ਤਫਤੀਸ਼ ਅਧਿਕਾਰੀ ਨੇ ਬੇਗੁਨਾਹੀ ਦੀ ਅਰਜੀ ਦੇਣ ਲਈ ਕਹਿ ਕੇ ਛੁਡਾਇਆ ਪੱਲਾ
ਹਰਿੰਦਰ ਨਿੱਕਾ ਬਰਨਾਲਾ 19 ਨਵੰਬਰ 2020
ਥਾਣਾ ਸਿਟੀ 1 ‘ਚ ਵੀਰਵਾਰ ਦੁਪਿਹਰ ਕਰੀਬ ਸਾਢੇ 12 ਵਜੇ ਉਸ ਸਮੇਂ ਹੰਗਾਮਾਂ ਖੜ੍ਹਾ ਹੋ ਗਿਆ, ਜਦੋਂ ਜੂਏ ਦੇ ਕੇਸ ਵਿੱਚ ਝੂਠਾ ਨਾਮ ਦਰਜ਼ ਕਰਨ ਤੋਂ ਭੜ੍ਹਕਿਆ ਇੱਕ ਵਿਅਕਤੀ ਰੋਸ ਵਜੋਂ ਆਪਣੀ ਪਤਨੀ ਅਤੇ ਛੋਟੇ ਬੱਚੇ ਸਮੇਤ ਆਤਮਦਾਹ ਕਰਨ ਲਈ ਪਹੁੰਚ ਗਿਆ। ਜਿਉਂ ਹੀ ਭੜ੍ਹਕੇ ਵਿਅਕਤੀ ਨੇ ਆਤਮਦਾਹ ਲਈ ਆਪਣੇ ਤੇ ਤੇਲ ਛਿੜਕਿਆਂ ਤਾਂ ਮੌਕੇ ਤੇ ਮੌਜੂਦ ਪੁਲਿਸ ਕਰਮਚਾਰੀਆਂ ਅਤੇ ਹੋਰ ਲੋਕਾਂ ਨੇ ਅੱਗ ਲਾਉਣ ਤੋਂ ਪਹਿਲਾਂ ਹੀ ਉਸ ਨੂੰ ਫੜ੍ਹ ਕੇ ਆਤਮਦਾਹ ਕਰਨ ਤੋਂ ਰੋਕ ਲਿਆ। ਆਤਮਦਾਹ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਇੱਕੋ ਹੀ ਗੱਲ ਵਾਰ ਵਾਰ ਕਹਿੰਦਾ ਰਿਹਾ ਕਿ ਪੁਲਿਸ ਨੇ ਉਸ ਦੇ ਖਿਲਾਫ ਜੂਆ ਖੇਡਣ ਦਾ ਕੇਸ ਦਰਜ਼ ਕਰਕੇ, ਉਸ ਦੀ ਬਦਨਾਮੀ ਕਰ ਦਿੱਤੀ। ਉਹ ਕਹਿੰਦਾ ਰਿਹਾ ਕਿ ਮੈਂ ਸਰਕਾਰੀ ਕਰਮਚਾਰੀ ਹਾਂ ਅਤੇ ਕਦੇ ਵੀ ਜੂਆ ਨਹੀਂ ਖੇਡਿਆ । ਉਸ ਨੇ ਪੁਲਿਸ ਅਧਿਕਾਰੀ ਖਿਲਾਫ ਉਸ ਦੇ ਖਿਲਾਫ ਝੂਠਾ ਕੇਸ ਦਰਜ਼ ਕਰਨ ਦੇ ਦੋਸ਼ ਸ਼ਰੇਆਮ ਥਾਣੇ ਵਿਖੇ ਹੀ ਲਾਏ। ਉਨਾਂ ਕਿਹਾ ਕਿ ਜਿਨ੍ਹਾਂ ਦੋ ਹੋਰ ਵਿਅਕਤੀਆਂ ਨਾਲ ਉਸਦਾ ਨਾਮ ਦੋਸ਼ੀ ਵਜੋਂ ਐਫ.ਆਈ.ਆਰ ਵਿੱਚ ਦਰਜ ਕੀਤਾ ਗਿਆ ਹੈ, ਉਹ ਉਨਾਂ ਨੂੰ ਜਾਣਦਾ ਤੱਕ ਵੀ ਨਹੀਂ । ਉਹ ਬਿਲਕੁਲ ਬੇਗੁਨਾਹ ਹੈ, ਪੁਲਿਸ ਅਧਿਕਾਰੀ ਨੇ ਉਸ ਨੂੰ ਜੂਏ ਦੇ ਕੇਸ ਵਿੱਚ ਸ਼ਾਮਿਲ ਕਰਕੇ, ਉਸ ਦੀ ਸਮਾਜ ਵਿੱਚ ਬਦਨਾਮੀ ਕੀਤੀ ਹੈ। ਉਨਾਂ ਕਿਹਾ ਕਿ ਪੁਲਿਸ ਨੇ ਦੁਸ਼ਹਿਰਾ ਗਰਾਉਂਡ ਨੇੜੇ ਜਿਸ ਕਰਿਆਣੇ ਦੀ ਦੁਕਾਨ ਵਿੱਚ ਤਾਸ਼ ਰਾਹੀਂ ਉਸ ਦੇ ਜੂਆ ਖੇਡਣ ਦੀ ਕਹਾਣੀ ਘੜੀ ਗਈ ਹੈ, ਉਹ ਬਿਲਕੁਲ ਝੂਠ ਹੈ। ਮੇਰਾ ਜੂਆ ਖੇਡਣ ਦੀ ਘਟਨਾ ਨਾਲ ਕੋਈ ਸਬੰਧ ਹੀ ਨਹੀਂ। ਥਾਣੇ ਵਿੱਚ ਆਤਮਦਾਹ ਦੀ ਕੋਸ਼ਿਸ਼ ਦੀ ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਐਸਐਚਉ ਲਖਵਿੰਦਰ ਸਿੰਘ ਵੀ ਮੌਕੇ ਤੇ ਪਹੁੰਚ ਗਿਆ ਅਤੇ ਭੜ੍ਹਕੇ ਹੋਏ ਵਿਅਕਤੀ ਨੂੰ ਸਮਝਾਕੇ ਅਤੇ ਉਸ ਨੂੰ ਇਨਸਾਫ ਦੇਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਘਟਨਾ ਸਬੰਧੀ ਪੁੱਛਣ ਤੇ ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਜਗਸੀਰ ਸਿੰਘ ਨੇ ਥਾਣੇ ਅੰਦਰ ਹੋਏ ਘਟਨਾਕ੍ਰਮ ਦੀ ਪੁਸ਼ਟੀ ਕੀਤੀ। ਉਨਾਂ ਕਿਹਾ ਕਿ ਜੂਏ ਦਾ ਕੇਸ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਦਰਜ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਰੋਸ ਪ੍ਰਗਟ ਕਰ ਰਹੇ ਵਿਅਕਤੀ ਨੂੰ ਸਮਝਾਇਆ ਗਿਆ ਹੈ ਕਿ ਉਹ ਆਲ੍ਹਾ ਪੁਲਿਸ ਅਧਿਕਾਰੀਆਂ ਨੂੰ ਆਪਣੀ ਬੇਗੁਨਾਹੀ ਦੀ ਦੁਰਖਾਸਤ ਪੇਸ਼ ਕਰ ਸਕਦਾ ਹੈ। ਜੇਕਰ ਉਹ ਬੇਕਸੂਰ ਨਿੱਕਲਿਆ ਤਾਂ ਉਸ ਨੂੰ ਬੇਗੁਨਾਹ ਕਰਾਰ ਦੇ ਕੇ ਕੇਸ ਤੋਂ ਬਾਹਰ ਕੱਢ ਦਿੱਤਾ ਜਾਵੇਗਾ।