ਵਪਾਰ ,ਚ ਘਾਟੇ ਅਤੇ ਦੇਣਦਾਰੀਆਂ ਤੋਂ ਤੰਗ ਆਏ ਦਵਿੰਦਰ ਨੇ ਚੁੱਕਿਆ ਆਤਮਘਾਤੀ ਕਦਮ
ਅਸ਼ੋਕ ਵਰਮਾ ਬਠਿੰਡਾ, 23 ਅਕਤੂਬਰ 2020
ਬਠਿੰਡਾ ਦੀ ਗ੍ਰੀਨ ਸਿਟੀ ਕਲੋਨੀ ’ਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਸ਼ਹਿਰ ਦੇ ਨਾਮੀ ਵਪਾਰੀ ਦਵਿੰਦਰ ਗਰਗ ਵੱਲੋਂ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਗੋਲੀ ਮਾਰਨ ਪਿੱਛੋਂ ਖੁਦ ਵੀ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਯੂਥ ਕਾਂਗਰਸ ਦੇ ਲੀਡਰ ਮਨਜਿੰਦਰ ਸਿੰਘ ਧਾਲੀਵਾਲ ਵਾਸੀ ਰੋਮਾਣਾ ਅਜੀਤ ਸਿੰਘ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ । ਜਦੋਂਕਿ ਬਾਕੀ 5 ਮੁਲਜ਼ਮਾਂ ਜਿਹਨਾਂ ’ਚ ਬਠਿੰਡਾ ਦਾ ਇੱਕ ਹੋਰ ਕਾਂਗਰਸੀ ਆਗੂ (ਸੰਜੇ ਜਿੰਦਲ ਬਠਿੰਡਾ ਕਾਂਗਰਸ ਦਾ ਸਰਗਰਮ ਆਗੂ) ਸ਼ਾਮਲ ਹੈ, ਦੀ ਤਲਾਸ਼ ਜਾਰੀ ਹੈ।
ਥਾਣਾ ਕੈਂਟ ਪੁਲਿਸ ਨੇ ਵੀਰਵਾਰ ਨੂੰ 9 ਜਣਿਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਮਨਜਿੰਦਰ ਸਿੰਘ ਧਾਲੀਵਾਲ, ਰਾਜੂ ਕੋਹਿਨੂਰ, ਅਮਨ ਕੋਹਿਨੂਰ, ਬੱਬੂ ਕਾਲੜਾ, ਸੰਜੇ ਜਿੰਦਲ, ਪ੍ਰਵੀਨ ਬਾਂਸਲ, ਅਭਿਸ਼ੇਕ ਜੌਹਰੀ, ਅਸ਼ੋਕ ਕੁਮਾਰ ਵਾਸੀ ਬਠਿੰਡਾ ਅਤੇ ਮਨੀ ਬਾਂਸਲ ਨੂੰ ਜੁਰਮ 306 ipc ਤਹਿਤ ਨਾਮਜਦ ਕੀਤਾ ਸੀ।
ਪੁਲਿਸ ਨੇ ਮਾਮਲੇ ’ਚ ਨਾਮਜ਼ਦ ਵਿਅਕਤੀਆਂ ’ਚੋਂ ਮਨਜਿੰਦਰ ਸਿੰਘ ਧਾਲੀਵਾਲ , ਪ੍ਰਵੀਨ ਬਾਂਸਲ ਤੇ ਅਸ਼ੋਕ ਕੁਮਾਰ ਵਾਸੀ ਬਠਿੰਡਾ ਅਤੇ ਮਨੀ ਬਾਂਸਲ ਵਾਸੀ ਰਾਮਾਂ ਮੰਡੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਧਾਲੀਵਾਲ ਵਾਸੀ ਰੋਮਾਣਾ ਅਜੀਤ ਸਿੰਘ ਜੈਤੋ ਹਲਕੇ ਦਾ ਯੂਥ ਕਾਂਗਰਸ ਦਾ ਪ੍ਰਧਾਨ ਹੈ। ਪਤਾ ਲੱਗਿਆ ਹੈ ਕਿ ਉਹ ਖੁਦ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਓਐਸਡੀ ਦਾ ਨਜ਼ਦੀਕੀ ਦੱਸਦਾ ਹੈ ਜਦੋਂਕਿ ਫਰੀਦਕੋਟ ਹਲਕੇ ਦੇ ਵਿਧਾਇਕ ਨਾਲ ਵੀ ਉਸ ਦੀਆਂ ਨਜ਼ਦੀਕੀਆਂ ਦੱਸੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਮਾਮਲੇ ’ਚ ਨਾਮਜਦ ਮੁਲਜ਼ਮਾਂ ਚੋਂ ਸੰਜੇ ਜਿੰਦਲ ਬਠਿੰਡਾ ਕਾਂਗਰਸ ਦਾ ਸਰਗਰਮ ਆਗੂ ਹੈ।
ਮ੍ਰਿਤਕ ਦਵਿੰਦਰ ਗਰਗ ਦੇ ਭਰਾ ਅਸ਼ਵਨੀ ਗਰਗ ਵਾਸੀ ਪੰਚਵਟੀ ਨਗਰ ਬਠਿੰਡਾ ਨੇ ਥਾਣਾ ਕੈਂਟ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਹੈ ਕਿ ਉਸਦੇ ਭਰਾ ਦਵਿੰਦਰ ਗਰਗ ਨਾਲ ਪੈਸਿਆਂ ਦੇ ਲੈਣ-ਦੇਣ ਕਾਰਨ ਉਸਨੂੰ ਮਨਜਿੰਦਰ ਸਿੰਘ ਧਾਲੀਵਾਲ, ਰਾਜੂ ਕੋਹਨੂਰ, ਅਮਨ ਕੋਹਨੂਰ, ਬੱਬੂ ਕਾਲੜਾ, ਸੰਜੇ ਜਿੰਦਲ, ਪ੍ਰਵੀਨ ਬਾਂਸਲ, ਅਭਿਸ਼ੇਕ ਜੌਹਰੀ, ਅਸ਼ੋਕ ਕੁਮਾਰ ਵਾਸੀ ਬਠਿੰਡਾ ਤੇ ਮਨੀ ਬਾਂਸਲ ਨੇ ਕਥਿਤ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਹੋਇਆ ਸੀ । ਅਸ਼ਵਨੀ ਗਰਗ ਨੇ ਦੱਸਿਆ ਕਿ ਇਸੇ ਕਾਰਨ ਉਸਦਾ ਭਰਾ ਦਿਮਾਗੀ ਤੌਰ ’ਤੇ ਐਨਾਂ ਪ੍ਰੇਸ਼ਾਨ ਹੋ ਗਿਆ ਕਿ ਉਸਨੇ ਆਪਣੀ ਪਤਨੀ ਮੀਨਾ ਗਰਗ (38), ਪੁੱਤਰ ਆਰੂਸ਼ ਗਰਗ (14) ਤੇ ਧੀ ਮੁਸਕਾਨ ਗਰਗ (10) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ’ਚ ਖੁਦ ਵੀ ਖੁਦਕੁਸ਼ੀ ਕਰ ਲਈ।
ਐਫਆਈਆਰ ਮੁਤਾਬਕ ਦਵਿੰਦਰ ਗਰਗ ਦਾ ਰਾਜੂ ਕੋਹਿਨੂਰ ਉਰਫ ਜਾਦੂਗਰ ਨਾਲ ਕਾਰੋਬਾਰ ਸੀ ਅਤੇ ਕੁੱਝ ਹੋਰ ਲੋਕਾਂ ਦੇ ਹਿੱਸੇ ਵੀ ਸਨ। ਲਾਕਡਾਊਨ ਕਾਰਨ ਆਏ ਮੰਦੇ ਕਰਕੇ ਰਾਜੂ ਕੋਹਿਨੂਰ,ਉਸ ਦੇ ਭਰਾ ਬੱਬੂ ਕਾਲੜਾ ਅਤੇ ਪਤਨੀ ਅਮਨ ਕੋਹਿਨੂਰ ਨੇ ਕਾਰੋਬਾਰ ਚੋਂ ਆਪਣੇ ਪੈਸੇ ਕੱਢ ਲਏ ਅਤੇ ਦੇਣਦਾਰੀਆਂ ਦਵਿੰਦਰ ਗਰਗ ਸਿਰ ਪਾ ਦਿੱਤੀਆਂ ਜੋ ਉਹ ਨਿਬੇੜ ਵੀ ਰਿਹਾ ਸੀ।
ਐਫਆਈਆਰ ’ਚ ਦੱਸਿਆ ਹੈ ਕਿ ਕੁੱਝ ਲੋਕ ਕੰਪਨੀ ’ਚ ਲਾਏ ਪੈਸਿਆਂ ਲਈ ਦਵਿੰਦਰ ਕੋਲ ਤਕਾਜ਼ਾ ਕਰਦੇ ਰਹਿੰਦੇ ਸਨ ਜਿਸ ਨੂੰ ਲੈਕੇ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਮੇਰਾ ਭਰਾ ਮੈਨੂੰ ਅਤੇ ਪਿਤਾ ਨੂੰ ਦੱਸਦਾ ਹੋਣ ਕਰਕੇ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਸੀ। ਘਟਨਾ ਵਾਲੇ ਦਿਨ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਜੋ ਚੁੱਕਿਆ ਨਹੀਂ।
ਇਸ ਮੌਕੇ ਮਕਾਨ ਮਾਲਕ ਤੋਂ ਚਾਬੀ ਲੈਕੇ ਆਪਣੇ ਦੋਸਤ ਰਮੇਸ਼ ਗੋਇਲ ਨਾਲ ਦਰਵਾਜਾ ਖੋਹਲਿਆ ਤਾਂ ਭਰਾ ਦਵਿੰਦਰ ਗਰਗ, ਉਸਦੀ ਪਤਨੀ ਅਤੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਪਈਆਂ ਸਨ ਅਤੇ ਕੋਲ ਹੀ ਖੁਦਕਸ਼ੀ ਨੋਟ ਵੀ ਪਿਆ ਸੀ ਜਿਸ ’ਚ ਉਪਰੋਕਤ ਬੰਦਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਡੀਐਸਪੀ ਸਿਟੀ ਆਸ਼ਵੰਤ ਸਿੰਘ ਦਾ ਕਹਿਣਾ ਹੈ ਕਿ 4 ਮੁਲਜ਼ਮ ਗ੍ਰਿਫਤਾਰ ਕਰ ਲਏ ਹਨ ਜਦੋਂਕਿ ਬਾਕੀਆਂ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ।