ਭਾਜਪਾ ਮੁਖੀ ਨੇ ਬਿਨਾਂ ਜ਼ਮੀਨੀ ਹਕੀਕਤ ਜਾਣੇ ਆਪਣੇ ਬਿਆਨ ਨਾਲ ਕਿਸਾਨਾਂ ਦੇ ਬਲੀਦਾਨ ਨੂੰ ਕੀਤਾ ਅਣਗੌਲਿਆ: ਕੈਬਨਿਟ ਮੰਤਰੀ ਸਿੰਗਲਾ
ਹਰਪ੍ਰੀਤ ਕੌਰ , ਸੰਗਰੂਰ, 23 ਅਕਤੂਬਰ:2020
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੀ ਵਿਧਾਨ ਸਭਾ ਵਿਚ ਕਾਂਗਰਸ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਪੱਖੀ ਬਿੱਲਾਂ ’ਤੇ ਪੰਜਾਬ ਨਾਲ ਸਬੰਧਤ ਭਾਜਪਾ ਲੀਡਰਾਂ ਵੱਲੋਂ ਧਾਰੀ ਚੁੱਪ ’ਤੇ ਨਿਸ਼ਾਨਾ ਸਾਧਦਿਆਂ ਉਨਾਂ ਨੂੰ ਇਨਾਂ ਬਿੱਲਾਂ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਵੰਗਾਰਿਆ। ਸ਼੍ਰੀ ਸਿੰਗਲਾ ਨੇ ਪੁੱਛਿਆ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪਾਸ ਕੀਤੇ ਇਨਾਂ ਬਿੱਲਾਂ ’ਤੇ ਪੰਜਾਬ ਦੀ ਭਾਜਪਾ ਯੂਨਿਟ ਦੇ ਲੀਡਰਾਂ ਨੇ ਚੁੱਪੀ ਕਿਉ ਧਾਰੀ ਹੋਈ ਹੈ? ਉਨਾਂ ਕਿਹਾ ਕਿ ਇਨਾਂ ਲੀਡਰਾਂ ਨੂੰ ਇਸੇ ਵੇਲੇ ਇਨਾਂ ਬਿੱਲਾਂ ’ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਇਨਾਂ ਬਿੱਲਾਂ ਦੀ ਹਮਾਇਤ ਕਰਦੇ ਹਨ ਜਾਂ ਵਿਰੋਧ ’ਚ ਖੜੇ ਹਨ ਤਾਂ ਜੋ ਪੰਜਾਬ ਦੇ ਲੋਕਾਂ ਸਾਹਮਣੇ ਉਨਾਂ ਦਾ ਅਸਲੀ ਚਿਹਰਾ ਨੰਗਾ ਹੋ ਸਕੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਸਿੰਗਲਾ ਨੇ ਸੰਗਰੂਰ ਦੀ ਅਨਾਜ ਮੰਡੀ ਦੇ ਦੌਰੇ ਦੌਰਾਨ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਨਵੇਂ ਬਿੱਲਾਂ ਦੇ ਪੱਖਾਂ ਦੀ ਜਾਣਕਾਰੀ ਦੇਣ ਮੌਕੇ ਕੀਤਾ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਦਿੱਤੇ ਕਿਸਾਨ ਵਿਰੋਧੀ ਬਿਆਨ ਦਾ ਵੀ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਨੱਢਾ ਦੇ ਬਿਆਨ ਤੋਂ ਇਹ ਸਾਫ਼ ਜਾਪਦਾ ਹੈ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਵਿਰੁੱਧ ਦਿਨ ਰਾਤ ਧਰਨਿਆਂ ’ਤੇ ਬੈਠੇ ਕਿਸਾਨਾਂ ਦੇ ਸੰਘਰਸ਼ ਨੂੰ ਮੁੱਢੋਂ ਹੀ ਅਣਗੌਲਿਆ ਕਰ ਰਹੇ ਹਨ। ਉਨਾਂ ਕਿਹਾ ਕਿ ਸੰਘਰਸ਼ੀਲ ਕਿਸਾਨਾਂ ਨੇ ਤਾਂ ਇਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ ਅਤੇ ਬੀ.ਜੇ.