ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ 37 ਸਾਲ ਦੀ ਸੇਵਾ ਨਿਭਾਅ ਕੇ ਹੋਏ ਰਿਟਾਇਰ
ਬਲਵਿੰਦਰ ਪਾਲ, ਪਟਿਆਲਾ, 30 ਅਪ੍ਰੈਲ 2025
ਪਟਿਆਲਾ ਰੇਂਜ ਦੇ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੂੰ 37 ਸਾਲ 23 ਦਿਨ ਦੀ ਸ਼ਾਨਦਾਰ ਸੇਵਾ ਨਿਭਾਅ ਕੇ ਅੱਜ ਸੇਵਾ ਮੁਕਤ ਹੋਣ ਮੌਕੇ ਰੇਂਜ ਦੇ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀਜ ਡਾ. ਨਾਨਕ ਸਿੰਘ, ਸਰਤਾਜ ਸਿੰਘ ਚਹਿਲ, ਮੁਹੰਮਦ ਸਰਫ਼ਰਾਜ ਆਲਮ ਤੇ ਗਗਨ ਅਜੀਤ ਸਿੰਘ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਦੌਰਾਨ ਵੱਡੀ ਗਿਣਤੀ ਸੇਵਾ ਮੁਕਤ ਉੱਚ ਅਧਿਕਾਰੀਆਂ ਤੋਂ ਇਲਾਵਾ ਪਟਿਆਲਾ ਰੇਂਜ ਦੇ ਮੌਜੂਦਾ ਅਧਿਕਾਰੀ ਵੀ ਮੌਜੂਦ ਸਨ।

ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਆਪਣੀ ਸੇਵਾ ਦੀ ਸ਼ੁਰੂਆਤ ਤੋਂ ਲੈ ਕੇ ਸੇਵਾ ਮੁਕਤੀ ਤੱਕ ਦੇ ਸ਼ਾਨਦਾਰ ਸਫ਼ਰ ਦਾ ਜਿਕਰ ਕਰਦਿਆਂ ਭਾਵੁਕ ਤਕਰੀਰ ‘ਚ ਕਿਹਾ ਕਿ ਉਨ੍ਹਾਂ ਨੂੰ ਆਪਣੀ ਖਾਕੀ ਵਰਦੀ ‘ਤੇ ਤਾਂ ਮਾਣ ਹੈ ਹੀ ਬਲਕਿ ਉਨ੍ਹਾਂ ਵਿੱਚ ਦੌੜਦੇ ‘ਖਾਕੀ ਬਲੱਡ’ ‘ਤੇ ਵੀ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਸਧਾਰਨ ਪਰਿਵਾਰ ‘ਚੋਂ ਉਠਕੇ ਪੁਲਿਸ ਦੇ ਇਸ ਉਚ ਅਧਿਕਾਰੀ ਤੱਕ ਦਾ ਸਫ਼ਰ ਕੀਤਾ ਤੇ ਔਖੇ ਵੇਲੇ ਨੌਕਰੀ ਕਰਦਿਆਂ ਗੋਲੀਆਂ ਦਾ ਵੀ ਸਾਹਮਣਾ ਕੀਤਾ ਪਰ ਹਮੇਸ਼ ਬੁਲੰਦ ਹੌਂਸਲੇ ਨਾਲ ਹੀ ਲੋਕਾਂ ਵਿੱਚ ਵਿਚਰਦੇ ਹੋਏ ਟੀਮ ਵਰਕ ਨੂੰ ਪਹਿਲ ਦਿੱਤੀ।
ਸੇਵਾ ਮੁਕਤ ਹੋ ਰਹੇ ਡੀ.ਆਈ.ਜੀ ਸਿੱਧੂ ਨੇ ਮੌਜੂਦਾ ਅਧਿਕਾਰੀਆਂ ਨੂੰ ਨਸੀਹਤ ਦਿੱਤੀ ਕਿ ਉਹ ਜੇਕਰ ਆਮ ਲੋਕਾਂ ਦਾ ਦਰਦ ਮਹਿਸੂਸ ਕਰਨਗੇ ਤਾਂ ਸਾਡੀ ਸੇਵਾ ਕੀਤੀ ਸਫ਼ਲ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਸੁੱਤੇ ਹੁੰਦੇ ਹਨ ਤੇ ਪੁਲਿਸ ਜਾਗਦੀ ਹੁੰਦੀ ਹੈ ਤੇ ਲੋਕਾਂ ਦੀ ਸਭ ਤੋਂ ਵੱਧ ਸੁੱਖ ਉਸ ਇਲਾਕੇ ਦੀ ਪੁਲਿਸ ਮੰਗਦੀ ਹੈ।
