ਯਮੁਨਾਨਗਰ ਦੇ ਡੀ.ਸੀ. ਨੇ ਜਾਣਕਾਰੀ ਦੇਣ ਲਈ ਡੀ.ਸੀ. ਬਰਨਾਲਾ ਨੂੰ ਭੇਜਿਆ ਪੱਤਰ
ਕਿਹਾ , ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲਿਆ ਫੈਸਲਾ
ਹਰਿੰਦਰ ਨਿੱਕਾ ਬਰਨਾਲਾ, 19 ਨਵੰਬਰ 2020
ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ ਦਾ ਗ੍ਰਹਿਣ ਹਰ ਸਾਲ ਲੱਗਣ ਵਾਲੇ ਸ੍ਰੀ ਕਪਾਲ ਮੋਚਨ ਮੇਲੇ ਨੂੰ ਵੀ ਲੱਗ ਗਿਆ ਹੈ। ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਯਮੁਨਾਨਗਰ ਜਿਲ੍ਹਾ ਪ੍ਰਸ਼ਾਸ਼ਨ ਨੇ ਮੇਲਾ ਨਾ ਲੱਗਣ ਸਬੰਧੀ ਸੂਚਨਾ ਬਰਨਾਲਾ ਜਿਲ੍ਹਾ ਪ੍ਰਸ਼ਾਸ਼ਨ ਨੂੰ ਵੀ ਲਿਖਤੀ ਪੱਤਰ ਰਾਹੀਂ ਭੇਜੀ ਹੈ। ਇਸ ਦੀ ਪੁਸ਼ਟੀ ਡੀ.ਸੀ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰਕੇ ਦਰ ਦਿੱਤੀ ਹੈ । ਡੀ.ਸੀ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਹਰ ਸਾਲ ਬਿਲਾਸਪੁਰ (ਯਮੁਨਾਨਗਰ) ਵਿਖੇ ਲੱਗਣ ਵਾਲਾ ਸ੍ਰੀ ਕਪਾਲ ਮੋਚਨ-ਸ੍ਰੀ ਆਦਿਬਦ੍ਰੀ ਮੇਲਾ ਇਸ ਵਾਰ ਨਹੀਂ ਲੱਗੇਗਾ। ਇਸ ਸਬੰਧੀ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਯਮੁਨਾਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫੈਸਲਾ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਲਿਆ ਹੈ।
ਉਨ੍ਹਾਂ ਦੱਸਿਆ ਕਿ ਹਰ ਸਾਲ ਕੱਤਕ ਦੀ ਮੱਸਿਆ ਨੂੰ ਲਗਾਏ ਜਾਂਦੇ ਇਸ ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਿਲ ਹੁੰਦੇ ਹਨ, ਜੋ ਇਸ ਵਾਰ ਸੰਭਵ ਨਹੀਂ ਹੋ ਸਕੇਗਾ। ਸ੍ਰੀ ਫੂਲਕਾ ਨੇ ਜ਼ਿਲ੍ਹਾ ਬਰਨਾਲਾ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਇਸ ਸਾਲ ਮੇਲੇ ਲਈ ਨਾ ਜਾਣ, ਕਿਉਂਕਿ ਇਹ ਮੇਲਾ ਇਸ ਵਾਰ ਨਹੀਂ ਲੱਗ ਰਿਹਾ।