ਪੀ. ਦਾ ਕੌਮੀ ਪ੍ਰਧਾਨ ਬਿਨਾਂ ਜ਼ਮੀਨੀ ਹਕੀਕਤ ਜਾਣੇ ਇਨਾਂ ਨੂੰ ‘ਵਿਚੌਲੇ’ ਦੱਸ ਰਿਹਾ ਹੈ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਬਾਰੇ ਜਾਣਕਾਰੀ ਹੋਣਾ ਤਾਂ ਇੱਕ ਪਾਸੇ ਭਾਜਪਾ ਦੇ ਕੌਮੀ ਪੱਧਰ ਦੇ ਆਗੂਆਂ ਨੂੰ ਤਾਂ ਇੱਥੋਂ ਤੱਕ ਨਹੀਂ ਪਤਾ ਕਿ ਪੰਜਾਬ ਵਿੱਚ ਸਾਡੀ ਖੇਤੀਬਾੜੀ ਦਾ ਪਹੀਆ ਕਿਸ ਤਰਾਂ ਘੰੁਮਦਾ ਹੈ। ਉਨਾਂ ਕਿਹਾ ਕਿ ਹੁਣ ਤਾਂ ਪੰਜਾਬ ਭਾਜਪਾ ਦੇ ਲੀਡਰਾਂ ਲਈ ਆਪਣਾ ਸਟੈਂਡ ਸਪੱਸ਼ਟ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਕੀ ਉਹ ਵੀ ਆਪਣੇ ਆਕਾਵਾਂ ਵਾਂਗ ਆੜਤੀਆਂ ਨੂੰ ‘ਸ਼ਰਾਰਤੀ ਅਨਸਰ’ ਮੰਨਦੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਭਾਜਪਾ ਦੇ ਸੂਬਾਈ ਆਗੂ ਇਹ ਵੀ ਸਪੱਸ਼ਟ ਕਰਨ ਕਿ ਕੀ ਉਨਾਂ ਨੇ ਪੰਜਾਬ ਅਤੇ ਸਾਡੇ ਕਿਸਾਨਾਂ ਨਾਲ ਸਬੰਧਤ ਮੁੱਦਿਆਂ ’ਤੇ ਟਿੱਪਣੀਆਂ ਕਰਨ ਦਾ ਠੇਕਾ ਆਪਣੇ ਹਰਿਆਣੇ ਵਾਲੇ ਸਾਥੀਆਂ ਨੂੰ ਦੇ ਦਿੱਤਾ ਹੈ? ਉਨਾਂ ਕਿਹਾ ਕਿ ਹੁਣ ਤਾਂ ਪੰਜਾਬ ਭਾਜਪਾ ਦੇ ਆਗੂਆਂ ਨੂੰ ਆਪਣੀ ਆਰਾਮਗਾਹ ਵਿਚੋਂ ਨਿਕਣ ਕੇ ਬਾਹਰ ਆਉਣਾ ਹੀ ਪਵੇਗਾ ਅਤੇ ਧਰਨਿਆਂ ਵਾਲੀਆਂ ਥਾਂਵਾਂ ’ਤੇ ਆਪ ਪਹੁੰਚ ਕੇ ਪੰਜਾਬ ’ਚ ਚੱਲ ਰਹੇ ਸੰਘਰਸ਼ ਦੀ ਜ਼ਮੀਨੀ ਹਕੀਕਤ ਦੀ ਸਹੀ ਜਾਣਕਾਰੀ ਆਪਣੀ ਸਿਆਸੀ ਆਕਾਵਾਂ ਤੱਕ ਪੁੱਜਦੀ ਕਰਨੀ ਹੋਵੇਗੀ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਹਰਿਆਣਾ ਦੇ ਬੀ.ਜੇ.ਪੀ. ਲੀਡਰ ਪੰਜਾਬ ਨਾਲ ਸਬੰਧਤ ਮੁੱਦਿਆਂ ’ਤੇ ਤਾਂ ਰੱਟਿਆ-ਰੱਟਾਇਆ ਪਾਠ ਪੜ ਰਹੇ ਹਨ ਪਰ ਆਪਣੇ ਸੂਬੇ ’ਚ ਝੋਨੇ ਦੀ ਖਰੀਦ ਦੌਰਾਨ ਤਕਰੀਬਨ 20 ਫੀਸਦ ਪਾੜੇ ਬਾਰੇ ਵੀ ਸਥਿਤੀ ਸਪੱਸ਼ਟ ਕਰਨ ਮੌਕੇ ਚੁੱਪੀ ਕਿਉ ਸਾਧ ਲੈਂਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਐਫ਼.ਐਸ.ਸੀ. ਤਰਵਿੰਦਰ ਸਿੰਘ ਚੋਪੜਾ, ਚੇਅਰਮੈਨ ਮਾਰਕਿਟ ਕਮੇਟੀ ਅਨਿਲ ਕੁਮਾਰ ਘੀਚਾ, ਪੰਜਾਬ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਦੇ ਵਾਇਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਜ਼ਿਲਾ ਮੰਡੀ ਅਫ਼ਸਰ, ਆੜਤੀਏ, ਕਿਸਾਨ ਤੇ ਮਜ਼ਦੂਰ ਸ਼ਾਮਲ ਸਨ।