹੀਂ, ਜੇ ਵਿਆਹ ਸਬੰਧੀ ਹੁਣ ਦੋਵਾਂ ਪਰਿਵਾਰਾਂ ਵਿੱਚ ਕੋਈ ਝਗੜਾ ਹੋ ਗਿਆ, ਇਸ ਨਾਲ ਮਹਿਕਮੇ ਦਾ ਕੋਈ ਸਬੰਧ ਨਹੀਂ ਹੈ।