ਕੇਸ ਦਰਜ਼ , ਦੋਸ਼ੀਆਂ ਦੀ ਤਲਾਸ਼ ‘ਚ ਲੱਗੀ ਪੁਲਿਸ
ਹਰਿੰਦਰ ਨਿੱਕਾ ਬਰਨਾਲਾ 20 ਅਕਤੂਬਰ 2020
ਬਰਨਾਲਾ-ਸੰਗਰੂਰ ਮੁੱਖ ਸੜ੍ਹਕ ਮਾਰਗ ਤੇ ਪੈਂਦੇ ਰਾਜਗੜ੍ਹ ਕੱਟ ਨੇੜੇ 4 ਝਪਟਮਾਰ 2 ਰਾਹਗੀਰਾਂ ਤੋਂ 1 ਲੱਖ 80 ਹਜਾਰ ਰੁਪਏ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਵਿਜੈ ਕੁਮਾਰ ਪੁੱਤਰ ਬਦਰੀ ਨਾਥ ਵਾਸੀ ਪ੍ਰੇਮ ਨਗਰ, ਨੇੜੇ ਸੇਵੀਆ ਵਾਲੀ ਗਲੀ, ਰਾਜਪੁਰਾ ਨੇ ਦੱਸਿਆ ਕਿ ਉਹ ਫਰੂਟ ਹੋਲਸੇਲ ਦਾ ਕੰਮ ਕਰਦਾ ਹੈ। ਕੁਝ ਸਮੇਂ ਤੋਂ ਨਵਾਂ ਮਕਾਨ ਬਣਾ ਰਿਹਾ ਹੈ। ਉਹ ਆਪਣੇ ਦੋਸਤ ਸੰਦੀਪ ਨੂੰ ਨਾਲ ਲੈ ਕੇ ਬਠਿੰਡਾ ਵਾਸੀ ਆਪਣੇ ਰਿਸ਼ਤੇਦਾਰ ਹੈਪੀ ਸਿੰਘ ਤੋਂ 1 ਲੱਖ 80 ਹਜ਼ਾਰ ਰੁਪਏ ਉਧਾਰ ਲੈ ਕੇ ਵਾਇਆ ਹੰਡਿਆਇਆ-ਧਨੌਲਾ ਰਾਸਤੇ ਵਾਪਿਸ ਮੁੜ ਰਿਹਾ ਸੀ। ਪਰੰਤੂ ਅਚਾਣਕ ਹੀ ਰਾਜਗੜ੍ਹ ਕੱਟ ਕਰਾਸ ਕਰਕੇ, ਉਨ੍ਹਾਂ ਦਾ ਮੋਟਰ ਸਾਈਕਲ ਖਰਾਬ ਹੋ ਗਿਆ । ਅਸੀਂ ਖਰਾਬ ਮੋਟਰ ਸਾਈਕਲ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਅਚਾਣਕ ਹੀ ਇੱਕ ਮੋਟਰ ਸਾਈਕਲ ਤੇ ਸਵਾਰ 4 ਅਣਪਛਾਤੇ ਨੌਜਵਾਨ ,ਜਿੰਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸੀ, ਉੱਥੇ ਰੁਕੇ ਅਤੇ 1 ਲੱਖ 80 ਹਜਾਰ ਰੁਪਏ ਦੀ ਨਗਦੀ ਵਾਲਾ ਬੈਗ ਅਤੇ ਰੈਡਮੀ ਦਾ ਫੋਨ ਖੋਹ ਕੇ ਭੱਜ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਵਿਜੈ ਕੁਮਾਰ ਦੀ ਸਕਾਇਤ ਤੇ 4 ਅਣਪਛਾਤੇ ਝੱਪਟਮਾਰਾਂ ਖਿਲਾਫ ਕੇਸ ਦਰਜ਼ ਕਰਕੇ, ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦ ਉਨਾਂ ਦੀ ਸ਼ਨਾਖਤ ਕਰਕੇ, ਗਿਰਫਤਾਰ ਕਰ ਲਿਆ ਜਾਵੇਗਾ।