ਹਰਿੰਦਰ ਨਿੱਕਾ ਬਰਨਾਲਾ 18 ਨਵੰਬਰ 2020
ਠੰਡ ਦੌਰਾਨ ਨਿੱਜੀ ਕੰਬਲਾਂ ਬਿਨਾਂ ਠੁਰ ਠੁਰ ਕਰਦੇ ਜੇਲ੍ਹ ਬੰਦੀਆਂ ਲਈ ਸਿੱਖ ਮੁਸਲਿਮ ਸਾਂਝਾਂਂ ਪੰਜਾਬ ਸੰਸਥਾ ਦੇ ਅਹੁਦੇਦਾਰ ਰਾਹਤ ਲੈ ਕੇ ਪਹੁੰਚੇ। ਸੰਸਥਾ ਦੀ ਤਰਫੋਂ ਜੇਲ੍ਹ ਸੁਪਰਡੈਂਟ ਦੀ ਹਾਜਿਰੀ ਵਿੱਚ 121 ਜੇਲ੍ਹ ਬੰਦੀਆਂ ਨੂੰ ਵਧੀਆ ਕਵਾਲਿਟੀ ਦੇ ਕੰਬਲ ਵੰਡੇ ਗਏ। ਕੰਬਲ ਮਿਲਣ ਤੋਂ ਬਾਅਦ ਜਿੱਥੇ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਸੰਸਥਾ ਦਾ ਧੰਨਵਾਦ ਕੀਤਾ, ਉੱਥੇ ਹੀ ਜੇਲ੍ਹ ਬੰਦੀਆਂ ਨੇ ਵੀ ਸੰਸਥਾ ਦੇ ਅਹੁਦੇਦਾਰਾਂ ਨੂੰ ਦਿਲੀ ਦੁਆਵਾਂ ਦਿੱਤੀਆਂ। ਇਸ ਮੌਕੇ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਕਿਹਾ ਕਿ ਬੇਸ਼ੱਕ ਜੇਲ੍ਹ ਬੰਦੀਆਂ ਲਈ ਜੇਲ੍ਹ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਫਿਰ ਵੀ ਕੁਝ ਅਜਿਹੇ ਜਰੂਰਤਮੰਦ ਬੰਦੀ ਵੀ ਹਨ। ਜਿੰਨਾਂ ਕੋਲ ਆਪਣੇ ਨਿੱਜੀ ਗਰਮ ਕੰਬਲ ਨਹੀ ਸਨ। ਸੰਸਥਾ ਵੱਲੋਂ ਜੇਲ੍ਹ ਪਹੁੰਚ ਕੇ ਜੇਲ ਬੰਦੀਆਂ ਨੂੰ ਸਰਦੀ ਦੇ ਮੌਸਮ ਵਿੱਚ ਕੰਬਲ ਵੰਡਣਾ, ਚੰਗਾ ਤੇ ਸਰਾਹੁਣਯੋਗ ਉੱਦਮ ਹੈ। ਸਿੱਖ ਮੁਸਲਿਮ ਸਾਂਝਾ ਪੰਜਾਬ ਸੰਸਥਾ ਦੇ ਸੰਸਥਾਪਕ ਚੇਅਰਮੈਨ ਡਾਕਟਰ ਨਸੀਰ ਅਖਤਰ ਨੇ ਕਿਹਾ ਕਿ ਇਸਲਾਮ ਦੀਆਂ ਸਿੱਖਿਆਵਾਂ ਅਨੁਸਾਰ ਇਨਸਾਨੀਅਤ ਦੀ ਮੱਦਦ ਕਰਨ ਵਾਲਿਆਂ ਤੇ ਖੁਦਾ ਵੀ ਮੇਹਰਬਾਨ ਹੁੰਦਾ ਹੈ। ਉਨਾਂ ਕਿਹਾ ਕਿ ਸੰਸਥਾ ਵੱਲੋਂ ਪੰਜਾਬ ਦੀਆਂ ਵੱਖ ਜੇਲ੍ਹਾ ਅੰਦਰ ਬੰਦ ਜਰੂਰਤਮੰਦ ਵਿਅਕਤੀਆਂ ਨੂੰ ਕੰਬਲ ਤੇ ਹੋਰ ਸਮਾਨ ਵੰਡਿਆਂ ਜਾਂਦਾ ਹੈ। ਉੱਥੇ ਹੀ ਆਰਥਿਕ ਪੱਖ ਤੋਂ ਕਮਜੋਰ ਜੇਲ੍ਹ ਬੰਦੀਆਂ ਦੀ ਕਾਨੂੰਨੀ ਪੈਰਵੀ ਕਰਨ ਲਈ ਵੀ ਆਪਣੇ ਖਰਚ ਤੇ ਵਕੀਲ ਮੁਹੱਈਆ ਕਰਵਾਏ ਜਾਂਦੇ ਹਨ। ਇਸ ਮੌਕੇ ਸੰਸਥਾ ਦੇ ਸਰਗਰਮ ਆਗੂ ਹਾਜੀ ਏ ਸਤਾਰ, ਐਮ.ਆਰ. ਚੌਧਰੀ, ਐਮ. ਇਕਰਾਮ, ਜ਼ਮੀਲ ਬਰਾੜ ਆਦਿ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।