ਇਸ ਮੌਕੇ ਪਟਿਆਲਾ ਦੇ ਐਸ.ਐਸ.ਪੀ. ਡਾ. ਨਾਨਕ ਸਿੰਘ, ਸੰਗਰੂਰ ਦੇ ਐਸ.ਐਸ.ਪੀ. ਸਰਤਾਜ ਸਿੰਘ ਚਹਿਲ, ਬਰਨਾਲ ਦੇ ਐਸ.ਐਸ.ਪੀ ਮੁਹੰਮਦ ਸਰਫ਼ਰਾਜ ਆਲਮ ਤੇ ਮਾਲੇਰਕੋਟਲਾ ਦੇ ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਡੀ.ਆਈ.ਜੀ. ਸਿੱਧੂ ਨਾਲ ਆਪਣੇ ਕੀਤੇ ਕੰਮਾਂ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੱਲਾਸ਼ੇਰੀ ਦਿੰਦੇ ਹੋਏ ਰਾਹ ਦਸੇਰਾ ਬਣੇ ਰਹੇ।
ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਸਾਬਕਾ ਏ.ਡੀ.ਜੀ.ਪੀ. ਗੁਰਿੰਦਰ ਸਿੰਘ ਢਿੱਲੋਂ, ਸਾਬਕਾ ਆਈਜੀ ਪਰਮਜੀਤ ਸਿੰਘ ਗਿੱਲ ਤੇ ਅਮਰ ਸਿੰਘ ਚਾਹਲ ਨੇ ਵੀ ਡੀ.ਆਈ.ਜੀ. ਸਿੱਧੂ ਦੀ ਪੇਸ਼ੇਵਾਰ ਕਾਬਲੀਅਤ ਤੇ ਇੱਕ ਜ਼ਹੀਨ ਅਫ਼ਸਰ ਵਜੋਂ ਨਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਪਟਿਆਲਾ ਰੇਂਜ ਦੇ ਸਮੂਹ ਐਸ.ਐਸ.ਪੀਜ ਤੇ ਡੀ.ਆਈ.ਜੀ ਦਫ਼ਤਰ ਵੱਲੋਂ ਮਨਦੀਪ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ ਅਤੇ ਪੂਰੀ ਸ਼ਾਨ-ਓ-ਸ਼ੌਕਤ ਨਾਲ ਸੇਵਾ ਮੁਕਤ ਹੋ ਰਹੇ ਆਪਣੇ ਡੀ.ਆਈ.ਜੀ. ਨੂੰ ਨਿੱਘੀ ਵਿਦਾਇਗੀ ਦਿੱਤੀ ਗਈ।
ਸਮਾਰੋਹ ਮੌਕੇ ਮਨਦੀਪ ਸਿੰਘ ਸਿੱਧੂ ਦੇ ਧਰਮ ਪਤਨੀ ਡਾ. ਸੁਖਮੀਨ ਸਿੱਧੂ, ਭਰਾ ਸਰਬੀਰ ਇੰਦਰ ਸਿੰਘ ਸਿੱਧੂ, ਬੇਟਾ ਅਮਿਤੇਸ਼ਵਰ ਸਿੰਘ ਸਿੱਧੂ ਸਮੇਤ ਐਸ.ਐਸ.ਪੀ ਵਿਜੀਲੈਂਸ ਬਿਉਰੋ ਰਾਜਪਾਲ ਸਿੰਘ, ਏ.ਆਈ.ਜੀ. ਜੋਨਲ ਸੀ.ਆਈ.ਡੀ. ਗੁਰਮੀਤ ਸਿੰਘ, ਐਸ.ਪੀ. ਦਿਲਪ੍ਰੀਤ ਸਿੰਘ, ਐਸ.ਪੀ ਪਲਵਿੰਦਰ ਸਿੰਘ ਚੀਮਾ, ਇੰਟੈਲੀਜੈਂਸ ਬਿਊਰੋ ਤੋਂ ਪਰਮਜੀਤ ਸ਼ਰਮਾ, ਸੇਵਾ ਮੁਕਤ ਅਧਿਕਾਰੀ ਰਤਨ ਲਾਲ ਮੌਂਗਾ, ਬਲਕਾਰ ਸਿੰਘ ਸਿੱਧੂ, ਅਜੇ ਮਲੂਜਾ, ਰਣਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗਿੱਲ, ਸਤਪਾਲ ਸਿੰਘ ਸਿੱਧੂ, ਅਮਰਜੀਤ ਸਿੰਘ ਘੁੰਮਣ, ਗੁਰਦੀਪ ਸਿੰਘ, ਸਮਸ਼ੇਰ ਸਿੰਘ ਬੋਪਾਰਾਏ, ਕੇਸਰ ਸਿੰਘ, ਮਨਜੀਤ ਸਿੰਘ, ਸ਼ਰਨਜੀਤ ਸਿੰਘ, ਆਰ.ਐਸ. ਹਰਾ, ਕਸ਼ਮੀਰ ਸਿੰਘ ਗਿੱਲ, ਗੁਰਸ਼ਰਨ ਸਿੰਘ ਬੇਦੀ, ਨਰਿੰਦਰ ਕੌਸ਼ਲ, ਡੀ.ਆਈ.ਜੀ ਦਫ਼ਤਰ ਦੇ ਸੁਪਰਡੈਂਟ ਲਾਭ ਸਿੰਘ ਸਮੇਤ ਵੱਡੀ ਗਿਣਤੀ ਹੋਰ ਪੁਲਿਸ ਅਧਿਕਾਰੀਆਂ ਨੇ ਸ਼ਿਰਕਤ ਕੀਤੀ।