ਆਈ.ਟੀ.ਆਈ.ਚੌਂਕ ਤੋਂ ਟੀ ਪੁਆਇੰਟ ਤੱਕ ਲਗਾਏ ਜਾ ਰਹੇ ਹਨ ਪੌਦੇ, ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਪੌਦਾ ਲਗਾ ਕੇ ਕੀਤੀ ਗਈ ਰਸਮੀ ਸ਼ੁਰੂਆਤ
ਹਰਿੰਦਰ ਨਿੱਕਾ ਬਰਨਾਲਾ, 20 ਨਵੰਬਰ 2020
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਨੂੰ ਹਰਾ ਭਰਾ ਬਣਾਉਣ ਲਈ ਲਗਾਤਾਰ ਪੌਦੇ ਲਗਾਉਣ ਦਾ ਸਿਲਸਿਲਾ ਜਾਰੀ ਹੈ। ਇਸ ਲੜੀ ਤਹਿਤ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਆਈ.ਟੀ.ਆਈ.ਚੌਂਕ ਤੋਂ ਲੈ ਕੇ ਟੀ ਪੁਆਇੰਟ ਤੱਕ ਪੌਦੇ ਲਗਾਉਣ ਦੀ ਰਸਮੀ ਸ਼ੁਰੂਆਤ ਕੀਤੀ।
ਇਸ ਮੌਕੇ ਬੋਲਦਿਆਂ ਉਹਨਾਂ ਨੇ ਕਿਹਾ ਕੀ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਅਤੇ ਚੰਗੇ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਬਰਨਾਲਾ ਚ ਵੱਖ- ਵੱਖ ਥਾਵਾਂ ਉੱਤੇ ਪੌਦੇ ਲਗਾਏ ਜਾ ਰਹੇ ਹਨ । ਆਈ.ਟੀ.ਆਈ.ਚੌਂਕ ਤੋਂ ਟੀ ਪੁਆਇੰਟ ਤੱਕ ਦੀ ਸੜਕ ਦੇ ਦੋਨੋਂ ਪਾਸੇ ਕਰੀਬ 270 ਪੌਦੇ 3 ਕਿਲੋ ਮੀਟਰ ਦੇ ਇਲਾਕੇ ਚ ਲਗਾਏ ਜਾਣੇ ਹਨ। ਇਹਨਾਂ ਪੌਦਿਆਂ ਚ ਗੁਲਮੋਹਰ, ਜਕਰਾਂਦਾ, ਚਕਰੇਸ਼ੀਆ, ਅਮਤਲਾਸ, ਡੇਕ, ਤੂਤ, ਜਾਮੁਣ ਆਦਿ ਸ਼ਾਮਲ ਹਨ।
ਸਹਾਇਕ ਕਮਿਸ਼ਨਰ ਸ਼੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕੀ ਪੌਦੇ ਲਗਾਉਣ ਦਾ ਕੰਮ ਇਕ ਹਫਤੇ ਦੇ ਅੰਦਰ-ਅੰਦਰ ਪੂਰਾ ਕਰ ਦਿੱਤਾ ਜਾਵੇਗਾ। ਸਾਰੇ ਪੌਦਿਆਂ ਦੇ ਆਸ-ਪਾਸ ਟ੍ਰੀ ਗਾਰਡ ਲਗਾਏ ਜਾਣਗੇ ਤਾਂ ਜੋ ਇਹਨਾਂ ਨੂੰ ਬਚਾਇਆ ਜਾ ਸਕੇ।
ਉਹਨਾਂ ਕਿਹਾ ਕੀ ਪੌਦੇ ਲਗਾਉਣ ਤੋਂ ਬਾਅਦ ਜੰਗਲਾਤ ਵਿਭਾਗ ਵੱਲੋਂ ਇਹਨਾਂ ਦੇ ਸਾਂਭ ਸੰਭਾਲ ਕੀਤੀ ਜਾਵੇਗੀ। ਡਿਵੀਜ਼ਨਲ ਜੰਗਲਾਤ ਅਫਸਰ ਸ਼੍ਰੀ ਗੁਰਮੇਲ ਸਿੰਘ ਨੇ ਦੱਸਿਆ ਕੀ ਪੌਦੇ ਲਗਾਉਣ ਦਾ ਕੰਮ ਇਕ ਹਫਤੇ ਦੇ ਅੰਦਰ-ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਨਾਲਾ ਸ਼ਹਿਰ ਵਿੱਚ ਇਸ ਤਰ੍ਹਾਂ ਵੱਖ-ਵੱਖ ਸੜਕਾਂ ਕਿਨਾਰੇ ਪੌਦੇ ਲਗਾਏ ਜਾ ਰਹੇ ਹਨ। ਇਸੇ ਤਰਜ਼ ਉੱਤੇ ਮੋਗਾ ਬਾਈਪਾਸ ਨੇੜੇ ਖਾਲੀ ਪਈ ਜ਼ਮੀਨ ਉੱਤੇ ਵੀ ਮਿੰਨੀ ਫਾਰੈਸਟ ਲਗਾਇਆ ਗਿਆ ਹੈ।