ਸਕੂਲ ਵਿੱਚ ਕੋਵਿਡ ਮੌਨੀਟਰਾਂ ਦੀ ਕੀਤੀ ਨਿਯੁਕਤੀ
ਅਜੀਤ ਸਿੰਘ ਕਲਸੀ/ਰਘਵੀਰ ਹੈਪੀ ਬਰਨਾਲਾ,19 ਅਕਤੂਬਰ:2020
ਸੂਬਾ ਸਰਕਾਰ ਦੇ ਫੈਸਲੇ ਅਨੁਸਾਰ ਜ਼ਿਲ੍ਹੇ ਦੇ ਸਮੂਹ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪੜ੍ਹਾਈ ਮੁੜ ਸ਼ੁਰੂ ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਵਧਦੇ ਕਹਿਰ ਦੌਰਾਨ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦਿਆਂ ਸਰਕਾਰ ਵੱਲੋਂ ਬੀਤੇ ਮਾਰਚ ਮਹੀਨੇ ਸਮੂਹ ਸਕੂਲਾਂ ਦੀ ਤਾਲਾਬੰਦੀ ਦੇ ਹੁਕਮ ਕੀਤੇ ਗਏ ਸਨ। ਤਕਰੀਬਨ ਸੱਤ ਮਹੀਨਿਆਂ ਉਪਰੰਤ ਖੁੱਲ੍ਹੇ ਸਕੂਲਾਂ ’ਚ ਅਧਿਆਪਕਾਂ ਵੱਲੋਂ ਕੋਵਿਡ-19 ਤੋਂ ਬਚਾਅ ਬਾਰੇ ਸਾਵਧਾਨੀਆਂ ਅਤੇ ਉਨ੍ਹਾਂ ਦੀ ਪਾਲਣਾ ਲਈ ਪ੍ਰੇਰਿਤ ਕਰਦੇ ਫਲੈਕਸ਼ ਬੋਰਡ ਲਗਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪੋ-ਆਪਣੇ ਤਰੀਕੇ ਨਾਲ ਜੀ ਆਇਆਂ ਅਤੇ ਤੰਦਰੁਸਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਵਿਭਾਗੀ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਸਮੂਹ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨੌਵੀਂ ਤੋਂ ਬਾਰਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਨੂੰ ਮਾਪਿਆਂ ਦੀ ਲਿਖਤੀ ਸਹਿਮਤੀ ਉਪਰੰਤ ਸਕੂਲ ਆਉਣ ਦੀ ਇਜ਼ਾਜਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੁਖਾਰ, ਖੰਘ ਜਾਂ ਜੁਕਾਮ ਆਦਿ ਤੋਂ ਪੀੜਿਤ ਵਿਦਿਆਰਥੀਆਂ ਨੂੰ ਸਕੂਲ਼ ਆਉਣ ਦੀ ਇਜ਼ਾਜਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਉਹਨਾਂ ਦੀ ਪਹਿਲੀ ਤਰਜ਼ੀਹ ਹੈ।ਵਿਭਾਗ ਵੱਲੋਂ ਜਾਰੀ ਐਸ.ਓ.ਪੀਜ਼ (ਸਟੈਂਡਰਡ ਓਪਰੇਟਿੰਗ ਪ੍ਰੋਸੀਜਰ) ਬਾਰੇ ਸਮੂਹ ਸਕੂਲ ਮੁਖੀਆਂ,ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਗਾਊਂ ਹੀ ਜਾਣੂ ਕਰਵਾ ਦਿੱਤਾ ਗਿਆ ਹੈ। ਇਨ੍ਹਾਂ ਹਦਾਇਤਾਂ ਦੀ ਪਾਲਣਾ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਸਕੂਲ ਮੁਖੀਆਂ ਵੱਲੋਂ ਜਿੱਥੇ ਐਸ.ਓ.ਪੀਜ਼ ਅਨੁਸਾਰ ਸਕੂਲ ਇਮਾਰਤਾਂ ਨੂੰ ਤਿਆਰ ਕੀਤਾ ਗਿਆ ਹੈ, ਉੱਥੇ ਹੀ ਹਰ ਸਕੂਲ ਵਿੱਚ ਕੋਵਿਡ ਮੌਨੀਟਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਲਈ ਸਕੂਲ਼ ਆਉਣਾ ਲਾਜ਼ਮੀ ਨਹੀਂ ਹੈ। ਅਧਿਆਪਕਾਂ ਵੱਲੋਂ ਆਨਲਾਈਨ ਤਰੀਕੇ ਨਾਲ ਕਰਵਾਈ ਜਾ ਰਹੀ ਪੜ੍ਹਾਈ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗੀ। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਦੇ ਪ੍ਰਿੰਸੀਪਲ ਸ੍ਰੀਮਤੀ ਵਿਨਸੀ ਜਿੰਦਲ ਨੇ ਦੱਸਿਆ ਕਿ ਹਦਾਇਤਾਂ ਦੀ ਪਾਲਣਾ ਅਧੀਨ ਵਿਦਿਆਰਥਣਾਂ ਨੂੰ ਸ਼ਿਫਟਾਂ ਵਿੱਚ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਆਉਣ ਵਾਲੀਆਂ ਸਾਰੀਆਂ ਹੀ ਵਿਦਿਆਰਥਣਾਂ ਵੱਲੋਂ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਸਮੇਤ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ।
ਵਿਭਾਗ ਦੇ ਜ਼ਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਬੱਚਿਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਸੰਬੰਧੀ ਸਾਵਧਾਨੀਆਂ ਅਤੇ ਹਦਾਇਤਾਂ ਦੇ ਪਾਲਣ ਲਈ ਜ਼ਰੂਰ ਪ੍ਰੇਰਿਤ ਕਰਨ।