ਹਰਿੰਦਰ ਨਿੱਕਾ ਬਰਨਾਲਾ 18 ਨਵੰਬਰ 2020
ਪੰਜਾਬ ਵਿਧਾਨ ਸਭਾ ‘ਚ ਪਾਣੀਆਂ ਸਬੰਧੀ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਨੂੰ ਚਾਰ ਵਰ੍ਹੇ ਲੰਘ ਚੁੱਕੇ ਹਨ । ਪਰ ਸੂਬਾ ਸਰਕਾਰ ਨੇ ਗੁਆਂਢੀ ਸੂਬਿਆਂ ਦਿੱਲੀ ਅਤੇ ਰਾਜਸਥਾਨ ਤੋਂ ਉਨਾਂ ਨੂੰ ਦਿੱਤੇ ਪਾਣੀ ਦੀ ਕੀਮਤ ਵਸੂਲਣ ਲਈ, ਕੋਈ ਪੱਤਰ ਵੀ ਨਹੀਂ ਭੇਜਿਆ। ਇਹ ਸ਼ਬਦ ਲੋਕ ਇਨਸਾਫ ਪਾਰਟੀ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਰਨਾਲਾ ਵਿਖੇ ਪਹੁੰਚੀ ਲੋਕ ਅਧਿਕਾਰ ਯਾਤਰਾ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਬੈਂਸ ਨੇ ਕਿਹਾ ਕਿ ਪਾਣੀ ਦੀ ਕੀਮਤ ਵਸੂਲਣ ਨਾਲ ਜਿੱਥੇ ਪੰਜਾਬ ਨੂੰ ਉਸ ਦਾ ਬਣਦਾ ਹੱਕ ਮਿਲੂਗਾ, ਉੱਥੇ ਹੀ ਪਾਣੀ ਦੀ ਮਿਲਣ ਵਾਲੀ 16 ਲੱਖ ਕਰੋੜ ਰੁਪਏ ਦੀ ਰਾਇਲਟੀ ਪੰਜਾਬ ਅਤੇ ਕਿਸਾਨੀ ਨੂੰ ਕਰਜਾ ਮੁਕਤ ਬਣਾਉਣ ਵਿੱਚ ਅਹਿਮ ਰੋਲ ਅਦਾ ਕਰੇਗੀ। ਉਨਾਂ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਦੀ ਇਮਾਨਦਾਰੀ ਸਿਰਫ ਦਿੱਲੀ ਤੱਕ ਹੀ ਸੀਮਤ ਹੈ, ਉਹ ਪੰਜਾਬ ਲਈ ਨਾ ਸੁਹਿਰਦ ਹੈ ਤੇ ਨਾ ਹੀ ਇਮਾਨਦਾਰ। ਬੈਂਸ ਨੇ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਪੰਜਾਬ ਲਈ ਇਮਾਨਦਾਰ ਹੁੰਦੇ ਤਾਂ ਉਹ ਬਿਨਾਂ ਦੇਰੀ ਪੰਜਾਬ ਤੋਂ ਲਏ ਜਾ ਰਹੇ ਪਾਣੀ ਦੀ ਰੋਆਈਲੇਟੀ ਦਾ ਹੁਣ ਤੱਕ ਪੰਜਾਬ ਨੂੰ ਅਦਾ ਕਰ ਦਿੰਦੇ, ਅਜਿਹਾ ਹੋਣ ਨਾਲ ਪੰਜਾਬ ਸਰਕਾਰ , ਰਾਜਸਥਾਨ ਸਰਕਾਰ ਨੂੰ ਵੀ ਰੋਆਈਲੇਟੀ ਦੇਣ ਲਈ ਮਜਬੂਰ ਹੋਣਾ ਪੈਂਦਾ। ਉਨਾਂ ਕਿਹਾ ਕਿ ਉਨਾਂ ਵੱਲੋਂ ਲਗਾਤਾਰ ਰੋਆਈਲੇਟੀ ਲੈਣ ਦੇ ਚੁੱਕੇ ਜਾ ਰਹੇ ਮੁੱਦੇ ਦਾ ਅਸਰ ਇਹ ਹੋਇਆ, ਕਿ ਹੁਣ ਹਰ ਇੱਕ ਪੰਜਾਬੀ ਇਸ ਮੁੱਦੇ ਤੋਂ ਭਲੀਭਾਂਤ ਵਾਕਿਫ ਹੋ ਚੁੱਕਿਆ ਹੈ। ਬੈਂਸ ਨੇ ਕਿਹਾ ਕਿ ਉਹ ਛੇਤੀ ਹੀ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਕੋਲ ਪਾਣੀਆਂ ਦੀ ਰੋਆਈਲੇਟੀ ਲੈਣ ਸਬੰਧੀ ਕੇਸ ਦਾਇਰ ਕਰਨਗੇ।
ਡੇਲੀ ਪੋਸਟ ਤੇ ਭੜ੍ਹਕਿਆ ਵਿਧਾਇਕ ਬੈਂਸ
ਵਿਧਾਇਕ ਬੈਂਸ ਉੱਪਰ ਲੁਧਿਆਣਾ ਦੀ ਇੱਕ ਵਿਧਵਾ ਔਰਤ ਵੱਲੋਂ ਜਬਰ ਜਿਨਾਹ ਦੇ ਲਾਏ ਦੋਸ਼ਾਂ ਸਬੰਧੀ ਮੀਡੀਆ ਦੁਆਰਾ ਪੁੱਛੇ ਸਵਾਲ ਦਾ ਜੁਆਬ ਦਿੰਦਿਆਂ ਬੈਂਸ ਡੇਲੀ ਪੋਸਟ ਮੀਡੀਆ ਤੇ ਭੜ੍ਹਕ ਗਏ। ਉਨਾਂ ਡੇਲੀ ਪੋਸਟ ਦੇ ਬਿਊਰੋ ਚੀਫ ਮੱਘਰਪੁਰੀ ਤੋਂ ਚੈਨਲ ਦੀ ਆਈਡੀ ਫੜ੍ਹਦਿਆਂ ਕਿਹਾ ਕਿ ਆਹ ਚੈਨਲ ਵਾਲੇ ਕੱਲ੍ਹ ਦੇ ਮੇਰੇ ਖਿਲਾਫ , ਮੇਰਾ ਪੱਖ ਲਏ ਬਿਨਾਂ ਹੀ 14 ਵੀਡੀਉ ਵਾਇਰਲ ਕਰ ਚੁੱਕੇ ਹਨ। ਅਜਿਹੇ ਮੀਡੀਆ ਨੂੰ ਮੀਡੀਆ ਕਹਿੰਦਿਆਂ ਹੀ ਸ਼ਰਮ ਆੳਂਦੀ ਹੈ। ਉਨਾਂ ਕਿਹਾ ਕਿ ਕੋਈ ਵੀ ਮੀਡੀਆ ਹਾਊਸ ਹੋਵੇ, ਉਸ ਨੂੰ ਇੱਕਤਰਫਾ ਖਬਰ ਲਾਉਣ ਦੀ ਬਜਾਏ, ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਬੈਂਸ, ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਮਹਿੰਦਰ ਪਾਲ ਸਿੰਘ ਦਾਨਗੜ੍ਹ ਸਮੇਤ ਹੋਰ ਵੀ ਆਗੂ ਮੌਜੂਦ ਰਹੇ। ਪਾਰਟੀ ਦੇ ਸਮਰਥਕਾਂ ਨੇ ਲੋਕ ਅਧਿਕਾਰ ਯਾਤਰਾ ਦੇ ਕਚਿਹਰੀ ਚੌਂਕ ਪਹੁੰਚਣ ਤੇ ਵਿਧਾਇਕ ਬੈਂਸ ਭਰਾਵਾਂ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ।
ਡੇਲੀ ਪੋਸਟ ਦੇ ਬਿਊਰੋ ਚੀਫ ਮੱਘਰਪੁਰੀ ਨੇ ਮਾਰੀ ਅਹੁਦੇ ਨੂੰ ਠੋਕਰ
ਵਿਧਾਇਕ ਬੈਂਸ ਵੱਲੋਂ ਡੇਲੀ ਪੋਸਟ ਖਿਲਾਫ ਕੀਤੀਆਂ ਟਿੱਪਣੀਆਂ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਚੈਨਲ ਵਾਲਿਆਂ ਨੇ ਆਪਣੇ ਬਰਨਾਲਾ ਤੋਂ ਬਿਊਰੋ ਚੀਫ ਮੱਘਰਪੁਰੀ ਨੂੰ ਫੋਨ ਕਰਕੇ, ਬੈਂਸ ਦੀ ਕਵਰੇਜ ਕਰਨ ਜਾਣ ਬਾਰੇ, ਜਵਾਬਤਲਬੀ ਕੀਤੀ। ਲੰਬੇ ਅਰਸੇ ਤੋਂ ਡੇਲੀ ਪੋਸਟ ਲਈ ਕੰਮ ਕਰ ਰਹੇ ਪੱਤਰਕਾਰ ਨੇ, ਨਿਰਪੱਖ ਪੱਤਰਕਾਰਿਤਾ ਦੀ ਮਿਸਾਲ ਬਣਦਿਆਂ , ਬਿਊਰੋ ਚੀਫ ਦੇ ਅਹੁਦੇ ਨੂੰ ਠੋਕਰ ਮਾਰ ਦਿੱਤੀ। ਮੱਘਰ ਪੁਰੀ ਨੇ ਕਿਹਾ ਕਿ ਉਨਾਂ ਦੀ ਜਮੀਰ ਇਹ ਇਜਾਜਤ ਨਹੀਂ ਦਿੰਦੀ ਕਿ ਉਹ ਪੱਖਪਾਤੀ ਹੋ ਕੇ ਕੰਮ ਕਰਨ, ਉਨਾਂ ਬਿਨਾਂ ਚੈਨਲ ਦਾ ਨਾਮ ਲੈਂਦਿਆਂ ਕਿਹਾ ਕਿ ਮੀਡੀਆ ਘਰਾਣੇ, ਵਿਕਾਊ ਹੋ ਸਕਦੇ ਹਨ, ਪਰ ਮੱਘਰਪੁਰੀ ਵਿਕਾਊ ਨਹੀਂ ਹੈ। ਉਨਾਂ ਕਿਹਾ ਕਿ ਡੇਲੀ ਪੋਸਟ ਤੋਂਂ ਅਸਤੀਫਾ ਦੇ ਕੇ ਉਨਾਂ ਦੇ ਮਨ ਦਾ ਬੋਝ ਹਲਕਾ ਹੋਇਆ ਹੈ।