ਨਗਰ ਕੌਂਸਲ ਦੀ ਵਾਰਡਬੰਦੀ ਦੇ ਨਾਂ ਤੇ ਵਾਰਡਾਂ ਦੇ ਨੰਬਰ ਬਦਲ ਕੇ ਵਿਰੋਧੀਆਂ ਨੂੰ ਕੀਤਾ ਚਿੱਤ, ਲੋਕਾਂ ‘ਚ ਫੈਲਿਆ ਰੋਹ

Advertisement
Spread information

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਪਰਮਜੀਤ ਢਿੱਲੋਂ, ਮਹੇਸ਼ ਲੋਟਾ ,ਰਾਜੀਵ ਲੂਬੀ ਸਣੇ ਕਈਆਂ ਦੇ ਵਾਰਡ ਕੀਤੇ ਰਿਜਰਵ

ਐਸ.ਸੀ. ਅਬਾਦੀ ਵਾਲੇ ਵਾਰਡ ਜਰਨਲ ਅਤੇ ਬਿਨਾਂ ਐਸ.ਸੀ ਵੱਸੋਂ ਵਾਲੇ ਵਾਰਡ ਕੀਤੇ ਐਸ.ਸੀ. ਰਿਜਰਵ

ਅਕਾਲੀ ਆਗੂ ਸੰਜੀਵ ਸ਼ੋਰੀ ਨੇ ਕਿਹਾ, ਕਾਂਗਰਸ ਦੀ ਧੱਕੇਸ਼ਾਹੀ ਦੇ ਖਿਲਾਫ ਜਾਵਾਂਗੇ ਹਾਈਕੋਰਟ, 


ਹਰਿੰਦਰ ਨਿੱਕਾ , ਬਰਨਾਲਾ 6 ਨਵੰਬਰ 2020 

ਨਗਰ ਕੌਂਸਲ ਬਰਨਾਲਾ ਦੀ ਨਵੀਂ ਵਾਰਡਬੰਦੀ ਕੀਤਿਆਂ ਬਿਨਾਂ ਹੀ ਸੱਤਾਧਾਰੀ ਕਾਂਗਰਸੀਆਂ ਨੇ ਆਪਣੇ ਵਿਰੋਧੀਆਂ ਨੂੰ ਉਨਾਂ ਦੇ ਪੁਰਾਣੇ ਵਾਰਡਾਂ ਦੇ ਸਿਰਫ ਨੰਬਰ ਬਦਲ ਕੇ ਅਤੇ ਨਵੇਂ ਨੰਬਰ ਵਾਲੇ ਵਾਰਡਾਂ ਨੂੰ ਰਿਜਰਵ ਕਰਕੇ ਚੋਣ ਮੈਦਾਨ ਵਿੱਚ ਉਤਰਨ ਤੋਂ ਪਹਿਲਾਂ ਹੀ ਚਾਰੇ ਖਾਨੇ ਚਿੱਤ ਕਰ ਦਿੱਤਾ ਹੈ। ਸੱਤਾਧਾਰੀਆਂ ਦੀ ਇਸ ਨੀਤੀ ਤੋਂ ਖਫਾ ਅਕਾਲੀ ਨੇਤਾਵਾਂ ਨੇ ਖੁੱਲ੍ਹ ਕੇ ਅਤੇ ਕੁਝ ਕਾਂਗਰਸੀ ਆਗੂਆਂ ਨੇ ਦਬੀ ਜੁਬਾਨ ਵਿੱਚ ਵਿਰੋਧ ਕਰਦਿਆਂ ਕਿਹਾ ਕਿ ਉਨਾਂ ਨੂੰ ਚੋਣ ਲੜਨ ਤੋਂ ਹੀ ਲਾਂਭੇ ਕਰ ਲਈ ਗਹਿਰੀ ਸਾਜਿਸ਼ ਰਚੀ ਗਈ ਹੈ। ਵਾਰਡਬੰਦੀ ਤੋਂ ਡਾਹਡੇ ਦੁਖੀ ਅਕਾਲੀ ਨੇਤਾ ਅਤੇ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ , ਸਾਬਕਾ ਐਮ.ਸੀ. ਸੋਨੀ ਜਾਗਲ ਅਤੇ ਹਰਭਜਨ ਸਿੰਘ ਭਜੀ ਨੇ ਕਿਹਾ ਕਿ ਉਹ ਵਾਰਡਬੰਦੀ ਦੇ ਖਿਲਾਫ ਜਿੱਥੇ ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਲਿਖਤੀ ਇਤਰਾਜ ਭੇਜਣਗੇ, ਉੱਥੇ ਹੀ ਇਸ ਧੱਕੇਸ਼ਾਹੀ ਦੇ ਖਿਲਾਫ ਇਨਸਾਫ ਲੈਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਦਰਵਾਜਾ ਵੀ ਖੜਕਾਉਣਗੇ।                                         

Advertisement

ਕਾਂਗਰਸੀਆਂ ਨੇ ਹਾਰ ਤੋਂ ਡਰਦਿਆਂ ਹੀ ਘੜੀ ਸਾਜਿਸ਼- ਸ਼ੋਰੀ 

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਸੰਜੀਵ ਸ਼ੋਰੀ ਨੇ ਕਿਹਾ ਕਿ ਦਰਅਸਲ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਹੈ ਕਿ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਸ਼ਹਿਰੀ ਲੋਕ ਉਨਾਂ ਨੂੰ ਕਿਸੇ ਵੀ ਹਾਲਤ ਵਿੱਚ ਜਿੱਤਣ ਨਹੀਂ ਦੇਣਗੇ। ਇਸ ਲਈ ਹੀ ਉਨਾਂ ਆਪਣੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੇ ਵਿਰੋਧੀਆਂ ਨੂੰ ਚੋਣ ਮੈਦਾਨ ਵਿੱਚ ਉਤਰਨ ਤੋਂ ਰੋਕਣ ਲਈ ਹੀ, ਉਨਾਂ ਦੇ ਵਾਰਡਾਂ ਦੇ ਨੰਬਰ ਬਦਲ ਕੇ ਰਿਜਰਵ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਉਨਾਂ ਦੇ ਵਾਰਡ ਦਾ ਨੰਬਰ 6 ਬਦਲ ਕੇ ਉਸ ਨੁੰ ਹੁਣ 12 ਨੰਬਰ ਕਰਕੇ ਉਸ ਨੂੰ ਅਨੁਸੂਚਿਤ ਜਾਤੀ ਦੇ ਪੁਰਸ਼ ਲਈ ਰਿਜਰਵ ਕਰ ਦਿੱਤਾ ਗਿਆ ਹੈ। ਜਦੋਂ ਕਿ ਵਾਰਡ ਵਿੱਚ ਐਸ ਸੀ ਭਾਈਚਾਰੇ ਦੀ ਅਬਾਦੀ ਨਾਂਹ ਦੇ ਬਰਾਬਰ ਹੀ ਹੈ।                                 

           ਇਸੇ ਤਰਾਂ ਅਕਾਲੀ ਆਗੂ ਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਦੇ ਵਾਰਡ ਨੰਬਰ 29 ਨੂੰ ਬਦਲ ਕੇ 26 ਕਰਕੇ ਉਸ ਨੂੰ ਵੀ ਅਨੁਸੂਚਿਤ ਜਾਤੀ ਦੇ ਪੁਰਸ਼ ਲਈ ਰਿਜਰਵ ਕਰ ਦਿੱਤਾ ਹੈ। ੳਨਾਂ ਕਿਹਾ ਕਿ ਹੋਰ ਕਈ ਅਕਾਲੀ ਆਗੂਆਂ ਦੇ ਵਾਰਡ ਵੀ ਨੰਬਰ ਬਦਲ ਕੇ ਰਿਜਰਵ ਕਰ ਦਿੱਤੇ ਗਏ ਹਨ। ਇਸੇ ਤਰਾਂ ਐਮ.ਸੀ. ਸੋਨੀ ਜਾਗਲ ਦੇ ਵਾਰਡ ਦਾ ਨੰਬਰ ਬਦਲ ਕੇ ਰਿਜਰਵ ਕੀਤਾ ਗਿਆ ਹੈ। ਜਦੋਂ ਕਿ ਹਰਭਜਨ ਸਿੰਘ ਭਜੀ ਦੇ ਐਸੀ ਸੀ ਵੱਸੋਂ ਵਾਲੇ ਵਾਰਡ ਨੰਬਰ 22 ਦਾ ਨੰਬਰ ਹੁਣ 28 ਕਰਕੇ ਉਸ ਨੂੰ ਜਰਨਲ ਕਰ ਦਿੱਤਾ ਗਿਆ ਹੈ। ਇਸੇ ਹੀ ਤਰਾਂ ਅਕਾਲੀ ਆਗੂ ਦੇ ਐਸ.ਸੀ ਵਾਰਡ ਨੰਬਰ 8 ਦਾ ਨੰਬਰ ਬਦਲ ਕੇ 7 ਨੰਬਰ ਕਰਕੇ ਉਸ ਨੂੰ ਵੀ ਜਰਨਲ ਔਰਤ ਕਰ ਦਿੱਤਾ ਗਿਆ। ਸ਼ੋਰੀ ਨੇ ਕਿਹਾ ਕਿ 3 ਨਵੰਬਰ ਨੂੰ ਵਾਰਡਾਂ ਦੀ ਰਿਜਰਵੇਸ਼ਨ ਸਬੰਧੀ ਸੂਚੀ ਅਤੇ ਨਕਸ਼ਾ ਜਾਰੀ ਕਰਕੇ , ਉਸ ਤੇ ਇਤਰਾਜ ਮੰਗਣ ਲਈ 10 ਨਵੰਬਰ ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ। ਪਰੰਤੂ ਇਸ ਨੂੰ 6 ਨਵੰਬਰ ਨੂੰ ਹੀ ਜਨਤਕ ਕੀਤਾ ਗਿਆ ਹੈ। ਤਾਂਕਿ ਲੋਕ ਸਮੇਂ ਸਿਰ ਇਤਰਾਜ ਨਾ ਕਰ ਸਕਣ। ਉਨਾਂ ਕਿਹਾ ਕਿ ਮੈਂ ਖੁਦ 3/4 ਦਿਨ ਤੋਂ ਨਗਰ ਕੌਸਲ ਦਫਤਰ ਅੰਦਰ ਰਿਜਰਵ ਵਾਰਡਾਂ ਦੀ ਜਾਣਕਾਰੀ ਲੈਣ ਲਈ ਚੱਕਰ ਕੱਟ ਰਿਹਾ ਹਾਂ, ਪਰ ਕਰਮਚਾਰੀਆਂ ਨੇ ਇਸ ਸਬੰਧੀ ਕੋਈ ਜਾਣਕਾਰੀ ਹੀ ਨਹੀਂ ਦਿੱਤੀ।

ਮਹੇਸ਼ ਲੋਟਾ, ਰਾਜੀਵ ਲੂਬੀ ਤੇ ਹੇਮ ਰਾਜ ਗਰਗ ਦੇ ਵਾਰਡ ਵੀ ਹੋਏ ਰਿਜਰਵ

                 ਪਿਛਲੇ ਕਰੀਬ 15 ਸਾਲ ਤੋਂ ਵਾਰਡ ਨੰਬਰ 23 ਤੋਂ ਲਗਾਤਾਰ ਜਿੱਤ ਦੇ ਝੰਡੇ ਗੱਡ ਰਹੇ ਕਾਂਗਰਸੀ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਦੇ ਵਾਰਡ ਦਾ ਨੰਬਰ 9 ਕਰਕੇ ਉਸ ਨੂੰ ਵੀ ਅਨੁਸੂਚਿਤ ਜਾਤੀ ਦੀ ਔਰਤ ਲਈ ਰਿਜਰਵ ਕਰ ਦਿੱਤਾ ਗਿਆ, ਇਹ ਉਹ ਵਾਰਡ ਹੈ, ਜਿਸ ਉੱਪਰ ਲਗਾਤਾਰ 20 ਵਰ੍ਹਿਆਂ ਤੋਂ ਮਹੇਸ਼ ਲੋਟਾ ਦਾ ਕਬਜ਼ਾ ਚੱਲਿਆ ਆ ਰਿਹਾ ਹੈ। ਇਸ ਵਾਰਡ ਤੋਂ ਪਹਿਲੀ ਵਾਰ ਲੋਟਾ ਦੀ ਮਾਤਾ ਨੇ ਅਜਾਦ ਚੋਣ ਜਿੱਤੀ ਸੀ, ਉਸ ਤੋਂ ਬਾਅਦ ਲਗਾਤਾਰ 3 ਵਾਰ ਮਹੇਸ਼ ਕੁਮਾਰ ਲੋਟਾ ਖੁਦ ਚੋਣ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਂਦੇ ਆ ਰਹੇ ਹਨ। ਇਸ ਵਾਰਡ ਵਿੱਚੋਂ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਦੌਰਾਨ ਵੀ ਹਮੇਸ਼ਾ ਮਹੇਸ਼ ਲੋਟਾ ਦੀ ਮਿਹਨਤ ਸਦਕਾ ਕਾਂਗਰਸ ਨੂੰ ਲੀਡ ਮਿਲਦੀ ਆ ਰਹੀ ਹੈ।

                ਸ਼ਹਿਰ ਦੀ ਸਭ ਤੋਂ ਵਧੇਰੇ ਹਿੰਦੂ ਅਬਾਦੀ ਵਾਲੇ ਸਦਰ ਅਤੇ ਫਰਵਾਹੀ ਬਜਾਰ ਦੇ ਖੇਤਰ ਤੇ ਅਧਾਰਿਤ ਕਾਂਗਰਸੀ ਆਗੂ ਹੇਮ ਰਾਜ ਗਰਗ ਦੇ ਵਾਰਡ ਨੰਬਰ 10 ਦਾ ਨੰਬਰ ਬਦਲ ਕੇ ਵੀ ਉਸ ਨੂੰ ਹੁਣ 15 ਨੰਬਰ ਕਰਕੇ ਇਸ ਨੂੰ ਐਸ.ਸੀ. ਔਰਤ ਲਈ ਰਿਜਰਵ ਕਰ ਦਿੱਤਾ ਦਿੱਗਾ ਗਿਆ ਹੈ। ਇਸ ਵਰਡ ਤੋਂ ਹੇਮ ਰਾਜ ਗਰਗ ਨੇ ਵੀ ਲਗਾਤਾਰ ਦੋ ਵਾਰ ਜਿੱਤ ਦਰਜ਼ ਕੀਤੀ ਹੈ। ਲੰਘੀ ਲੋਕ ਸਭਾ ਚੋਣ ਮੌਕੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸੀ ਬਣੇ ਐਡਵੋਕੇਟ ਰਾਜੀਵ ਲੂਬੀ , ਜਿਹੜੇ ਬਰਨਾਲਾ ਕਲੱਬ ਦੇ ਸੈਕਟਰੀ ਵੀ ਹਨ, ਇਸ ਵਾਰ ਇਸੇ ਖੇਤਰ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ। ਇਸ ਤਰਾਂ ਕਾਂਗਰਸੀ ਨੇਤਾ ਕੁਲਦੀਪ ਧਰਮਾ ਦੇ ਵਾਰਡ ਨੰਬਰ 18 ਦਾ ਨੰਬਰ 21 ਕਰਕੇ ਮਹਿਲਾ ਰਿਜਰਵ ਕਰ ਦਿੱਤਾ ਗਿਆ ਹੈ। ਉੱਧਰ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਡਿੰਪਲ ਉੱਪਲੀ ਵੀ ਵਾਰਡ ਨੰਬਰ 21 ਵਿੱਚੋਂ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ‘ਚ ਸੀ, ਇਹ ਵਾਰਡ ਵੀ ਨੰਬਰ ਬਦਲ ਕੇ 10 ਨੰਬਰ ਕਰਕੇ ਇਸ ਨੂੰ ਅਨੁਸੂਚਿਤ ਜਾਤੀ ਦੇ ਪੁਰਸ਼ਾਂ ਲਈ ਰਾਖਵਾਂ ਕੀਤਾ ਗਿਆ ਹੈ। ਅਕਾਲੀ ਦਲ ਬਾਦਲ ਤੋਂ ਬਾਗੀ ਹੋ ਕੇ ਅਕਾਲੀ ਦਲ ਡੈਮੋਕਰੇਟਿਕ ‘ਚ ਸ਼ਾਮਿਲ ਹੋ ਚੁੱਕੇ ਰਵਿੰਦਰ ਸਿੰਘ ਰੰਮੀ ਢਿੱਲੋਂ ਦੇ ਵਾਰਡ ਨੰਬਰ 27 ਨੂੰ ਹੁਣ 25 ਨੰਬਰ ਕਰ ਕੇ ਅਨੁਸੂਚਿਤ ਜਾਤੀ ਦੀ ਔਰਤ ਲਈ ਰਾਖਵਾਂ ਕਰ ਦਿੱਤਾ ਗਿਆ ਹੈ। ਕਾਂਗਰਸੀ ਆਗੂ ਸੰਮੇ ਦੇ ਵਾਰਡ ਨੰਬਰ 30 ਦਾ ਨੰਬਰ ਭਾਵੇਂ ਨਹੀਂ ਬਦਲਿਆ ਗਿਆ, ਪਰੰਤੂ ਉਸ ਨੂੰ ਵੀ ਜਰਨਲ ਔਰਤਾਂ ਲਈ ਰਾਖਵਾ ਕੀਤਾ ਗਿਆ ਹੈ।  ਆਮ ਆਦਮੀ ਪਾਰਟੀ ਦੀ ਇੱਕਲੌਤੀ ਐਮ.ਸੀ. ਕ੍ਰਿਸ਼ਨਾ ਦੇਵੀ ਪਤਨੀ ਮਾਸਟਰ ਪ੍ਰੇਮ ਕੁਮਾਰ ਦਾ ਵਾਰਡ ਨੰਬਰ 25 ਹੁਣ ਬਦਲ ਕੇ 29 ਨੰਬਰ ਕਰਕੇ ਅਨੁਸੂਚਿਤ ਜਾਤੀ ਦੇ ਪੁਰਸ਼ ਲਈ ਰਿਜਰਵ ਕਰ ਦਿੱਤਾ ਗਿਆ ਹੈ।

ਮੱਖਣ ਸ਼ਰਮਾਂ ਦਾ ਵਾਰਡ ਜਰਨਲ ਔਰਤ ਲਈ ਰਿਜਰਵ

             ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਦੇ ਵਾਰਡ ਨੰਬਰ 9 ਨੂੰ 13 ਨੰਬਰ ਕਰਕੇ , ਜਰਨਲ ਔਰਤਾਂ ਲਈ ਰਿਜਰਵ ਕਰ ਦਿੱਤਾ ਗਿਆ ਹੈ। ਲੋਕਾਂ ਅੰਦਰ ਕਾਫੀ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਮੱਖਣ ਸ਼ਰਮਾਂ ਇਸ ਵਾਰਡ ਵਿੱਚੋਂ ਆਪਣੀ ਪਤਨੀ ਨੂੰ ਚੋਣ ਲੜਾਉਣਾ ਚਾਹੁੰਦਾ ਹੈ। ਇਸ ਲਈ ਹੀ ਇਸ ਵਾਰਡ ਨੂੰ ਜਰਨਲ ਔਰਤਾਂ ਲਈ ਰਾਖਵਾਂ ਕੀਤਾ ਗਿਆ ਹੈ। ਉਨਾਂ ਆਪਣੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਪੁੱਛੇ ਸਵਾਲ ਦਾ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਇਹ ਫੈਸਲਾ ਪਾਰਟੀ ਨੇ ਕਰਨਾ ਹੈ ਕਿ ਕਿਸ ਨੂੰ ਕਿਹੜੇ ਵਾਰਡ ਵਿੱਚੋਂ ਉਮੀਦਵਾਰ ਬਣਾਉਣਾ ਹੈ। ਵਰਨਣਯੋਗ ਹੈ ਕਿ ਵਾਰਡਬੰਦੀ ਲਈ ਬਣੀ ਕਮੇਟੀ ਦੇ ਪ੍ਰਾਈਵੇਟ ਮੈਂਬਰ , ਚੇਅਰਮੈਨ ਮੱਖਣ ਸ਼ਰਮਾਂ ਅਤੇ ਪਲਵਿੰਦਰ ਸਿੰਘ ਗੋਗਾ ਹਨ।

ਪਹਿਲੀ ਵਾਰ ਔਰਤਾਂ ਨੂੰ ਮਿਲੀ 50 % ਰਿਜਰਵੇਸ਼ਨ

ਵਾਰਡਬੰਦੀ ਬਾਰੇ ਪੁੱਛਣ ਤੇ ਮੱਖਣ ਸ਼ਰਮਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਹਿਲੀ ਵਾਰ ਨਗਰ ਕੌਂਸਲ ਚੋਣਾਂ ਵਿੱਚ ਔਰਤਾਂ ਨੂੰ 50 % ਰਿਜਰਵੇਸ਼ਨ ਦੇ ਕੇ ਇਤਹਾਸਿਕ ਕੰਮ ਕੀਤਾ ਗਿਆ ਹੈ। ਕਿਉਂਕਿ ਔਰਤਾਂ ਦੀ ਆਬਾਦੀ ਵੀ ਅੱਧੀ ਹੈ, ਜਿਸ ਦਾ ਸਭ ਨੂੰ ਸਵਾਗਤ ਹੀ ਕਰਨਾ ਚਾਹੀਦਾ ਹੈ। ਰਿਜਰਵ ਸੀਟਾਂ ਦੀ ਗਿਣਤੀ ਵੱਧ ਜਾਣ ਕਾਰਣ ਹੀ ਕੁਝ ਵਾਰਡ ਰਿਜਰਵ ਹੋਏ ਹਨ। ਅਜਿਹਾ ਕਿਸੇ ਨੇ ਜਾਣਬੁੱਝ ਕੇ ਨਹੀਂ ਕੀਤਾ ਹੈ।

Advertisement
Advertisement
Advertisement
Advertisement
Advertisement
error: Content is protected !!