ਅਜੀਤ ਸਿੰਘ ਕਲਸੀ ਬਰਨਾਲਾ,19 ਨਵੰਬਰ 2020
ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਤ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਲਗਾਤਾਰ ਉਪਰਾਲੇ ਕਰਨ ਦੇ ਨਾਲ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਭਾਸ਼ਾ ਅੰਗਰੇਜ਼ੀ ‘ਚ ਨਿਪੁੰਨ ਬਣਾਉਣ ਲਈ ਵੀ ਵਿਲੱਖਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਵਿੱਚ ਆਉਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਅਤੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਬੋਲਣ ਵਿੱਚ ਆ ਰਹੀ ਝਿਜਕ ਦੂਰ ਕਰਨ ਲਈ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ‘ਇੰਗਲਿਸ਼ ਬੂਸਟਰ ਕਲੱਬਾਂ’ ਦੀ ਸ਼ੁਰੂਆਤ ਕੀਤੀ ਗਈ ਹੈ।ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਤੇ ਸਾਰੇ ਵਿਸ਼ਿਆਂ ਦੇ ਅਧਿਆਪਕ ਇਹਨਾਂ ਕਲੱਬਾਂ ਦੇ ਮੈਂਬਰ ਬਣ ਰਹੇ ਹਨ।ਵਿਭਾਗ ਵੱਲੋਂ ਬੂਸਟਰ ਕਲੱਬ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਇੰਗਲਿਸ਼ ਬੂਸਟਰ ਕਲੱਬਾਂ ਦੇ ਮੈਂਬਰ ਅਧਿਆਪਕਾਂ ਦੀਆਂ ਆਨ-ਲਾਈਨ ਮਿਲਣੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜਿਲ੍ਹਾ ਸਿੱਖਿਆ ਅਫਸਰ (ਸੈ.) ਸ੍ਰ ਸਰਬਜੀਤ ਸਿੰਘ ਤੂਰ,ਉਪ ਜਿਲ੍ਹਾ ਸਿੱਖਿਆ ਅਫ਼ਸਰ(ਸੈ) ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ 24 ਨਵੰਬਰ ਤੱਕ ਅੰਗਰੇਜ਼ੀ ਬੂਸਟਰ ਕਲੱਬਾਂ ਦੇ ਮੈਂਬਰ ਅਧਿਆਪਕ ਅੰਗਰੇਜ਼ੀ ਬੋਲਣ ਵਿੱਚ ਝਿਜਕ ਨੂੰ ਦੂਰ ਕਰਨ ਲਈ ਅਤੇ ਅੰਗਰੇਜ਼ੀ ਬੋਲਣ ਦੀ ਮੁਹਾਰਤ ਪ੍ਰਾਪਤ ਕਰਨ ਲਈ ਜ਼ੂਮ ਐਪ ਰਾਹੀਂ ਆਨ-ਲਾਈਨ ਮਿਲਣੀਆਂ ਕਰਨਗੇ। ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਸ੍ਰ ਅਮਨਿੰੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਮਿਲਣੀਆਂ ਵਿੱਚ ਸਰਕਾਰੀ ਸਕੂਲਾਂ ਦੇ ਇੰਗਲਿਸ਼ ਬੂਸਟਰ ਕਲੱਬਾਂ ਦੇ 15 ਤੋਂ 20 ਮੈਂਬਰ ਅਧਿਆਪਕ, ਸਾਰੇ ਵਿਸ਼ਿਆਂ ਜਿਵੇਂ ਗਣਿਤ, ਸਾਇੰਸ, ਕੰਪਿਊਟਰ, ਪੰਜਾਬੀ, ਹਿੰਦੀ, ਸਰੀਰਕ ਸਿੱਖਿਆ ਦੇ ਜ਼ਿਲ੍ਹਾ ਮੈਂਟਰ ਅਤੇ ਜ਼ਿਲ੍ਹਿਆਂ ਦੇ ਮੀਡੀਆ ਕੋਆਰਡੀਨੇਟਰ ਭਾਗ ਲੈਣਗੇ।ਆਨ ਲਾਈਨ ਮੀਟਿੰਗ ਵਿੱਚ ਇੱਕ ਬੁਲਾਰੇ ਨੂੰ 45 ਸੈਕਿੰਡ ਤੋਂ 90 ਸੈਕਿੰਡ ਦਾ ਸਮਾਂ ਦਿੱਤਾ ਜਾਵੇਗਾ। ਵਿਭਾਗ ਦੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਇਹਨਾਂ ਮਿਲਣੀਆਂ ਵਿੱਚ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸਨਮਾਨ ਪੱਤਰ ਵੀ ਪ੍ਰਦਾਨ ਕੀਤੇ ਜਾਣਗੇ।