ਸਵੇਰੇ 11 ਵਜੇ ਤੋਂ 1 ਵਜੇ ਤੱਕ ਦਾ ਸਮਾਂ ਤੈਅ ਕੀਤਾ ਜਾਵੇ-ਡਿਪਟੀ ਕਮਿਸ਼ਨਰ
ਰਾਜ ਸਰਕਾਰ ਦੀਆਂ ਭਲਾਈ ਯੋਜਨਾਵਾਂ ਅਤੇ ਕਾਰਜ਼ਾਂ ਸਬੰਧੀ ਰੀਵਿਊ ਮੀਟਿੰਗ ਹੋਈ
ਹਰਪ੍ਰੀਤ ਕੌਰ , ਸੰਗਰੂਰ, 6 ਨਵੰਬਰ:2020
ਜ਼ਿਲੇ ਦੇ ਹਰੇਕ ਸਰਕਾਰੀ ਵਿਭਾਗ ਅੰਦਰ ਜ਼ਿਲਾ ਅਧਿਕਾਰੀਆਂ ਵੱਲੋਂ ਹਰ ਬੁੱਧਵਾਰ ਨੂੰ ਲੋਕ ਮਸਲਿਆ ਨੂੰ ਸੁਣਨ ਲਈ ਸਵੇਰੇ 11 ਵਜੇ ਤੋਂ 1 ਵਜੇ ਤੱਕ ਦਾ ਸਮਾਂ ਤੈਅ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਅੰਦਰ ਹੋਰ ਵਧੇਰੇ ਪਾਰਦਰਸ਼ੀ ਸੁਵਿਧਾਵਾਂ ਮੁਹੱਈਆ ਕਰਵਾਈਆ ਜਾ ਸਕਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਵਿਖੇ ਐਸ.ਡੀ.ਐਮ .ਸਾਹਿਬਾਨ ਅਤੇ ਹੋਰ ਅਧਿਕਾਰੀਆਂ ਨਾਲ ਰਾਜ ਸਰਕਾਰ ਦੀਆਂ ਭਲਾਈ ਯੋਜਨਾਵਾਂ ਅਤੇ ਕਾਰਜ਼ਾਂ ਸਬੰਧੀ ਰੀਵਿਊ ਕਰਨ ਵੇਲੇ ਕੀਤਾ।
ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਹਰੇਕ ਐਸ.ਡੀ.ਐਮਜ਼ ਸਬ ਡਵੀਜ਼ਨ ਪੱਧਰ ’ਤੇ ਵਿਭਾਗੀ ਅਧਿਕਾਰੀਆਂ ਨੂੰ ਹਫ਼ਤੇ ਦੇ ਹਰੇਕ ਬੁੱਧਵਾਰ ਤੈਅ ਸਮੇਂ ਅਨੁਸਾਰ ਹਾਜ਼ਰ ਰਹਿਣ ਲਈ ਹਦਾਇਤਾਂ ਜਾਰੀ ਕਰਨ। ਉਨਾਂ ਸਮੂਹ ਐਸ.ਡੀ.ਐਮਜ ਤੋਂ ਰਾਜ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਲਾਭ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ।
ਸ੍ਰੀ ਰਾਮਵੀਰ ਨੇ ਬਿਲਡਿੰਗ ਐਂਡ ਅਦਰ ਕੰਸਟਕਸ਼ਨ ਬੋਰਡ ਦੀ ਯੋਜਨਾ ਤਹਿਤ ਵੱਧ ਤੋਂ ਵੱਧ ਯੋਗ ਅਤੇ ਲੋੜਵੰਦਾਂ ਨੂੰ ਸਕੀਮ ਦੇ ਦਾਇਰੇ ’ਚ ਲਿਆਉਣ ਲਈ ਕਾਰਜ਼ ਅਮਲ ’ਚ ਲਿਆਉਣ ਦੇ ਆਦੇਸ਼ ਜਾਰੀ ਕੀਤੇ। ਉਨਾਂ ਕਿਹਾ ਕਿ ਹਰੇਕ ਸਬ ਡਵੀਜ਼ਨ ਪੱਧਰ ’ਤੇ ਸਰਕਾਰ ਦੀਆਂ ਫਲੈਗਸ਼ਿਪ ਸਕੀਮਾਂ ਨੂੰ ਹੋਰ ਬਿਹਤਰ ਢੰਗ ਨਾਲ ਪਹੁੰਚਾਉਣ ਲਈ ਆਪਣੇ ਪੱਧਰ ਤੇ ਰੀਵਿਊ ਕਰ ਲਿਆ ਜਾਵੇ।
ਇਸ ਮੌਕੇ ਐਸ.ਡੀ.ਐਮ. ਸੁਨਾਮ ਮਨਜੀਤ ਕੌਰ, ਐਸ.ਡੀ.ਅੇਮ. ਲਹਿਰਾਗਾਗਾ ਜੀਵਨਜੋਤ ਕੋਰ, ਐਸ.ਡੀ.ਐਮ. ਧੂਰੀ ਲਤੀਫ ਅਹਿਮਦ, ਐਸ.ਡੀ.ਐਮ ਦਿੜਬਾ ਸਿਮਰਜੀਤ ਕੌਰ, ਐਸ.ਡੀ.ਐਮ ਮਲੇਰਕੋਟਲਾ ਵਿਕਰਮ ਪਾਂਥੇ, ਐਸ.ਡੀ.ਐਮ ਭਵਾਨੀਗੜ ਡਾ. ਕਰਮਜੀਤ ਸਿੰਘ, ਡੀ.ਆਰ.ਓ ਗਗਨਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।