ਬਰਨਾਲਾ ‘ਚ ਸਾਂਝੇ ਕਿਸਾਨੀ ਸੰਘਰਸ਼ ਦੇ 49 ਦਿਨ-ਨੌਜਵਾਨ ਕਿਸਾਨ ਅਤੇ ਔਰਤਾਂ ਹੁਣ ਸੰਘਰਸ਼ ਦੀ ਮੁੱਖ ਤਾਕਤ- ਉੱਗੋਕੇ
ਹਰਿੰਦਰ ਨਿੱਕਾ ਬਰਨਾਲਾ 18 ਨਵੰਬਰ 2020
ਖੇਤੀ ਵਿਰੋਧੀ ਤਿੰਨ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਦੇ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਹੋਇਆ ਸਾਂਝਾ ਕਿਸਾਨ ਸੰਘਰਸ਼ 49 ਵੇਂ ਦਿਨ ਵੀ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਪੂਰੇ ਜਾਹੋ-ਜਲੌਅ ਨਾਲ ਜਾਰੀ ਰਿਹਾ। ਸੰਘਰਸ਼ ਵਿੱਚ ਬਹੁਤ ਹੀ ਜੋਸ਼ ਖਰੋਸ਼ ਨਾਲ ਪਹੁੰਚੇ ਸੰਘਰਸ਼ੀ ਨੌਜਵਾਨਾਂ,ਬਜੁਰਗਾਂ ਅਤੇ ਔਰਤਾਂ ਨੇ ਮੋਦੀ ਸਰਕਾਰ ਦੇ ਖਿਲਾਫ ਦਿਨ ਭਰ ਅਕਾਸ਼ ਗੁੰਜਾਊ ਨਾਹਰੇ ਲਾਉਂਦੇ ਹੋਏ, ਰੋਸ ਦਾ ਪ੍ਰਗਟਾਵਾ ਕੀਤਾ । ਇਤਿਹਾਸਕ ਤੌਰ’ਤੇ ਅੱਜ ਦਾ ਦਿਨ ਸ਼ਹੀਦ ਭਗਤ ਸਿੰਘ ਦੇ ਸਾਥੀ ਬੈਕਟੇਸ਼ਵਰ ਦੱਤ ਉਰਫ ਬੀ.ਕੇ. ਦੱਤ ਦੇ ਨਾਂ ਸੀ। ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਭਾਰਤੀ ਲੋਕਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਚਲਾਈ ਗਈ ਬਰਤਾਨਵੀ ਸਾਮਰਾਜੀਆਂ ਖਿਲਾਫ ਬਗਾਵਤੀ ਜੰਗ ਵਿੱਚ ਬੀ.ਕੇ ਦੱਤ ਦਾ ਅਹਿਮ ਥਾਂ ਸੀ।
ਕਿਸਾਨ ਆਗੂਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਸਾਂਝੇ ਸੰਘਰਸ਼ ਵਿੱਚ ਔਰਤਾਂ, ਮਰਦਾਂ ਤੇ ਨੌਜਵਾਨਾਂ ਦੀ ਗਿਣਤੀ ਨਵਾਂ ਇਤਿਹਾਸ ਸਿਰਜ ਰਹੀ ਹੈ। ਨੌਜਵਾਨ ਕਿਸਾਨਾਂ ਅਤੇ ਔਰਤਾਂ ਦੀ ਜਥੇਬੰਦ ਤਾਕਤ ਮੋਦੀ ਹਕੂਮਤ ਦੇ ਸਾਰੇ ਭਰਮ ਭੁਲੇਖੇ ਕੱਢ ਦੇਵੇਗੀ। 26-27 ਨਵੰਬਰ ਦੇ ਇਤਿਹਾਸਕ ਦਿੱਲੀ ਕਿਸਾਨ ਮਾਰਚ ਵਿੱਚ ਬਰਨਾਲਾ ਜਿਲ੍ਹੇ ਵਿੱਚੋਂ ਦਹਿ ਹਜਾਰਾਂ ਨੌਜਵਾਨਾਂ ਕਿਸਾਨ ਔਰਤਾਂ ਦੇ ਕਾਫਲੇ ਸ਼ਾਮਿਲ ਹੋਕੇ ਨਵਾਂ ਇਤਿਹਾਸ ਸਿਰਜਣਗੇ। ਇਸ ਮਾਰਚ ਦੀਆਂ ਤਿਆਰੀਆਂ ਪਿੰਡ ਪੱਧਰ ਤੇ ਪੂਰੇ ਜੋਰਾਂ ਨਾਲ ਚੱਲ ਰਹੀਆਂ ਹਨ। ਪਿੰਡਾਂ ਵਿੱਚੋਂ ਆਗੂਆਂ ਨੂੰ ‘‘ਦਿੱਲੀ’’ ਚੱਲੋ ਦੇ ਸੁਨੇਹੇ ਨੂੰ ਪੰਜਾਬ ਬੰਦ ਅਤੇ 5 ਨਵੰਬਰ ਦੇ ਸੜ੍ਹਕ ਜਾਮ ਨਾਲੋਂ ਵੀ ਵਧੇਰੇ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ। ਕਿਉਂਕਿ ਮੋਦੀ ਸਰਕਾਰ ਦੇ ਜਾਬਰ ਅਤੇ ਧੱਕੜ ਰਵੱਈਏ ਖਿਲਾਫ ਸੰਘਰਸ਼ ਦੀ ਚੰਗਿਆੜੀ ਮਘ ਚੁੱਕੀ ਹੈ ਜੋ ਹੁਣ ਜਥੇਬੰਦਕ ਸੰਘਰਸ਼ ਰੂਪੀ ਭਾਬੜ ਦਾ ਰੂਪ ਬਣ ਘਰ¸ਘਰ ਫੈਲ ਚੁੱਕੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਬੂਟਾ ਸਿੰਘ ਬਰਾੜ, ਬੀਕੇਯੂ ਕਾਦੀਆਂ ਜਗਸੀਰ ਸਿੰਘ ਛੀਨੀਵਾਲਕਲਾਂ, ਸ਼ਿੰਗਾਰਾ ਸਿੰਘ , ਕਰਨੈਲ ਸਿੰਘ ਗਾਂਧੀ, ਜੱਗਾ ਸਿੰਘ ਬਦਰਾ, ਪਵਿੱਤਰ ਸਿੰਘ ਲਾਲੀ, ਉਜਾਗਰ ਸਿੰਘ ਬੀਹਲਾ, ਬਾਬੂ ਸਿੰਘ ਖੁੱਡੀਕਲਾਂ, ਨਿਰਭੈ ਸਿੰਘ, ਕੁਲਵਿੰਦਰ ਸਿੰਘ ਉੱਪਲੀ, ਮੇਲਾ ਸਿੰਘ ਕੱਟੂ, ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਮੁਲਕ ਪੱਧਰ ਦੀਆਂ 500 ਕਿਸਾਨ ਅਤੇ ਸਹਾਇਕ ਕਿੱਤਿਆਂ ਦੀਆਂ ਜਥੇਬੰਦੀਆਂ ਦੇ ਸਾਂਝੇ ਸੱਦੇ 26-27 ਨਵੰਬਰ ਦਿੱਲੀ ਵੱਲ ਕੀਤੇ ਜਾ ਰਹੇ ਸਾਂਝੇ ਇਤਿਹਾਸਕ ਕਿਸਾਨ ਮਾਰਚ ਦੀਆਂ ਤਿਆਰੀਆਂ ਮੋਦੀ ਹਕੂਮਤ ਦੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ¸ਬਿਲ 2020 ਖਿਲ਼ਾਫ ਰੋਹ ਦਾ ਪ੍ਰਗਟਾਵਾ ਤਾਂ ਹੈ ਹੀ ਹੈ ,ਨਾਲ ਦੀ ਨਾਲ ਮੋਦੀ ਸਰਕਾਰ ਵੱਲੋਂ ਸੰਘੀ ਢਾਂਚੇ ਨੂੰ ਕਮਜੋਰ ਕਰਨ ਦੀਆਂ ਸਾਜਿਸ਼ਾਂ ਖਿਲ਼ਾਫ ਲੜਾਈ ਵੀ ਹੈ। ਕਿਉਂਕਿ ਮੰਡੀਕਰਨ ਅਤੇ ਖੇਤੀ ਸੰਵਿਧਾਨ ਦੀ ਸੂਚੀ ਮੁਤਾਬਕ ਇਹ ਦੋਵੇਂ ਵਿਸ਼ੇ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।
ਟੌਲ ਪਲਾਜਾ ਮਹਿਲਕਲਾਂ, ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪਾਂ ਅੱਗੇ ਚੱਲ ਰਹੇ ਧਰਨਿਆਂ ਉੱਪਰ ਸੰਘਰਸ਼ਸ਼ੀਲ ਕਾਫਲੇ ਉਸੇ ਤਰ੍ਹਾਂ ਡਟਕੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਮੋਦੀ ਸਰਕਾਰ ਦੇ ਕਲੇਜੇ ਹੌਲ ਪਾਉਂਦੇ ਰਹੇ। ਵੱਖ ਵੱਖ ਥਾਵਾਂ ਤੇ ਚੱਲ ਰਾਹੀਆਂ ਸੰਘਰਸ਼ੀ ਥਾਵਾਂ ਉੱਪਰ ਜਗਰਾਜ ਸਿੰਘ ਹਰਦਾਸਪੁਰਾ,ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਮਹਿਲਖੁਰਦ, ਪਰਮਿੰਦਰ ਸਿੰਘ ਹੰਢਿਆਇਆ, ਮਨਜੀਤ ਰਾਜ, ਬਿੱਕਰ ਸਿੰਘ ਔਲਖ, ਸੁਦਾਗਰ ਸਿੰਘ ਉੱਪਲੀ, ਮੇਲਾ ਸਿੰਘ ਕੱਟੂ, ਗਗਨਦੀਪ ਕੌਰ, ਸਵਰਪ੍ਰੀਤ ਕੌਰ, ਗੁਰਬੀਰ ਕੌਰ, ਹਰਪ੍ਰੀਤ ਕੌਰ, ਮੇਜਰ ਸਿੰਘ ਸੰਘੇੜਾ, ਮੁਖਤਿਆਰ ਸਿੰਘ,ਜਸਬੀਰ ਸਿੰਘ ਕਰਮਗੜ੍ਹ, ਮਹਿੰਦਰ ਸਿੰਘ ਅਜਮੇਰ ਸਿੰਘ ਅਸਪਾਲਕਲਾਂ, ਸਰਬਜੀਤ ਸਿੰਘ ਭੈਣੀ, ਅਮਰਜੀਤ ਸਿੰਘ ਕੁੱਕੂ, ਗੁਰਮੇਲ ਰਾਮ ਸ਼ਰਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ।