ਵਿਧਾਇਕ ਵੱਲੋਂ ਨਗਰ ਨਿਗਮ ਵੱਲੋਂ ਕੂੜੇ ਦੇ ਡੰਪ ਨੂੰ ਲੱਗੀ ਅੱਗ ਕਾਬੂ ਪਾਉਣ ਦੇ ਯਤਨਾਂ ਦੀ ਸ਼ਲਾਘਾ
ਕਿਹਾ, ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਤੇ ਉਹ ਖ਼ੁਦ ਪੂਰੀ ਤਰ੍ਹਾਂ ਚੌਕਸ, ਲੋਕਾਂ ਨੂੰ ਕੋਈ ਡਰ ਨਹੀਂ
ਪਟਿਆਲਾ ਵਾਸੀਆਂ ਨੂੰ ਜਲਦ ਮਿਲੇਗੀ ਡੰਪ ਤੋਂ ਪੱਕੇ ਤੌਰ ‘ਤੇ ਨਿਜਾਤ, ਸਰਕਾਰ ਦੀ ਤਜਵੀਜ਼
ਹਰਿੰਦਰ ਨਿੱਕਾ, ਪਟਿਆਲਾ 30 ਅਪ੍ਰੈਲ 2025
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਮੁੜ ਕੂੜੇ ਦੇ ਡੰਪ ਦਾ ਜਾਇਜ਼ਾ ਲਿਆ ਅਤੇ ਨਗਰ ਨਿਗਮ ਵੱਲੋਂ ਕੂੜੇ ਦੇ ਡੰਪ ਨੂੰ ਗਰਮੀ ਵਧਣ ਕਰਕੇ ਲੱਗੀ ਅੱਗ ਨੂੰ ਬੁਝਾਉਣ ਦੇ ਲਈ ਤੁਰੰਤ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਨਿਗਮ ਦੀ ਟੀਮ ਨੇ ਬਹੁਤ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾ ਲਿਆ ਹੈ ਅਤੇ ਸਾਰੀਆਂ ਟੀਮਾਂ ਨੇ ਨਿਰੰਤਰ 24 ਘੰਟੇ ਨਿਗਰਾਨੀ ਕੀਤੀ ਹੈ।

ਕੋਹਲੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਵੀਰ ਸਿੰਘ, ਨਿਗਮ ਦੀ ਹੈਲਥ ਤੇ ਸੈਨੀਟੇਸ਼ਨ ਬ੍ਰਾਂਚ ਸਮੇਤ ਫਾਇਰ ਬ੍ਰਿਗੇਡ ਵੱਲੋਂ ਕੂੜੇ ਦੇ ਡੰਪ ‘ਤੇ ਪੂਰੀ ਚੌਕਸੀ ਨਾਲ ਕੀਤੇ ਅੱਗ ਬੁਝਾਊ ਯਤਨਾਂ ਸਦਕਾ ਹੁਣ ਅੱਗ ਬਿਲਕੁਲ ਬੁੱਝ ਚੁੱਕੀ ਹੈ, ਇਸ ਲਈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਦੂਜੀ ਵਾਰ ਇਸ ਡੰਪ ਦਾ ਜਾਇਜ਼ਾ ਲੈ ਰਹੇ ਹਨ।
ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਨੇ ਪਿਛਲੀਆਂ ਸਰਕਾਰਾਂ ਵਿੱਚ ਸੱਤਾ ਦਾ ਸੁੱਖ ਮਾਨਣ ਵਾਲਿਆਂ ਅਤੇ ਹੁਣ ਸੜਕਾਂ ‘ਤੇ ਖੜ੍ਹਕੇ ਕੂੜੇ ਦੇ ਡੰਪ ਬਾਰੇ ਬਿਆਨਬਾਜੀ ਕਰਨ ਵਾਲਿਆਂ ਨੂੰ ਕੋਸਦਿਆਂ ਕਿਹਾ ਕਿ ਇਹ ਡੰਪ ਪੁਰਾਣੀਆਂ ਸਰਕਾਰਾਂ ਦੀ ਹੀ ਦੇਣ ਹਨ, ਇਸ ਲਈ ਇਨ੍ਹਾਂ ਬਾਰੇ ਹੁਣ ਰਾਜਨੀਤੀ ਕਰਨੀ ਉਨ੍ਹਾਂ ਨੂੂੰ ਸ਼ੋਭਾ ਨਹੀਂ ਦਿੰਦੀ।

ਵਿਧਾਇਕ ਅਜੀਤਪਾਲ ਸਿੰਘ ਨੇ ਕਿਹਾ ਕਿ ਨਗਰ ਨਿਗਮ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਬਹੁਤ ਵੱਡੀ ਤਜਵੀਜ ਤਿਆਰ ਕੀਤੀ ਹੈ ਅਤੇ ਬਹੁਤ ਜਲਦ ਪਟਿਆਲਾ ਵਾਸੀਆਂ ਨੂੰ ਇਸ ਡੰਪ ਤੋਂ ਪੱਕੇ ਤੌਰ ‘ਤੇ ਨਿਜਾਤ ਮਿਲ ਜਾਵੇਗੀ। ਇਸ ਮੌਕੇ ਨਗਰ ਨਿਗਮ ਦੇ ਫਾਇਰ ਅਫ਼ਸਰ ਰਾਜਿੰਦਰ ਕੌਸ਼ਲ ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਕੌਂਸਲਰ ਗੁਰਜੀਤ ਸਿੰਘ ਸਾਹਨੀ, ਤਰਨਜੀਤ ਸਿੰਘ ਕੋਹਲੀ, ਦਵਿੰਦਰਪਾਲ ਸਿੰਘ ਮਿੱਕੀ, ਨਰੇਸ਼ ਕੁਮਾਰ ਕਾਕਾ, ਵਿਕਰਮ ਸ਼ਰਮਾ, ਰਣਜੀਤ ਸਿੰਘ ਚੰਡੋਕ, ਪੁਨੀਤ ਬੁੱਧੀਰਾਜਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।